16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਖੈਰ ਤੇ ਹੋਰ ਦਰਖੱਤਾਂ ਲਈ ਆਫ਼ਤ ਬਣ ਕੇ ਆਉਂਦੈ ਸਰਕਾਰੀ ਛੁੱਟੀ ਵਾਲਾ ਦਿਨ

ਅਜੀਤ ਡੈਸਕ 24-06-2026

ਬੀਣੇਵਾਲ, 23 ਜੂਨ (ਬੈਜ ਚੌਧਰੀ)-ਬੀਤ ਇਲਾਕੇ ਦੇ ਜੰਗਲਾਂ ਵਿਚ ਖੜ੍ਹੇ ਖੈਰ, ਟਾਹਲੀ ਤੇ ਹੋਰ ਦਰੱਖਤਾਂ ਲਈ ਐਤਵਾਰ, ਸਨਿਚਰਵਾਰ ਤੇ ਸਰਕਾਰੀ ਛੁੱਟੀ ਵਾਲਾ ਹਰ ਦਿਨ ਆਫ਼ਤ ਬਣ ਕੇ ਆਉਂਦਾ ਹੈ, ਕਿਉਂਕਿ ਇਨ੍ਹਾਂ ਦਿਨਾਂ ‘ਚ ਕਰਮਚਾਰੀ/ਅਧਿਕਾਰੀ ਛੁੱਟੀ ‘ਤੇ ਹੰਦੇ ਹਨ। ਬੇਸ਼ੱਕ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਪੰਜਾਬ ਵਿਚ ਦਰੱਖਤਾਂ ਨੂੰ ਕੱਟਣ ਤੇ ਪੂਰਨ ਪਾਬੰਦੀ ਲਗਾਈ ਹੋਈ ਹੈ, ਪਰ ਬੀਤ ਇਲਾਕੇ ਵਿਚ ਲਗਾਤਾਰ ਦਰੱਖਤਾਂ ਦੀ ਅੰਨੇਵਾਹ ਨਾਜਾਇਜ਼ ਕਟਾਈ ਕਰਨ ਵਾਲਿਆਂ ਦੇ ਹੌਸਲੇ ਬੁਲੰਦ ਹਨ। ਲੱਗਦਾ ਅਦਾਲਤ ਦਾ ਹੁਕਮ ਵੀ ਇਨ੍ਹਾਂ ਖੈਰ ਦੇ ਦਰੱਖਤ ਤਸਕਰਾਂ ‘ਤੇ ਲਾਗੂ ਨਹੀ ਹੁੰਦਾ। ਜਾਣਕਾਰੀ ਮੁਤਾਬਿਕ ਬੀਤ ਇਲਾਕੇ ‘ਚ ਵੱਡਾ ਵਣ ਮਾਫ਼ੀਆ ਸਰਗਰਮ ਹੈ। ਇਸ ਮਾਫ਼ੀਆ ਨੂੰ ਬੀਤ ਇਲਾਕੇ ਦੇ ਹੀ ਕਰੀਬ ਇਕ ਦਰਜਨ ਤੋਂ ਵੱਧ ਵੱਖ-ਵੱਖ ਪਿੰਡਾ ਦੇ ਤਸਕਰ ਵਣ ਵਿਭਾਗ ਤੇ ਰਾਜਨੀਤਿਕ ਲੋਕਾਂ ਦੀ ਸ਼ਹਿ ਸਦਕਾ ਚਲਾ ਰਹੇ ਹਨ। ਜਾਣਕਾਰੀ ਮੁਤਾਬਿਕ ਪਿੰਡ ਸੇਖੋਵਾਲ, ਹਰਮਾਂ, ਨੈਣਵਾਂ ਸਣੇ ਬੀਤ ਇਲਾਕੇ ਦੇ ਅੱਧਾ ਦਰਜਨ ਪਿੰਡਾਂ ਦੇ ਅਜਿਹੇ ਜੰਗਲ ਹਨ, ਜਿੱਥੇ ਸਾਰਾ ਸਾਲ ਹੀ ਦਰੱਖਤਾਂ ਦੀ ਕਟਾਈ ਬਿਨਾਂ ਰੋਕ ਟੋਕ ਚੱਲਦੀ ਰਹਿੰਦੀ ਹੈ ਅਤੇ ਹਰ ਰੋਜ਼ ਲੱਕੜ ਮੰਡੀ ਬਲਾਚੌਰ ਨੂੰ ਕਰੀਬ ਇਕ ਦਰਜਨ ਤੋਂ ਵਧ ਮਹਿੰਦਰਾ ਜੀਪਾਂ ਤੇ ਹੋਰ ਵਾਹਨਾਂ ਰਾਹੀਂ ਲੱਕੜ ਭੇਜੀ ਜਾ ਰਹੀ ਹੈ। ਵਣ ਮਾਫ਼ੀਆ ਨਾਲ ਸੰਬੰਧਿਤ ਲੋਕ ਬਹੁਤ ਹੀ ਯੋਜਨਾ ਬੱਧ ਤਰੀਕੇ ਨਾਲ ਕੱਟੀ ਲੱਕੜ ਨੂੰ ਰਾਤ ਵੇਲੇ ਗੱਡੀਆਂ ਵਿਚ ਲੋਡ ਕਰਕੇ ਗੱਡੀ ਟਿਕਾਣੇ ‘ਤੇ ਖੜ੍ਹੀ ਕਰ ਲੈਂਦੇ ਹਨ ਤੇ ਸਵੇਰੇ ਤੜਕੇ ਚਾਰ ਵਜੇ ਤੋਂ ਪਹਿਲਾਂ ਹੀ ਲੱਕੜ ਨਾਲ ਲੱਦੀਆਂ ਗੱਡੀਆਂ ਨੂੰ ਥਾਣਾ ਪੋਜੇਵਾਲ ਵਿਚ ਪੈਂਦੇ ਹਾਈਟੈੱਕ ਨਾਕਾ ਸਿੰਘ ਪੁਰ ਤੋਂ ਹੋ ਕੇ ਬਲਾਚੌਰ ਲੱਕੜ ਮੰਡੀ ਵਿਚ ਲੈ ਜਾਂਦੇ ਹਨ। ਇਨ੍ਹਾਂ ਦਰੱਖਤਾਂ ਤੋ ਇਲਾਵਾ ਖੈਰ ਦੀ ਤਸਕਰੀ ਤਾਂ ਸਾਰੇ ਰਿਕਾਰਡ ਤੋੜ ਰਹੀ ਹੈ। ਇਹ ਸਾਰੇ ਛੋਟੇ ਮੋਟੇ ਖੈਰ ਤਸਕਰ (ਖੈਰ ਚੋਰ) ਜੰਗਲਾਂ ਵਿਚੋਂ ਨਾਜਾਇਜ਼ ਤੌਰ ’ਤੇ ਕੱਟੀ ਖੈਰ ਦੀ ਲੱਕੜ ਨੂੰ ਸਸਤੇ ਭਾਅ ਖ਼ਰੀਦ ਕੇ ਅੱਗੇ ਵੱਡੇ ਖੈਰ ਤਸਕਰਾਂ ਨੂੰ ਵੇਚ ਦਿੰਦੇ ਹਨ ਜੋ ਕਿ ਅੱਗੇ ਫ਼ੈਕਟਰੀਆਂ ਨੂੰ ਬਹੁਤ ਮਹਿੰਗੇ ਭਾਅ ਸਪਲਾਈ ਕਰਦੇ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਖੈਰ ਤਸਕਰਾਂ ਵਿਰੁੱਧ ਵਣ ਵਿਭਾਗ ਕੋਈ ਪੁਖ਼ਤਾ ਕਾਰਵਾਈ ਨਹੀਂ ਕਰਦਾ। ਜੇਕਰ ਕੋਈ ਮਾਮਲਾ ਹਾਈ ਲਾਈਟ ਵੀ ਹੋ ਜਾਵੇ ਤਾਂ ਥੋੜਾ ਬਹੁਤ ਜੁਰਮਾਨਾ ਕਰ ਕੇ ਮਾਮਲੇ ਨੂੰ ਰਫਾ-ਦਫ਼ਾ ਕਰ ਦਿੱਤਾ ਜਾਂਦਾ ਹੈ। ਵਾਤਾਵਰਨ ਪ੍ਰੇਮੀ ਸਾਬਕਾ ਸਰਪੰਚ ਕੁਲਭੂਸ਼ਨ ਕੁਮਾਰ ਮੈਹਿੰਦਵਾਣੀ, ਸਾਬਕਾ ਸਰਪੰਚ ਦਵਿੰਦਰ ਰਾਣਾ, ਜੱਟ ਮਹਾਂ ਸਭਾ ਦੇ ਸੂਬਾ ਜਨਰਲ ਸਕੱਤਰ ਇੰਚਾਰਜ ਅਜੈਬ ਸਿੰਘ ਬੋਪਾਰਾਏ ਨੇ ਖੈਰ ਤਸਕਰਾਂ ਵਿਰੁੱਧ ਠੋਸ ਨੀਤੀ ਬਣਾਉਣ ਅਤੇ ਖੈਰ ਤਸਕਰੀ ਨੂੰ ਰੋਕਣ ਦੀ ਮੰਗ ਕੀਤੀ ਹੈ।

ਪਿਛਲੀ ਖ਼ਬਰ ਸੈਪਟਿਕ ਟੈਂਕ ਹਾਦਸੇ ’ਤੇ ਰਾਸ਼ਟਰੀ ਸਫ਼ਾਈ ਕਰਮਚਾਰੀ ਕਮਿਸ਼ਨਰ ਸਖ਼ਤ ਅਗਲੀ ਖ਼ਬਰ ਕਾਂਗਰਸੀ ਆਗੂ ਸੂਰਜ ਕੁਮਾਰ ਐਸ.ਸੀ. ਵਿੰਗ ਦੇ ਸੂਬਾ ਸਕੱਤਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।