09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਕਰੋੜਾਂ ਦੇ ਵਿਕਾਸ ਦਾਅਵਿਆਂ ਵਿਚਕਾਰ ਮੂਨਕਾਂ ਫਾਟਕ ਤੋਂ ਗੁਰਦੁਆਰਾ ਟਾਹਲੀ ਸਾਹਿਬ ਲਿੰਕ ਸੜਕ ਅਧੂਰੀ <br/>

ਅਜੀਤ ਡੈਸਕ 16-06-2026
ਟਾਂਡਾ ਉੜਮੁੜ, 15 ਜੂਨ (ਭਗਵਾਨ ਸਿੰਘ ਸੈਣੀ)-ਸਰਕਾਰ ਵਲੋਂ ਹਲਕਾ ਟਾਂਡਾ 'ਚ ਕਰੋੜਾਂ ਰੁਪਏ ਦੀ ਲਾਗਤ ਨਾਲ ਸੜਕਾਂ ਦੇ ਨਿਰਮਾਣ ਤੇ ਮੁਰੰਮਤ ਕਾਰਜਾਂ ਦੇ ਉਦਘਾਟਨ ਕੀਤੇ ਜਾ ਰਹੇ ਹਨ, ਪਰ ਦੂਜੇ ਪਾਸੇ ਕਈ ਪ੍ਰਾਜੈਕਟ ਅਜੇ ਵੀ ਅਧੂਰੇ ਪਏ ਹੋਏ ਹਨ | ਅਜਿਹਾ ਹੀ ਇਕ ਮਾਮਲਾ ਮੂਨਕਾਂ ਫਾਟਕ ਤੋਂ ਇਤਿਹਾਸਕ ਗੁਰਦੁਆਰਾ ਟਾਹਲੀ ਸਾਹਿਬ ਨੂੰ ਜਾਂਦੀ ਲਿੰਕ ਸੜਕ ਦਾ ਸਾਹਮਣੇ ਆਇਆ ਹੈ, ਜਿਸ ਦੀ ਮੁਰੰਮਤ ਦਾ ਉਦਘਾਟਨ ਹਲਕਾ ਵਿਧਾਇਕ ਟਾਂਡਾ ਵਲੋਂ ਅਕਤੂਬਰ 2025 ਨੂੰ ਕੀਤਾ ਗਿਆ ਸੀ, ਪਰ ਕਰੀਬ ਦਸ ਮਹੀਨੇ ਬੀਤ ਜਾਣ ਦੇ ਬਾਵਜੂਦ ਇਹ ਸੜਕ ਅੱਜ ਤੱਕ ਮੁਕੰਮਲ ਨਹੀਂ ਹੋ ਸਕੀ | ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਸ ਸੜਕ 'ਤੇ ਕਈ ਮਹੀਨਿਆਂ ਤੋਂ ਸੜਕ 'ਤੇ ਪੱਥਰ ਪਾਏ ਹੋਏ ਹਨ, ਜਿਸ ਕਾਰਨ ਰੋਜ਼ਾਨਾ ਆਵਾਜਾਈ ਕਰਨ ਵਾਲੇ ਲੋਕਾਂ ਤੇ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਣ ਵਾਲੀਆਂ ਸੰਗਤਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਵਰਨਣਯੋਗ ਹੈ ਕਿ ਗੁਰਦੁਆਰਾ ਟਾਹਲੀ ਸਾਹਿਬ ਇਲਾਕੇ ਦਾ ਪ੍ਰਸਿੱਧ ਧਾਰਮਿਕ ਅਸਥਾਨ ਹੈ, ਜਿਥੇ ਹਰ ਰੋਜ਼ ਵੱਡੀ ਗਿਣਤੀ ਵਿਚ ਸੰਗਤਾਂ ਦਰਸ਼ਨ ਕਰਨ ਲਈ ਪਹੁੰਚਦੀਆਂ ਹਨ | ਇਸ ਦੇ ਬਾਵਜੂਦ ਸੜਕ ਦੀ ਮੰਦਗਤੀ ਨਾਲ ਚੱਲ ਰਹੀ ਉਸਾਰੀ ਲੋਕਾਂ 'ਚ ਚਰਚਾ ਤੇ ਨਾਰਾਜ਼ਗੀ ਦਾ ਵਿਸ਼ਾ ਬਣੀ ਹੋਈ ਹੈ | ਇਲਾਕੇ ਨਿਵਾਸੀਆਂ, ਸਮਾਜ ਸੇਵੀ ਸੰਸਥਾਵਾਂ ਤੇ ਧਾਰਮਿਕ ਜਥੇਬੰਦੀਆਂ ਨੇ ਪੰਜਾਬ ਸਰਕਾਰ ਤੇ ਸੰਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਦਾ ਨਿਰਮਾਣ ਕਾਰਜ ਤੁਰੰਤ ਮੁਕੰਮਲ ਕਰਵਾਇਆ ਜਾਵੇ | ਉਨ੍ਹਾਂ ਕਿਹਾ ਕਿ 30 ਜੂਨ ਨੂੰ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਵਿਸ਼ਾਲ ਧਾਰਮਿਕ ਸਮਾਗਮ ਹੋ ਰਿਹਾ ਹੈ, ਜਿਸ 'ਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਦੇ ਪਹੁੰਚਣ ਦੀ ਸੰਭਾਵਨਾ ਹੈ | ਜੇਕਰ ਇਸ ਤੋਂ ਪਹਿਲਾਂ ਸੜਕ ਦੀ ਹਾਲਤ ਨਾ ਸੁਧਾਰੀ ਗਈ ਤਾਂ ਸੰਗਤਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਧਾਰਮਿਕ ਭਾਵਨਾਵਾਂ ਅਤੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਇਸ ਸੜਕ ਦਾ ਕੰਮ ਜਲਦ ਪੂਰਾ ਕੀਤਾ ਜਾਵੇ |

ਪਿਛਲੀ ਖ਼ਬਰ ਗੁਰਦੁਆਰਾ ਬਾਬਾ ਗੰਗ ਦਾਸ ਘਾਗੋਂ ਗੁਰੂ ਦੇ ਜੋੜ ਮੇਲੇ 'ਚ ਸੰਗਤਾਂ ਦਾ ਉਮੜਿਆ ਸੈਲਾਬ <br/> ਅਗਲੀ ਖ਼ਬਰ ਸਿਵਲ ਹਸਪਤਾਲ ਦਸੂਹਾ ਵਿਖੇ ਵਰਲਡ ਬਲੱਡ ਡੋਨਰ ਡੇ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।