29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਬੰਦ ਪਏ ਗੜ੍ਹੀ ਮਾਨਸੋਵਾਲ ਦੇ ਸਿੰਚਾਈ ਟਿਊਬਵੈੱਲ ਕਾਰਨ 102 ਏਕੜ ਜ਼ਮੀਨ ਹੋਈ ਬੰਜਰ

ਅਜੀਤ ਡੈਸਕ 05-04-2026
ਬੀਣੇਵਾਲ, 4 ਅਪ੍ਰੈਲ (ਬੈਜ ਚੌਧਰੀ)-ਸਾਲ 2008 'ਚ ਬੀਤ ਇਲਾਕੇ ਦੇ ਪਿੰਡ ਗੜ੍ਹੀ ਮਾਨਸੋਵਾਲ 'ਚ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਲਿਮਟਿਡ ਵਲੋਂ ਕਰੀਬ 80 ਲੱਖ ਰੁਪਏ ਦੀ ਲਾਗਤ ਨਾਲ ਲਗਾਇਆ ਗਿਆ ਡੂੰਘਾ ਟਿਊਬਵੈੱਲ ਪਿਛਲੇ ਕਰੀਬ ਅਠ ਸਾਲਾਂ ਤੋਂ ਖ਼ਰਾਬ ਪਿਆ ਹੈ, ਜਿਸ ਕਰਕੇ ਟਿਊਬਵੈੱਲ ਦੇ ਕੈਚਮੈਂਟ ਏਰੀਏ ਵਿਚ ਪੈਂਦੀ ਕਿਸਾਨਾਂ ਦੀ ਕਰੀਬ 102 ਏਕੜ ਉਪਜਾਊ ਜ਼ਮੀਨ ਬੰਜਰ ਹੋ ਗਈ ਹੈ | ਜਾਣਕਾਰੀ ਮੁਤਾਬਿਕ ਇਹ ਟਿਊਬਵੈੱਲ ਦਸੰਬਰ 2008 ਵਿਚ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਲੱਗਾ ਸੀ, ਜੋ ਸਾਲ 2017 'ਚ ਖ਼ਰਾਬ ਹੋ ਗਿਆ ਸੀ ਅਤੇ ਇਹ ਟਿਊਬਵੈੱਲ ਚਲਾ ਰਹੀ ਕਮੇਟੀ ਵਲੋਂ ਕਿਸਾਨਾਂ ਤੋਂ ਪੈਸੇ ਇਕੱਤਰ ਕਰਕੇ ਟਿਊਬਵੈੱਲ ਨੂੰ 3-4 ਵਾਰ ਠੀਕ ਵੀ ਕਰਵਾਇਆ ਗਿਆ, ਪਰ ਹਰ ਵਾਰ ਕੁੱਝ ਦਿਨ ਸਿੰਚਾਈ ਕਰਨ ਤੋਂ ਬਾਅਦ ਫਿਰ ਟਿਊਬਵੈੱਲ ਖ਼ਰਾਬ ਹੋ ਜਾਂਦਾ | ਹੁਣ ਇਹ ਟਿਊਬਵੈੱਲ ਪਿਛਲੇ 8 ਸਾਲਾਂ ਤੋਂ ਪੂਰੀ ਤਰਾਂ ਬੰਦ ਪਿਆ ਹੈ | ਟਿਊਬਵੈੱਲ ਦੀ ਮੋਟਰ, ਸਟਾਰਟਰ, ਕੇਬਲ ਸਮੇਤ ਸਾਰਾ ਸਿਸਟਮ ਖ਼ਰਾਬ ਹੋ ਚੁੱਕਾ ਹੈ, ਜਿਸ ਦੀ ਪੁਸ਼ਟੀ ਨਿਗਮ ਦੇ ਉਪ ਮੰਡਲ ਇੰਜੀਨੀਅਰ ਰਮਨਪ੍ਰੀਤ ਸਿੰਘ ਨੇ ਵੀ ਕੀਤੀ ਹੈ | ਐੱਸ.ਡੀ.ਈ. ਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਜਦ ਵਾਰ-ਵਾਰ ਟਿਊਬਵੈੱਲ ਖ਼ਰਾਬ ਹੋਣ ਲੱਗਾ ਤਾਂ ਵਿਭਾਗ ਨੇ ਤਿੰਨ ਚਾਰ ਵਾਰੀ ਇਹ ਟਿਊਬਵੈੱਲ ਠੀਕ ਕਰਵਾਇਆ ਪਰ ਫਿਰ ਵੀ ਠੀਕ ਨਾ ਹੋਇਆ | ਉਨ੍ਹਾਂ ਦੱਸਿਆ ਕਿ ਮੁਹਾਲੀ ਤੋਂ ਇੰਜੀਨੀਅਰਾਂ ਦੀ ਟੀਮ ਬੁਲਾ ਕੇ ਬੋਰ 'ਚ ਕੈਮਰੇ ਪਾ ਕੇ ਚੈੱਕ ਵੀ ਕੀਤਾ ਗਿਆ ਤਾਂ ਚੈੱਕ ਕਰਨ ਵਾਲੀ ਟੀਮ ਮੁਤਾਬਿਕ ਟਿਊਬਵੈੱਲ ਦਾ ਬੋਰ ਬੈਠ ਚੁੱਕਾ ਹੈ | ਐੱਸ.ਡੀ.ਈ. ਮੁਤਾਬਿਕ ਇੱਥੇ ਨਵਾਂ ਟਿਊਬਵੈੱਲ ਲਗਾ ਕੇ ਹੀ ਸਿੰਚਾਈ ਹੋ ਸਕਦੀ ਹੈ ਅਤੇ ਇਸ ਸਬੰਧੀ ਵਿਭਾਗ ਨੂੰ ਪ੍ਰਪੋਜਲ ਵੀ ਨਵੇਂ ਟਿਊਬਵੈੱਲ ਦੀ ਭੇਜੀ ਜਾ ਚੁੱਕੀ ਹੈ | ਦੂਸਰੇ ਪਾਸੇ ਟਿਊਬਵੈੱਲ ਚਲਾਉਣ ਵਾਲੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੇਵ ਸਿੰਘ ਮਾਨਸੋਵਾਲ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਵਿਭਾਗੀ ਕਰਮਚਾਰੀਆਂ/ਅਧਿਕਾਰੀਆਂ ਨੂੰ ਇਸ ਵਾਰੇ ਬੇਨਤੀਆਂ ਲਿਖਤੀ ਤੇ ਜ਼ੁਬਾਨੀ ਕਰ ਚੁੱਕੇ ਹਨ, ਪਰ ਕੋਈ ਹੱਲ ਨਹੀਂ ਹੋਇਆ | ਕਿਸਾਨਾਂ ਦੀ ਮੰਗ ਹੈ ਕਿ ਇਸ ਟਿਊਬਵੈੱਲ ਨੂੰ ਠੀਕ ਕਰਵਾਇਆ ਜਾਵੇ ਜਾਂ ਨਵਾਂ ਲਗਵਾਇਆ ਜਾਵੇ |
ਪਿਛਲੀ ਖ਼ਬਰ ਪ੍ਰੀਤ ਨਗਰ ਸਕੂਲ ਦਾ ਸਾਲਾਨਾ ਸਮਾਰੋਹ ਅਗਲੀ ਖ਼ਬਰ ਮੁੱਖ ਅਧਿਆਪਕ ਮਨੋਜ ਕੈਨੇਡੀ ਦਾ ਸੇਵਾ ਮੁਕਤੀ ਮੌਕੇ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।