29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਹੁਸ਼ਿਆਰਪੁਰ ਮੰਡੀ 'ਚ ਬਦਇੰਤਜ਼ਾਮੀ ਸਰਕਾਰ ਦੀ ਨਾਕਾਮੀ ਦਾ ਪ੍ਰਤੱਖ ਸਬੂਤ- ਤਲਵਾੜ

ਅਜੀਤ ਡੈਸਕ 05-04-2026
ਹੁਸ਼ਿਆਰਪੁਰ, 4 ਅਪ੍ਰੈਲ (ਹਰਪ੍ਰੀਤ ਕੌਰ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਹੁਸ਼ਿਆਰਪੁਰ ਦੇ ਇੰਚਾਰਜ ਸੰਜੀਵ ਤਲਵਾੜ ਤੇ ਹੋਰ ਵਰਕਰਾਂ ਵਲੋਂ ਹੁਸ਼ਿਆਰਪੁਰ ਦੀ ਮੁੱਖ ਦਾਣਾ ਮੰਡੀ ਦਾ ਵਿਸ਼ੇਸ਼ ਦੌਰਾ ਕੀਤਾ ਗਿਆ | ਮੰਡੀ ਦੀ ਖਸਤਾ ਹਾਲਤ ਅਤੇ ਪ੍ਰਬੰਧਾਂ ਦੀ ਘਾਟ ਨੂੰ ਦੇਖਦਿਆਂ ਤਲਵਾੜ ਨੇ ਕਿਹਾ ਕਿ ਸਰਕਾਰੀ ਆਦੇਸ਼ਾਂ ਮੁਤਾਬਕ 1 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਹੋਣੀ ਤੈਅ ਹੈ, ਪਰ ਜ਼ਮੀਨੀ ਹਕੀਕਤ ਬੇਹੱਦ ਚਿੰਤਾਜਨਕ ਹੈ | ਉਨ੍ਹਾਂ ਕਿਹਾ ਕਿ ਮੰਡੀ ਦੀਆਂ ਸੜਕਾਂ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਹਨ | ਖਰੀਦ ਤਾਂ ਦੂਰ ਦੀ ਗੱਲ, ਕਿਸਾਨਾਂ ਲਈ ਆਪਣੀ ਫ਼ਸਲ ਦੀਆਂ ਟਰਾਲੀਆਂ ਮੰਡੀ ਦੇ ਅੰਦਰ ਲਿਆਉਣਾ ਹੀ ਅਸੰਭਵ ਹੋ ਰਿਹਾ ਹੈ | ਮੰਡੀ ਵਿੱਚ ਚਾਰੇ ਪਾਸੇ ਗੰਦਗੀ ਦਾ ਬੋਲਬਾਲਾ ਹੈ ਅਤੇ ਸਫ਼ਾਈ ਦਾ ਕੋਈ ਨਾਮੋ-ਨਿਸ਼ਾਨ ਨਹੀਂ, ਜਿਸ ਕਾਰਨ ਕਿਸਾਨਾਂ ਤੇ ਮਜ਼ਦੂਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ | ਤਲਵਾੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਲਾਪ੍ਰਵਾਹੀ ਦੀ ਨਿਖੇਧੀ ਕਰਦਾ ਹੈ | ਇਹ ਸਰਕਾਰ ਸਿਰਫ਼ ਗੱਲਾਂ ਦੀ ਸਰਕਾਰ ਹੈ, ਕੰਮ ਦੀ ਨਹੀਂ | ਤਲਵਾੜ ਨੇ ਕਿਹਾ ਕਿ ਅੱਜ ਕਿਸਾਨ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਯਾਦ ਕਰ ਰਹੇ ਹਨ, ਜਦੋਂ ਉਨ੍ਹਾਂ ਦੀ ਫ਼ਸਲ ਦੇ ਇਕ-ਇਕ ਦਾਣੇ ਦੀ ਸੰਭਾਲ ਸਰਕਾਰ ਆਪ ਕਰਦੀ ਸੀ ਤੇ ਮੰਡੀ ਵਿੱਚ ਉਨ੍ਹਾਂ ਨੂੰ ਮੁਢਲੀਆਂ ਸਹੂਲਤਾਂ ਵੀ ਮੁਹੱਈਆ ਹੁੰਦੀਆਂ ਸਨ | ਤਲਵਾੜ ਨੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਮੰਗ ਕੀਤੀ ਕਿ ਤੁਰੰਤ ਪ੍ਰਭਾਵ ਨਾਲ ਮੰਡੀ ਦੀਆਂ ਸੜਕਾਂ ਦੀ ਮੁਰੰਮਤ ਅਤੇ ਸਫ਼ਾਈ ਕਰਵਾਈ ਜਾਵੇ | ਕਿਸਾਨਾਂ ਲਈ ਮੰਡੀ ਵਿੱਚ ਪੀਣ ਵਾਲੇ ਪਾਣੀ, ਬਿਜਲੀ ਅਤੇ ਬੈਠਣ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ | ਇਸ ਮੌਕੇ ਭੁਪਿੰਦਰ ਸਿੰਘ ਮਹਿੰਦੀਪੁਰ ਸਰਕਲ ਪ੍ਰਧਾਨ ਜਗਤਾਰ ਸਿੰਘ ਸਰਕਲ ਪ੍ਰਧਾਨ, ਸੰਤੋਖ ਸਿੰਘ ਅੋਜਲਾ, ਨੰਬਰਦਾਰ ਤੀਰਥ ਸਿੰਘ ਸਤੌਰ, ਹਰਜੀਤ ਸਿੰਘ, ਵਿਜੈ ਸਿੰਘ, ਮਨਜੀਤ ਸਿੰਘ, ਤਰਲੋਚਨ ਸਿੰਘ ਤੇ ਮਨੋਹਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮੁੱਖ ਅਧਿਆਪਕ ਮਨੋਜ ਕੈਨੇਡੀ ਦਾ ਸੇਵਾ ਮੁਕਤੀ ਮੌਕੇ ਸਨਮਾਨ ਅਗਲੀ ਖ਼ਬਰ ਪੈਨਸ਼ਨਰ ਵੈਲਫ਼ੇਅਰ ਐਸੋਸੀਏਸ਼ਨ ਬਲਾਕ ਫ਼ਤਹਿਗੜ੍ਹ ਦੀ ਮਹੀਨਾਵਾਰ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।