ਹੁਸ਼ਿਆਰਪੁਰ, 25 ਮਾਰਚ (ਬਲਜਿੰਦਰਪਾਲ ਸਿੰਘ)-ਜੰਗ ਦਾ ਅਸਰ ਦੁਨੀਆ ਦੇ ਨਾਲ-ਨਾਲ ਹੁਣ ਭਾਰਤ 'ਤੇ ਵੀ ਪੈਂਦਾ ਦਿਖਾਈ ਦੇ ਰਿਹਾ ਹੈ, ਜਿਸਦੇ ਚੱਲਦਿਆਂ ਜਿੱਥੇ ਸਾਰੇ ਦੇਸ਼ਾਂ ਦੀ ਅਰਥ-ਵਿਵਸਥਾ ਡਗਮਗਾ ਗਈ ਹੈ, ਉੱਥੇ ਹੀ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ 'ਚ ਵੀ ਵਾਧਾ ਹੋਣ ਦੇ ਨਾਲ-ਨਾਲ ਪੈਟਰੋਲ ਪੰਪਾਂ 'ਤੇ ਪੈਟਰੋਲ ਤੇ ਡੀਜ਼ਲ ਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ | ਅੱਜ ਦੇਰ ਸ਼ਾਮ ਸ਼ਹਿਰ ਦੇ ਤਕਰੀਬਨ ਸਾਰੇ ਪੈਟਰੋਲ ਪੰਪਾਂ ਨੂੰ ਬੰਦ ਕਰ ਦਿੱਤਾ ਗਿਆ ਤੇ ਪੰਪਾਂ ਦੇ ਕਰਦਿਆਂ ਵੱਲੋਂ ਲੋਕਾਂ ਨੂੰ ਤੇਲ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ | ਪੈਟਰੋਲ ਪੰਪਾਂ ਦੇ ਬੰਦ ਹੁੰਦਿਆਂ ਹੀ ਲੋਕਾਂ 'ਚ ਅਫ਼ਰਾ ਤਫ਼ਰੀ ਦਾ ਮਾਹੌਲ ਪੈਦਾ ਹੋ ਗਿਆ ਹੈ ਤੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਕਿਆਸਰਾਈਆਂ ਲਾਉਣ ਲੱਗੇ | ਜ਼ਿਕਰਯੋਗ ਹੈ ਕਿ ਆਰਥਿਕ ਤੌਰ 'ਤੇ ਮਜ਼ਬੂਤ ਲੋਕਾਂ ਵਲੋਂ ਈਰਾਨ ਤੇ ਇਜਰਾਈਲ ਦੀ ਜੰਗ ਦੇ ਮੱਦੇਨਜ਼ਰ ਪਹਿਲਾਂ ਹੀ ਤੇਲ ਦਾ ਚੋਖਾ ਭੰਡਾਰ ਜਮਾਂ ਕਰ ਲਿਆ ਗਿਆ ਹੈ | ਇਸਦੇ ਬਾਵਜੂਦ ਅੱਜ ਸਾਰਾ ਦਿਨ ਅਫ਼ਵਾਹਾਂ ਦਾ ਮਾਹੌਲ ਗਰਮ ਰਿਹਾ ਅਤੇ ਤੇਲ ਬੰਦ ਹੋਣ ਦੇ ਨਾਲ-ਨਾਲ ਲਾਕਡਾਊਨ ਵਰਗੀ ਸਥਿਤੀ ਬਣਨ ਦੀਆਂ ਲੋਕ ਗੱਲਾਂ ਕਰਦੇ ਰਹੇ | ਇਸ ਸੰਬੰਧੀ ਜਦੋਂ ਸੰਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀ ਕੋਈ ਕਮੀ ਨਹੀਂ ਹੈ, ਪਰ ਇਸਦੇ ਬਾਵਜੂਦ ਪੈਟਰੋਲ ਪੰਪ ਮਾਲਕਾਂ ਨੇ ਪੈਟਰੋਲ ਦੇਣ ਤੋਂ ਇਨਕਾਰ ਕੀਤਾ ਉੱਥੇ ਹੀ ਪੈਟਰੋਲ ਪੰਪ ਦੀਆਂ ਲਾਈਟਾਂ ਤੱਕ ਵੀ ਬੰਦ ਕਰ ਦਿੱਤੀਆਂ | ਖ਼ਬਰ ਲਿਖੇ ਜਾਣ ਤੱਕ ਲੋਕ ਪੈਟਰੋਲ ਅਤੇ ਡੀਜ਼ਲ ਲੈਣ ਲਈ ਸ਼ਹਿਰ ਦੇ ਵੱਖ-ਵੱਖ ਪੈਟਰੋਲ ਪੰਪਾਂ 'ਤੇ ਤਰਲੋ ਮੱਛੀ ਹੋ ਰਹੇ ਸਨ |