16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਹਾਈ ਕੋਰਟ ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਰੋਡਵੇਜ਼ ਵਰਕਸ਼ਾਪ ਹੁਸ਼ਿਆਰਪੁਰ 'ਚੋਂ ਵੱਢੇ ਦਰੱਖਤ

ਅਜੀਤ ਡੈਸਕ 22-01-2026
ਹੁਸ਼ਿਆਰਪੁਰ, 21 ਜਨਵਰੀ (ਬਲਜਿੰਦਰਪਾਲ ਸਿੰਘ)-ਬੇਸ਼ੱਕ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਦਰੱਖਤਾਂ ਨੂੰ ਨਾ ਕੱਟਣ ਦੇ ਹੁਕਮ ਦਿੱਤੇ ਜਾ ਚੁੱਕੇ ਹਨ, ਪ੍ਰੰਤੂ ਨਾ ਤਾਂ ਦਰੱਖਤ ਕੱਟਣ ਵਾਲੇ ਧੰਦੇਬਾਜ਼ ਇਨ੍ਹਾਂ ਹੁਕਮਾਂ ਦੀ ਪ੍ਰਵਾਹ ਕਰ ਰਹੇ ਹਨ ਅਤੇ ਨਾ ਹੀ ਸਰਕਾਰੀ ਵਿਭਾਗ ਦੇ ਅਧਿਕਾਰੀ ਇਨ੍ਹਾਂ ਹੁਕਮਾਂ ਦੀ ਪਾਲਣਾ ਪ੍ਰਤੀ ਗੰਭੀਰ ਹਨ | ਇਸ ਦੀ ਇਕ ਮਿਸਾਲ ਮਿਲੀ ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਦੀ ਵਰਕਸ਼ਾਪ 'ਚ ਹਾਈਕੋਰਟ ਦੇ ਹੁਕਮਾਂ ਨੂੰ ਛਿੱਕੇ ਟੰਗਦਿਆਂ ਦਰੱਖਤਾਂ ਦੀ ਸ਼ਰੇਆਮ ਲਗਾਤਾਰ ਦੋ ਦਿਨ ਤੱਕ ਕੀਤੀ ਕਟਾਈ ਦੀ | ਹਾਲਾਤ ਅਜਿਹੇ ਹਨ ਕਿ ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਦੀ ਵਰਕਸ਼ਾਪ 'ਚ ਲੱਗੇ ਹਰੇ-ਭਰੇ ਦਰੱਖਤਾਂ ਨੂੰ ਵੱਢ ਕੇ ਜਿੱਥੇ ਅਦਾਲਤ ਦੇ ਹੁਕਮਾਂ ਦੀ ਅਦੂਲੀ ਕੀਤੀ ਗਈ, ਉੱਥੇ ਪੰਜਾਬ ਸਰਕਾਰ ਨੂੰ ਚੂਨਾ ਵੀ ਲਗਾਇਆ ਗਿਆ | ਹੈਰਾਨੀ ਦੀ ਗੱਲ ਇਹ ਕਿ ਇਸ ਕੀਤੀ ਜਾ ਰਹੀ ਕਟਾਈ ਸੰਬੰਧੀ ਪੰਜਾਬ ਰੋਡਵੇਜ਼ ਦੇ ਜ਼ਿੰਮੇਵਾਰੀ ਅਧਿਕਾਰੀ ਜਾਣਕਾਰੀ ਨਾ ਹੋਣ ਦਾ ਬਹਾਨਾ ਕਰਕੇ ਪੱਲਾ ਝਾੜਦੇ ਨਜ਼ਰ ਆਏ | ਸਵਾਲ ਇਹ ਹੈ ਕਿ ਸਰਕਾਰੀ ਜਗ੍ਹਾ 'ਚੋਂ ਅਧਿਕਾਰੀਆਂ ਦੇ ਨੱਕ ਹੇਠਾਂ ਸ਼ਰੇਆਮ ਲਗਾਤਾਰ ਦੋ ਦਿਨ ਤੱਕ ਦਰੱਖਤ ਵੱਢੇ ਜਾਂਦੇ ਰਹੇ, ਪ੍ਰੰਤੂ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ, ਆਖਿਰ ਕਿਉਂ? ਅੱਜ ਜਦੋਂ 'ਅਜੀਤ' ਦੀ ਟੀਮ ਨੂੰ ਇਸ ਸੰਬੰਧੀ ਪਤਾ ਲੱਗਾ ਤਾਂ ਮੌਕੇ 'ਤੇ ਪਹੁੰਚ ਕੇ ਜਦੋਂ ਉਨ੍ਹਾਂ ਦਰੱਖਤ ਕੱਟਣ ਵਾਲੇ ਵਿਅਕਤੀਆਂ ਨੂੰ ਪੁੱਛਿਆ ਕਿ ਕਿਸ ਦੀ ਆਗਿਆ ਨਾਲ ਇਹ ਦਰੱਖਤ ਕੱਟੇ ਜਾ ਰਹੇ ਹਨ ਤਾਂ ਉਨ੍ਹਾਂ ਨੂੰ ਅੱਗੋਂ ਕੋਈ ਵੀ ਜਵਾਬ ਨਹੀਂ ਆਇਆ, ਸਗੋਂ ਉਨ੍ਹਾਂ ਦਰੱਖਤ ਕੱਟਣ ਲਈ ਪਾਏ ਰੱਸੇ ਤੇ ਹੋਰ ਸਾਮਾਨ ਉੱਥੇ ਛੱਡ ਕੇ ਲੱਦੀ ਹੋਈ ਮੋਛਿਆਂ ਦੀ ਟਰਾਲੀ ਲੈ ਕੇ ਉੱਥੋਂ ਖਿਸਕਣਾ ਹੀ ਬਿਹਤਰ ਸਮਝਿਆ | ਇਸ ਸੰਬੰਧੀ ਜਦੋਂ ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਡਿਪੂ ਦੇ ਜਨਰਲ ਮੈਨੇਜਰ ਜਸਵੀਰ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਅੱਗੋਂ ਫ਼ੋਨ ਨਹੀਂ ਚੁੱਕਿਆ | ਇਸ ਤੋਂ ਬਾਅਦ ਜਦੋਂ ਪੰਜਾਬ ਰੋਡਵੇਜ਼ ਦੇ ਸੰਬੰਧਿਤ ਕਲਰਕ ਸੁਰਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਇਸ ਸੰਬੰਧੀ ਉਨ੍ਹਾਂ ਨੂੰ ਕੁਝ ਵੀ ਨਹੀਂ ਪਤਾ, ਹੋ ਸਕਦਾ ਹੈ ਕਿ ਉੱਚ ਅਧਿਕਾਰੀਆਂ ਵਲੋਂ ਇਸ ਕਟਾਈ ਦੀ ਆਗਿਆ ਦਿੱਤੀ ਗਈ ਹੋਵੇ |
ਪਿਛਲੀ ਖ਼ਬਰ ਐਸ.ਪੀ.ਐਨ. ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਮੁਕੇਰੀਆਂ 'ਚ ਅੰਤਰ-ਸਕੂਲੀ ਮੁਕਾਬਲਾ 'ਹੁਨਰ–2026' ਕਰਵਾਇਆ ਅਗਲੀ ਖ਼ਬਰ ਆਪੇ੍ਰਸ਼ਨ 'ਪ੍ਰਹਾਰ' ਤਹਿਤ 300 ਥਾਵਾਂ 'ਤੇ ਛਾਪੇਮਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।