13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਕਿਸ਼ਤਵਾੜ ’ਚ ਲਾਪਤਾ ਹੋਏ 2 ਐਸ.ਪੀ.ਓਜ਼ ਦੀਆਂ ਗੋਲੀਆਂ ਨਾਲ ਵਿੰਨ੍ਹੀਆਂ ਲਾਸ਼ਾਂ ਬਰਾਮਦ

ਕਿਸ਼ਤਵਾੜ ’ਚ ਲਾਪਤਾ ਹੋਏ 2 ਐਸ.ਪੀ.ਓਜ਼ ਦੀਆਂ ਗੋਲੀਆਂ ਨਾਲ ਵਿੰਨ੍ਹੀਆਂ ਲਾਸ਼ਾਂ ਬਰਾਮਦ

ਅਜੀਤ ਡੈਸਕ 13-11-2026

ਜੰਮੂ, 12 ਨਵੰਬਰ (ਪੀ.ਟੀ.ਆਈ.)-ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ’ਚ ਵੀਰਵਾਰ ਸਵੇਰੇ ਦੋ ਸਪੈਸ਼ਲ ਪੁਲਿਸ ਅਫਸਰਾਂ ਦੀਆਂ ਗੋਲੀਆਂ ਨਾਲ ਛਲਣੀ ਕੀਤੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਇਹ ਦੋਵੇਂ ਜਵਾਨ ਇਕ ਦਿਨ ਪਹਿਲਾਂ ਦੂਰ-ਦੁਰਾਡੇ ਦੇ ਦੱਚਨ ਇਲਾਕੇ ਤੋਂ ਲਾਪਤਾ ਹੋ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਮਾਰੇ ਗਏ ਜਵਾਨਾਂ ਦੇ ਸਰਕਾਰੀ ਹਥਿਆਰ ਨਹੀਂ ਮਿਲੇ ਹਨ, ਜਿਸ ਨਾਲ ਇਸ ਘਟਨਾ ’ਚ ਅੱਤਵਾਦੀਆਂ ਦਾ ਹੱਥ ਹੋਣ ਦਾ ਸ਼ੱਕ ਹੈ। ਇਨ੍ਹਾਂ ਦੋਵਾਂ ਵਿਅਕਤੀਆਂ ਦੀ ਪਛਾਣ ਬਾਬੀ ਚੰਦ (57) ਅਤੇ ਰਸ਼ਪਾਲ ਕੁਮਾਰ (45) ਵਜੋਂ ਹੋਈ ਹੈ। ਉਹ ਦੱਚਨ ਦੇ ਕਿਯਾਰ ਪਿੰਡ ’ਚ ਸਥਾਨਕ ਪੁਲਿਸ ਦੇ ਵਿਸ਼ੇਸ਼ ਆਪਰੇਸ਼ਨ ਗਰੁੱਪ ’ਚ ਤਾਇਨਾਤ ਸਨ ਅਤੇ ਬੁੱਧਵਾਰ ਨੂੰ ਆਪਣੇ ਕੈਂਪ ਤੋਂ ਧਰਨਾ-ਮਰਵਾਹ ਸਥਿਤ ਫ਼ੌਜੀ ਚੌਕੀ ਵੱਲ ਜਾਂਦੇ ਸਮੇਂ ਲਾਪਤਾ ਹੋ ਗਏ ਸਨ। ਸ਼ੁਰੂ ’ਚ ਉਨ੍ਹਾਂ ਦੇ ਮੋਬਾਈਲ ਫੋਨ ਚਾਲੂ ਸਨ, ਪਰ ਬਾਅਦ ’ਚ ਬੰਦ ਹੋ ਗਏ, ਜਿਸ ਕਾਰਨ ਚਿੰਤਾ ਵਧ ਗਈ ਅਤੇ ਵਿਆਪਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਇਕ ਅਧਿਕਾਰੀ ਨੇ ਕਿਹਾ ਕਿ ਹਮਲਾਵਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਖਤਮ ਕਰਨ ਲਈ ਵੱਡਾ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਇਹ ਤਾਜ਼ਾ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਵਲੋਂ ਅੱਤਵਾਦ ਨਾਲ ਨਜਿੱਠਣ ਅਤੇ ਖੇਤਰ ’ਚ ਸਥਾਈ ਸ਼ਾਂਤੀ ਕਾਇਮ ਰੱਖਣ ਲਈ ਜਨਤਾ ਤੋਂ ਵਧੇਰੇ ਸਹਿਯੋਗ ਦੀ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ। 4 ਅਕਤੂਬਰ ਨੂੰ ਕਿਸ਼ਤਵਾੜ ਦੇ ਡਿਪਟੀ ਕਮਿਸ਼ਨਰ ਪੰਕਜ ਕੁਮਾਰ ਸ਼ਰਮਾ ਨੇ ਮਰਵਾਹ, ਵਰਵਾਨ ਅਤੇ ਦਛਨ ਵਰਗੇ ਦੂਰ-ਦੁਰਾਡੇ ਇਲਾਕਿਆਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਅੱਤਵਾਦ ਵਿਰੁੱਧ ਇੱਕਜੁੱਟ ਹੋਣ ਅਤੇ ਸ਼ੱਕੀ ਅੱਤਵਾਦੀਆਂ ਦੀ ਆਵਾਜਾਈ ਬਾਰੇ ਸਮੇਂ ਸਿਰ ਜਾਣਕਾਰੀ ਸੁਰੱਖਿਆ ਬਲਾਂ ਨਾਲ ਸਾਂਝੀ ਕਰਨ।

ਪਿਛਲੀ ਖ਼ਬਰ ਚੁਕਾਈ ਦੇ ਪ੍ਰਬੰਧ ਠੱਪ, ਸਵਾ ਲੱਖ ਕੁਇੰਟਲ ਝੋਨਾ ਮੰਡੀ ਦੇ ਫੜ੍ਹਾਂ ’ਤੇ ਅਗਲੀ ਖ਼ਬਰ ਬਾਰਾਮੁਲਾ ਦੇ ਜੰਗਲਾਂ ’ਚੋਂ 2 ਗ੍ਰਨੇਡ ਸਮੇਤ ਸ਼ੱਕੀ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।