13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਚੰਨੀ ਦੀ ਅਗਵਾਈ ਹੇਠ ਕਾਂਗਰਸ ਦੀ ‘ਜਵਾਨੀ ਸੰਭਾਲ ਸਾਈਕਲ ਯਾਤਰਾ’ ਦਾ ਆਗਾਜ਼

ਚੰਨੀ ਦੀ ਅਗਵਾਈ ਹੇਠ ਕਾਂਗਰਸ ਦੀ ‘ਜਵਾਨੀ ਸੰਭਾਲ ਸਾਈਕਲ ਯਾਤਰਾ’ ਦਾ ਆਗਾਜ਼

ਅਜੀਤ ਡੈਸਕ 13-11-2026

ਸ੍ਰੀ ਚਮਕੌਰ ਸਾਹਿਬ ਤੋਂ ਸਚਿਨ ਪਾਇਲਟ ਨੇ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

 

ਸ੍ਰੀ ਚਮਕੌਰ ਸਾਹਿਬ, 12 ਨਵੰਬਰ (ਜਗਮੋਹਣ ਸਿੰਘ ਨਾਰੰਗ)-ਪੰਜਾਬ ਕਾਂਗਰਸ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਪੰਜਾਬ ਦੇ ਭਖਦੇ ਮਸਲਿਆਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਮਕਸਦ ਨਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ‘ਜਵਾਨੀ ਸੰਭਾਲ ਸਾਈਕਲ ਯਾਤਰਾ’ ਦਾ ਅੱਜ ਇਤਿਹਾਸਕ ਧਰਤੀ ਸ੍ਰੀ ਚਮਕੌਰ ਸਾਹਿਬ ਤੋਂ ਆਗਾਜ਼ ਹੋਇਆ। ਇਸ ਮੌਕੇ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸਚਿਨ ਪਾਇਲਟ ਨੇ ਸਾਈਕਲ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਕਾਂਗਰਸ ਸੂਬਾ ਪ੍ਰਧਾਨ ਪਰਗਟ ਸਿੰਘ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸੁਖਪਾਲ ਸਿੰਘ ਖਹਿਰਾ, ਡਾ. ਧਰਮਵੀਰ ਗਾਂਧੀ, ਡਾ: ਅਮਰ ਸਿੰਘ ਸਮੇਤ ਕਾਂਗਰਸ ਦੀ ਲੀਡਰਸ਼ਿਪ ਮੌਜੂਦ ਸੀ। ਸਾਈਕਲ ਯਾਤਰਾ ਨੂੰ ਰਵਾਨਾ ਕਰਨ ਤੋਂ ਪਹਿਲਾਂ ਸਥਾਨਕ ਵਿਸ਼ਾਲ ਸਟੇਡੀਅਮ ’ਚ ਕੀਤੀ ਰੈਲੀ ਦੌਰਾਨ ਸਚਿਨ ਪਾਇਲਟ ਨੇ ਕਿਹਾ ਕਿ ਅੱਜ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਵੱਡੇ ਪੱਧਰ ’ਤੇ ਡਰੱਗ ਮਾਫ਼ੀਆ, ਭ੍ਰਿਸ਼ਟਾਚਾਰ, ਮਾਈਨਿੰਗ, ਗੈਂਗਸਟਰ ਅਤੇ ਕਤਲੋਗਾਰਤ ’ਚ ਹੋਏ ਵਾਧੇ ਨੇ ਪੰਜਾਬ ਦੇ ਲੋਕਾਂ ਨੂੰ ਸੋਚਣ ’ਤੇ ਮਜਬੂਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜੇਕਰ ਸਹੀ ਰਾਜ ਵਾਲੀ ਸਰਕਾਰ ਬਣੇਗੀ ਤਾਂ ਉਹ ਕਾਂਗਰਸ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਆਉਣ ਵਾਲੀਆਂ ਪੰਜਾਬ ਚੋਣਾਂ ਪੂਰੀ ਮਜ਼ਬੂਤੀ ਨਾਲ ਲੜੇਗੀ। ਉਨ੍ਹਾਂ ਚੋਣ ਮੁਹਿੰਮ ਕਮੇਟੀ ਦੇ ਚੇਅਰਮੈਨ ਚੰਨੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਾਰੀ ਕਾਂਗਰਸ ਨੂੰ ਇਕ ਮੰਚ ’ਤੇ ਇਕੱਠਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਉਨ੍ਹਾਂ ਮਿਹਨਤੀ ਵਿਅਕਤੀਆਂ ਨੂੰ ਹੀ ਟਿਕਟ ਦੇਵੇਗੀ ਜਿਨ੍ਹਾਂ ਦੀ ਪਾਰਟੀ ਪ੍ਰਤੀ ਕਾਰਗੁਜ਼ਾਰੀ ਵਧੀਆ ਰਹੀ, ਹਾਲਾਂਕਿ ਸਾਰੇ ਆਗੂ ਟਿਕਟ ਲਈ ਆਪਣੀ ਦਾਅਵੇਦਾਰੀ ਪੇਸ਼ ਕਰ ਸਕਦੇ ਹਨ। ਪਰਗਟ ਸਿੰਘ ਨੇ ਆਪਣੇ ਭਾਸ਼ਣ ’ਚ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ’ਚੋਂ ਬਾਹਰ ਕੱਢਣ, ਬੇਰੁਜ਼ਗਾਰੀ ਦਾ ਹੱਲ ਕਰਨ ਅਤੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ। ਪ੍ਰਤਾਪ ਸਿੰਘ ਬਾਜਵਾ ਨੇ ਸੂਬੇ ਦੀ ਅਮਨ-ਕਾਨੂੰਨ ਦੀ ਸਥਿਤੀ ’ਤੇ ਸਵਾਲ ਚੁੱਕਦਿਆਂ ਐਲਾਨ ਕੀਤਾ ਕਿ ਜਿਸ ਦਿਨ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣੀ, ਉਸ ਤੋਂ ਇਕ ਮਹੀਨੇ ਬਾਅਦ ਸੂਬੇ ’ਚ ਕਿਸੇ ਵੀ ਗੈਂਗਸਟਰ ਦੀ ਗੋਲੀ ਦਾ ਖੜਾਕ ਨਹੀਂ ਹੋਵੇਗਾ, ਕਿਉਂਕਿ ਕਾਂਗਰਸ ਨੂੰ ਉਨ੍ਹਾਂ ਨੂੰ ਕਾਬੂ ਕਰਨਾ ਆਉਂਦਾ ਹੈ। ਸੁਖਜਿੰਦਰ ਸਿੰਘ ਰੰਧਾਵਾ ਨੇ ਚਰਨਜੀਤ ਸਿੰਘ ਚੰਨੀ ਦੀ ਹਮਾਇਤ ਕਰਦਿਆਂ ਕਿਹਾ ਕਿ ‘ਚੰਨੀ ਮੇਰਾ ਛੋਟਾ ਭਰਾ ਹੈ ਅਤੇ ਇਸ ਨੇ ਮੁੱਖ ਮੰਤਰੀ ਵਜੋਂ ਕੰਮ ਕਾਜ ਮੇਰੀ 50 ਨੰਬਰ ਕੋਠੀ ’ਚੋਂ ਚਲਾਇਆ’। ਸੁਖਪਾਲ ਸਿੰਘ ਖਹਿਰਾ, ਸੁਖਵਿੰਦਰ ਸਿੰਘ ਡੈਨੀ, ਦਲਵੀਰ ਸਿੰਘ ਗੋਲਡੀ, ਰਾਜ ਕੁਮਾਰ ਵੇਰਕਾ, ਵਿਜੇਇੰਦਰ ਸਿੰਗਲਾ, ਓ. ਪੀ. ਸੋਨੀ, ਹਰਮਿੰਦਰ ਸਿੰਘ ਗਿੱਲ ਆਦਿ ਆਗੂਆਂ ਨੇ ਵੀ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਦਿਆਂ ਨੂੰ ਉਭਾਰਿਆ। ਇਸ ਤੋਂ ਪਹਿਲਾਂ ਇਨ੍ਹਾਂ ਨੇਤਾਵਾਂ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਅੰਤ ’ਚ ਚਰਨਜੀਤ ਸਿੰਘ ਚੰਨੀ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਾਈਕਲ ਯਾਤਰਾ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ’ਚੋਂ ਹੁੰਦੀ ਹੋਈ 19 ਨਵੰਬਰ ਨੂੰ ਖੰਨਾ ਵਿਖੇ ਸਮਾਪਤ ਹੋਵੇਗੀ। ਇਸ ਮੌਕੇ ਕੌਮੀ ਸਹਿ ਇੰਚਾਰਜ ਸੂਰਿਆ ਕੁਮਾਰ, ਰਾਣਾ ਗੁਰਜੀਤ ਸਿੰਘ, ਮੁਹੰਮਦ ਸਦੀਕ, ਸ਼ੇਰ ਸਿੰਘ ਘੁਬਾਇਆ, ਬਲਕੌਰ ਸਿੰਘ ਸਿੱਧੂ ਮੂਸੇਵਾਲਾ, ਰਜੀਆ ਸੁਲਤਾਨਾ, ਗੁਰਕੀਰਤ ਸਿੰਘ ਕੋਟਲੀ, ਲੱਖਾ ਪਾਇਲ, ਹੁਸਨ ਲਾਲ, ਹਰਪ੍ਰਤਾਪ ਸਿੰਘ ਅਜਨਾਲਾ, ਵਿਜੇ ਕੁਮਾਰ ਟਿੰਕੂ, ਹਰੀਪਾਲ ਪ੍ਰਧਾਨ, ਸੁਲੱਖਣ ਸਿੰਘ ਖੋਖਰ, ਚੇਅਰਮੈਨ ਗੁਰਦੀਪ ਸਿੰਘ ਗੜ੍ਹੀ, ਕ੍ਰਿਪਾਲ ਸਿੰਘ ਗਿੱਲ, ਪਵਿੱਤਰ ਸਿੰਘ, ਵਰਿੰਦਰ ਵਿੱਕੀ, ਜਸਵੀਰ ਸਿੰਘ ਜਟਾਣਾ, ਰੋਹਿਤ ਸੱਭਰਵਾਲ, ਸਮਸ਼ੇਰ ਸਿੰਘ ਭੰਗੂ, ਜਸਵੀਰ ਸਿੰਘ ਸੈਦਪੁਰ, ਸੰਤ ਸਿੰਘ ਦਿਓਲ, ਟਹਿਲ ਸਿੰਘ ਲੁਠੇੜੀ, ਬੰਤ ਸਿੰਘ ਕਲਾਰਾਂ, ਦਰਸ਼ਨ ਸਿੰਘ ਸੰਧੂ, ਤਾਰਾ ਚੰਦ, ਕਰਨ ਕੰਧੋਲਾ ਵੀ ਮੌਜੂਦ ਸਨ।

ਪਿਛਲੀ ਖ਼ਬਰ ਕੇਜਰੀਵਾਲ ਤੇ ਧੀ ਨੂੰ ਜਾਨੋਂ ਮਾਰਨ ਦੀ ਧਮਕੀ ਅਗਲੀ ਖ਼ਬਰ ਪਿਛਲੇ ਦਹਾਕੇ ਖੇਤੀਬਾੜੀ ਵਿਕਾਸ ਦਰ ਪਹਿਲੀ ਵਾਰ 4 ਫ਼ੀਸਦੀ ਤੋਂ ਪਾਰ ਰਹੀ-ਮੋਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।