ਕਿਹਾ, ਉਨ੍ਹਾਂ ਨਾਲ ਗੱਠਜੋੜ ਕਰਨ ਵਾਲਿਆਂ ਦਾ ਵੀ ਡਟ ਕੇ ਵਿਰੋਧ ਕਰਾਂਗੇ
ਸਾਹਨੇਵਾਲ, 10 ਨਵੰਬਰ (ਅਮਰਜੀਤ ਸਿੰਘ ਮੰਗਲੀ, ਹਨੀ ਚਾਠਲੀ)-ਪੰਜਾਬ ਵਿਧਾਨ ਸਭਾ ਦੀਆਂ 2027 ’ਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਅੱਜ ਪੁਨਰ ਸੁਰਜੀਤ ਅਕਾਲੀ ਦਲ ਵਲੋਂ ਸਾਹਨੇਵਾਲ ਦੇ ਇਤਿਹਾਸਕ ਗੁਰਦੁਆਰਾ ਰੇਰੂ ਸਾਹਿਬ ਵਿਖੇ ਪੰਜਾਬ ਭਰ ਦੇ ਪਾਰਟੀ ਆਗੂਆਂ ਅਤੇ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੋਂ ਭਗੌੜੇ ਹੋਏ ਲੋਕਾਂ ਨਾਲ ਕਿਸੇ ਵੀ ਕੀਮਤ ’ਤੇ ਏਕਤਾ ਨਹੀਂ ਕੀਤੀ ਜਾਵੇਗੀ। ਜੇਕਰ ਕੋਈ ਸਿਆਸੀ ਪਾਰਟੀ ਜਾਂ ਧਿਰ ਅਜਿਹੇ ਲੋਕਾਂ ਨਾਲ ਗੱਠਜੋੜ ਕਰਦੀ ਹੈ ਤਾਂ ਉਸ ਦਾ ਵੀ ਡਟ ਕੇ ਵਿਰੋਧ ਕੀਤਾ ਜਾਵੇਗਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੰਗਤ ਅਤੇ ਪਾਰਟੀ ਵਰਕਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ’ਚ ਜੋ ਭਰੋਸਾ ਪ੍ਰਗਟਾਇਆ ਹੈ, ਉਸ ਲਈ ਅਸੀਂ ਸਾਰਿਆਂ ਦੇ ਰਿਣੀ ਹਾਂ। ਉਨ੍ਹਾਂ ਕਿਹਾ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਆਦੇਸ਼ਾਂ ਅਨੁਸਾਰ ਹੀ ਅਕਾਲੀ ਦਲ ਨੂੰ ਪੁਨਰ ਸੁਰਜੀਤ ਕੀਤਾ ਗਿਆ ਸੀ। ਭਾਵੇਂ ਇਸ ਪਾਰਟੀ ਦੇ ਸਫ਼ਰ ਦੌਰਾਨ ਕੁਝ ਲੋਕ ਸਾਥ ਛੱਡ ਕੇ ਚਲੇ ਗਏ ਹਨ, ਪਰ ਦੇਸ਼-ਵਿਦੇਸ਼ ਦੀ ਸੰਗਤ ਨੇ ਪਾਰਟੀ ਦੀਆਂ ਜੜ੍ਹਾਂ ਨੂੰ ਮਜ਼ਬੂਤ ਰੱਖਣ ’ਚ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਆਪਣੇ ਸਿਆਸੀ ਸਫ਼ਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਦੋ ਆਗੂਆਂ ਸਵ. ਸੁਖਦੇਵ ਸਿੰਘ ਢੀਂਡਸਾ ਅਤੇ ਰਵੀਇੰਦਰ ਸਿੰਘ ਦੇ ਕਹਿਣ ’ਤੇ ਪਾਰਟੀ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੰਭਾਲੀ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਪਾਰਟੀ ਦੇ ਅੰਦਰੂਨੀ ਵਿਵਾਦਾਂ ਕਾਰਨ ਆਗੂਆਂ ਵਲੋਂ ਉਨ੍ਹਾਂ ਨੂੰ ਅਗਵਾਈ ਕਰਨ ਦੀ ਅਪੀਲ ਕੀਤੀ ਗਈ ਸੀ। ਬੁਰਜ ਅਕਾਲੀ ਫੂਲਾ ਸਿੰਘ ਵਿਖੇ ਆਪਣੀ ਪਹਿਲੀ ਤਕਰੀਰ ਦੌਰਾਨ ਵੀ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਸਿਆਸੀ ਤਜਰਬਾ ਨਹੀਂ ਹੈ ਅਤੇ ਸਾਰੇ ਆਗੂ ਤੇ ਵਰਕਰ ਉਨ੍ਹਾਂ ਦੀਆਂ ਬਾਹਵਾਂ ਬਣਨ। ਪਰ ਜਿਨ੍ਹਾਂ ਨੇ ਸਭ ਤੋਂ ਵੱਧ ਸਾਥ ਦੇਣ ਦਾ ਭਰੋਸਾ ਦਿੱਤਾ ਸੀ, ਉਹੀ ਸਭ ਤੋਂ ਪਹਿਲਾਂ ਸਾਥ ਛੱਡ ਗਏ। ਇਸ ਦੇ ਬਾਵਜੂਦ ਉਹ ਪਿੱਛੇ ਹਟਣ ਵਾਲਿਆਂ ’ਚੋਂ ਨਹੀਂ ਹਨ ਅਤੇ ਹਰ ਮੁਸ਼ਕਿਲ ਦਾ ਡਟ ਕੇ ਸਾਹਮਣਾ ਕਰਨਗੇ। ਪਾਰਟੀ ਛੱਡ ਕੇ ਜਾਣ ਵਾਲੇ ਆਗੂਆਂ ਬਾਰੇ ਤਿੱਖੀ ਟਿੱਪਣੀ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਦੋਸ਼ ਲਾਇਆ ਕਿ ਜਿਹੜੇ ਲੋਕ ਅੱਜ ਵੱਖ ਹੋ ਰਹੇ ਹਨ, ਉਹੀ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਚਿੱਠੀਆਂ ਲੈ ਕੇ ਪਹੁੰਚੇ ਸਨ ਅਤੇ ਸੁਖਬੀਰ ਸਿੰਘ ਬਾਦਲ ਨੂੰ ਪੰਥ ’ਚੋਂ ਛੇਕਣ ਦੀ ਮੰਗ ਲਈ ਵਿਦੇਸ਼ਾਂ ਤੱਕ ਸਿਫ਼ਾਰਸ਼ਾਂ ਕਰਵਾਉਂਦੇ ਰਹੇ ਸਨ। ਉਨ੍ਹਾਂ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਦਲਜੀਤ ਸਿੰਘ ਚੀਮਾ ਦਾ ਜ਼ਿਕਰ ਕਰਦਿਆਂ ਦੋਸ਼ ਲਾਇਆ ਕਿ ਇਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਸੱਚਾਈ ਨਹੀਂ ਰੱਖੀ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਉੱਥੇ ਸੱਚ ਬੋਲਿਆ ਸੀ, ਪਰ ਬਾਅਦ ’ਚ ਮੁਕਤਸਰ ਸਾਹਿਬ ਵਿਖੇ ਆਪਣੇ ਬਿਆਨ ਤੋਂ ਮੁੱਕਰ ਜਾਣਾ ਵੱਡੀ ਗ਼ਲਤੀ ਸੀ। ਬੀਬੀ ਜਗੀਰ ਕੌਰ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਪਿਛਲੀ ਸ਼੍ਰੋਮਣੀ ਕਮੇਟੀ ਚੋਣ ਹਾਰਨ ਤੋਂ ਬਾਅਦ ਉਨ੍ਹਾਂ ਨੇ ਮੈਂਬਰਾਂ ਦੀਆਂ ਜ਼ਮੀਰਾਂ ਮਰ ਜਾਣ ਦੀ ਗੱਲ ਆਖੀ ਸੀ। ਗਿਆਨੀ ਹਰਪ੍ਰੀਤ ਸਿੰਘ ਨੇ ਸਵਾਲ ਕੀਤਾ ਕਿ ਹੁਣ ਉਨ੍ਹਾਂ ਦੀ ਆਪਣੀ ਜ਼ਮੀਰ ਕਿੱਥੇ ਹੈ। ਉਨ੍ਹਾਂ ਗੁਰਬਾਣੀ ਦੀ ਤੁਕ ਦਾ ਹਵਾਲਾ ਦਿੰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਝੂਠ ਬੋਲਣ ਅਤੇ ਆਪਣੇ ਬਿਆਨਾਂ ਤੋਂ ਮੁੱਕਰਨ ਵਾਲਿਆਂ ਦਾ ਹਸ਼ਰ ਸਮਾਂ ਦੱਸੇਗਾ। ਭਾਜਪਾ ਨਾਲ ਸੰਬੰਧਾਂ ਬਾਰੇ ਆਪਣਾ ਪੱਖ ਰੱਖਦਿਆਂ ਉਨ੍ਹਾਂ ਕਿਹਾ ਕਿ ਪੁਨਰ ਸੁਰਜੀਤ ਅਕਾਲੀ ਦਲ ਵਲੋਂ ਕਦੇ ਵੀ ਭਾਜਪਾ ਨਾਲ ਸਿਆਸੀ ਭਾਈਵਾਲੀ ਦੀ ਗੱਲ ਨਹੀਂ ਕੀਤੀ ਗਈ, ਸਗੋਂ ਹਮੇਸ਼ਾ ਪੰਥ ਅਤੇ ਪੰਜਾਬ ਦੇ ਮੁੱਦੇ ਉਠਾਏ ਗਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨਾਲ ਸਮਝੌਤੇ ਦੀਆਂ ਗੱਲਾਂ ਕਰਨ ਵਾਲੇ ਕੁਝ ਆਗੂ ਸਨ, ਪਰ ਉਨ੍ਹਾਂ ਦੀ ਪਾਰਟੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੋਂ ਭਗੌੜੇ ਹੋਏ ਲੋਕਾਂ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕਰੇਗੀ। ਜੇਕਰ ਭਾਜਪਾ ਅਜਿਹੇ ਆਗੂਆਂ ਨਾਲ ਗੱਠਜੋੜ ਕਰਦੀ ਹੈ ਤਾਂ ਪਾਰਟੀ ਉਸ ਦਾ ਵੀ ਸਖ਼ਤ ਵਿਰੋਧ ਕਰੇਗੀ। ਉਨ੍ਹਾਂ ਐਲਾਨ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਾਲੇ ਦਿਨ ਪਾਰਟੀ ਦੇ ਸ਼੍ਰੋਮਣੀ ਕਮੇਟੀ ਮੈਂਬਰ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਦਿੱਲੀ ’ਚ ਲੋਕ ਸਭਾ ਦੇ ਸਾਹਮਣੇ ਰੋਸ ਪ੍ਰਦਰਸ਼ਨ ਕਰਨਗੇ। ਇਸ ਪ੍ਰਦਰਸ਼ਨ ਰਾਹੀਂ ਕੇਂਦਰ ਸਰਕਾਰ ਤੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਦੀ ਮੰਗ ਕੀਤੀ ਜਾਵੇਗੀ, ਤਾਂ ਜੋ ਉਨ੍ਹਾਂ ਦੇ ਕਹਿਣ ਅਨੁਸਾਰ ਧੀਰਮੱਲੀਆਂ ਦਾ ਕਬਜ਼ਾ ਤੋੜਿਆ ਜਾ ਸਕੇ। ਇਸ ਮੌਕੇ ਪਾਰਟੀ ਦੇ ਸਰਪ੍ਰਸਤ ਰਵੀਇੰਦਰ ਸਿੰਘ ਨੇ 2 ਦਸੰਬਰ ਦੇ ਹੁਕਮਨਾਮੇ ’ਤੇ ਡਟ ਕੇ ਪਹਿਰਾ ਦੇਣ ਲਈ ਪੰਜ ਸਿੰਘ ਸਾਹਿਬਾਨ ਅਤੇ ਸਮੁੱਚੀ ਪਾਰਟੀ ਲੀਡਰਸ਼ਿਪ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮਾਸਟਰ ਤਾਰਾ ਸਿੰਘ ਤੋਂ ਬਾਅਦ 2 ਦਸੰਬਰ ਦੇ ਹੁਕਮਨਾਮੇ ਨਾਲ ਅਕਾਲੀ ਦਲ ਮੁੜ ਆਪਣੇ ਅਸਲ ਸਰੂਪ ’ਚ ਉਭਰਿਆ ਹੈ। ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪੰਜ ਮੈਂਬਰੀ ਭਰਤੀ ਕਮੇਟੀ ਦੇ ਆਗੂ ਸੰਤਾ ਸਿੰਘ ਉਮੈਦਪੁਰੀ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਇਕ ਵਿਦਵਾਨ ਆਗੂ ਹਨ ਅਤੇ ਉਨ੍ਹਾਂ ਨੂੰ ਸਾਰੀਆਂ ਪੰਥਕ ਜਥੇਬੰਦੀਆਂ ਨੂੰ ਨਾਲ ਲੈ ਕੇ ਪੰਥਕ ਏਕਤਾ ਲਈ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਮੀਟਿੰਗ ’ਚ ਪਹੁੰਚੇ ਸਮੂਹ ਆਗੂਆਂ, ਵਰਕਰਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਵੀ ਕੀਤਾ। ਮੀਟਿੰਗ ’ਚ ਪਾਰਟੀ ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ, ਪਰਮਿੰਦਰ ਸਿੰਘ ਢੀਂਡਸਾ, ਸੁੱਚਾ ਸਿੰਘ ਛੋਟੇਪੁਰ, ਡਾ. ਰਤਨ ਸਿੰਘ ਅਜਨਾਲਾ, ਸਰਵਣ ਸਿੰਘ ਫਿਲੌਰ, ਭਾਈ ਮਨਜੀਤ ਸਿੰਘ, ਬੀਬੀ ਪਰਮਜੀਤ ਕੌਰ ਗੁਲਸ਼ਨ, ਗਗਨਜੀਤ ਸਿੰਘ ਬਰਨਾਲਾ, ਸਾਬਕਾ ਜੱਜ ਨਿਰਮਲ ਸਿੰਘ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਅਜੈਪਾਲ ਸਿੰਘ ਮੀਰਾਂਕੋਟ, ਕਰਨੈਲ ਸਿੰਘ ਪੀਰ-ਮੁਹੰਮਦ, ਗੁਰਜੀਤ ਸਿੰਘ ਤਲਵੰਡੀ ਅਤੇ ਹਰਬੰਸ ਸਿੰਘ ਕੰਧੋਲਾ ਸਮੇਤ ਕਈ ਸੀਨੀਅਰ ਆਗੂ ਹਾਜ਼ਰ ਸਨ। ਸਮੂਹ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟਾਉਂਦਿਆਂ ਕਿਹਾ ਕਿ ਸਮੁੱਚੀ ਲੀਡਰਸ਼ਿਪ ਪਾਰਟੀ ਅਤੇ ਗਿਆਨੀ ਹਰਪ੍ਰੀਤ ਸਿੰਘ ਨਾਲ ਚੱਟਾਨ ਵਾਂਗ ਖੜ੍ਹੀ ਹੈ। ਮੀਟਿੰਗ ’ਚ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਧਾਨਾਂ, ਵਰਕਿੰਗ ਕਮੇਟੀ ਮੈਂਬਰਾਂ, ਪੀ.ਏ.ਸੀ. ਮੈਂਬਰਾਂ ਅਤੇ ਸੀਨੀਅਰ ਆਗੂਆਂ ਨੇ ਸ਼ਮੂਲੀਅਤ ਕੀਤੀ। ਹਾਜ਼ਰ ਆਗੂਆਂ ’ਚ ਬੀਬੀ ਹਰਜੀਤ ਕੌਰ ਤਲਵੰਡੀ, ਬੀਬੀ ਢਿੱਲੋਂ, ਰਣਧੀਰ ਸਿੰਘ ਰੱਖੜਾ, ਭੁਪਿੰਦਰ ਸਿੰਘ ਸ਼ੇਖੂਪੁਰ, ਬਲਤੇਜ ਸਿੰਘ ਅਮਲੋਹ, ਜਰਵਾਲ ਸਿੰਘ ਮਾਧੋਪੁਰ, ਰਵਿੰਦਰ ਸਿੰਘ ਪੈਂਟਾ, ਰਾਮਪਾਲ ਸਿੰਘ ਬਹਿਣੀਵਾਲ, ਰਵਿੰਦਰ ਸਿੰਘ ਸ਼ਾਹਪੁਰ, ਚਰਨਜੀਤ ਸਿੰਘ ਮਾਵੀ, ਰਿਪੁਦਮਨ ਸਿੰਘ ਢਿੱਲੋਂ, ਸੁਖਮਨ ਸਿੰਘ ਢਿੱਲੋਂ, ਭੋਲਾ ਸਿੰਘ ਗਿਲਪਤੀ, ਦਲਜਿੰਦਰਬੀਰ ਸਿੰਘ ਵਿਰਕ, ਮਨਿੰਦਰ ਸਿੰਘ ਧੁੰਨਾ, ਮਨਜੀਤ ਸਿੰਘ ਦਸੂਹਾ, ਮਦਨ ਮੋਹਨ ਸਿੰਘ ਮੂਸਾ, ਜਸਵੰਤ ਸਿੰਘ ਪੁਰੇਨ, ਮਾਸਟਰ ਮਿੱਠੂ ਸਿੰਘ ਕਾਹਨੇਕੇ, ਮਲਕੀਤ ਸਿੰਘ ਚੰਗਾਲ, ਕੈਪਟਨ ਖੁਸ਼ਵੰਤ ਸਿੰਘ ਢਿੱਲੋਂ, ਮੁਖਤਿਆਰ ਸਿੰਘ ਭੁੱਲਰ, ਜਸਬੀਰ ਸਿੰਘ ਭੁੱਲਰ, ਹਰਦੇਵ ਸਿੰਘ ਹਮੀਦ, ਕੁਲਵਿੰਦਰ ਸਿੰਘ ਲਵਲੀ, ਰਵਿੰਦਰ ਸਿੰਘ ਬਿੰਦਾ, ਪਰਮਪਾਲ ਸਿੰਘ ਸਭਰਾ, ਬਾਬਾ ਹਰਦੀਪ ਸਿੰਘ, ਸੁਰਜੀਤ ਸਿੰਘ ਬੋਪਾਰਾਏ, ਦੀਵਾਨ ਸਿੰਘ ਦਿੱਖ, ਹਰਪ੍ਰੀਤ ਸਿੰਘ ਰਾਜਿਆ, ਡਾ. ਲਖਵਿੰਦਰ ਸਿੰਘ ਮੂਸਾ, ਜਸਵੰਤ ਸਿੰਘ ਕੋਟੜਾ, ਕਰਨੈਲ ਸਿੰਘ ਭਾਵੜਾ, ਚਰਨ ਸਿੰਘ ਫਾਜ਼ਿਲਕਾ, ਗੁਰਲਾਲ ਸਿੰਘ ਫਾਜ਼ਿਲਕਾ, ਮਧੁਪਾਲ ਸਿੰਘ ਗੋਗਾ, ਮਨਜੀਤ ਸਿੰਘ ਰਾਣੀਪੁਰ, ਹਰੀ ਸਿੰਘ ਪੁਰੇਵਾਲ, ਅਮਰਿੰਦਰ ਸਿੰਘ ਮੰਡੀਆ, ਤਰਨਜੀਤ ਸਿੰਘ ਦੁੱਗਲ, ਭਰਪੂਰ ਸਿੰਘ ਧਾਂਦਰਾ, ਹਾਕਮ ਸਿੰਘ ਨਸਰਾਲੀ ਅਤੇ ਹਰਦੇਵ ਸਿੰਘ ਰੋਗਲਾ ਆਦਿ ਵੀ ਸ਼ਾਮਿਲ ਸਨ।