ਤਰਨ ਤਾਰਨ, 7 ਅਕਤੂਬਰ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਪੱਖੋਪੁਰ ਵਿਖੇ ਬੀਤੀ ਦੇਰ ਰਾਤ ਦੋ ਨੌਜਵਾਨਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੋਵੇਂ ਨੌਜਵਾਨ ਘਰੋਂ ਬਾਬਾ ਬੁੱਢਾ ਸਾਹਿਬ ਦਾ ਮੇਲਾ ਵੇਖਣ ਲਈ ਗਏ ਸਨ ਤੇ ਦੋਵਾਂ ਦੀ ਹੱਤਿਆ ਕਰਕੇ ਲਾਸ਼ਾਂ ਨੂੰ ਬੱਸ ਅੱਡਾ ਪੱਖੋਪੁਰ ਨੇੜੇ ਸੁੱਟ ਦਿੱਤਾ ਗਿਆ। ਸੂਚਨਾ ਮਿਲਦਿਆਂ ਹੀ ਸਬ ਡਵੀਜ਼ਨ ਗੋਇੰਦਵਾਲ ਸਾਹਿਬ ਦੇ ਡੀ.ਐਸ.ਪੀ. ਹਰਿੰਦਰ ਸਿੰਘ ਮੌਕੇ ’ਤੇ ਪਹੁੰਚ ਗਏ ਅਤੇ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਮ੍ਰਿਤਕ ਪਲਵਿੰਦਰ ਸਿੰਘ ਦੀ ਮਾਂ ਰਾਜਬੀਰ ਕੌਰ ਪਤਨੀ ਨਰਿੰਦਰ ਸਿੰਘ ਦੇ ਬਿਆਨਾਂ ’ਤੇ ਚੋਹਲਾ ਸਾਹਿਬ ਦੀ ਪੁਲਿਸ ਨੇ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਰਾਜਬੀਰ ਕੌਰ ਨੇ ਦੱਸਿਆ ਕਿ ਉਸ ਦਾ ਲੜਕਾ ਪਲਵਿੰਦਰ ਸਿੰਘ (23) ਆਪਣੇ ਦੋਸਤ ਗੁਰਜਿੰਦਰ ਸਿੰਘ ਉਰਫ਼ ਬਿੱਲਾ ਪੁੱਤਰ ਕੁਲਵੰਤ ਸਿੰਘ ਵਾਸੀ ਖਾਰਾ ਨਾਲ ਮੋਟਰਸਾਈਕਲ ’ਤੇ ਬੀਤੀ ਸ਼ਾਮ ਬਾਬਾ ਬੁੱਢਾ ਸਾਹਿਬ ਮੇਲਾ ਦੇਖਣ ਲਈ ਗਏ ਸਨ। ਬੁੱਧਵਾਰ ਦੀ ਸਵੇਰ 6 ਵਜੇ ਦੇ ਕਰੀਬ ਉਨ੍ਹਾਂ ਦੇ ਪਿੰਡ ਦੇ ਹੀ ਰਹਿਣ ਵਾਲੇ ਗੁਰਮੀਤ ਸਿੰਘ ਨੇ ਦੱਸਿਆ ਕਿ ਪਲਵਿੰਦਰ ਸਿੰਘ ਅਤੇ ਗੁਰਜਿੰਦਰ ਸਿੰਘ ਬਿੱਲਾ ਦੀਆਂ ਲਾਸ਼ਾਂ ਬੱਸ ਅੱਡਾ ਪੱਖੋਪੁਰ ਵਿਖੇ ਪਈਆਂ ਹਨ। ਜਦ ਉਹ ਬੱਸ ਅੱਡਾ ਪੱਖੋਪੁਰ ਪਹੁੰਚੇ ਤਾਂ ਦੋਵਾਂ ਦੇ ਸਰੀਰ ਉਪਰ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨਾਂ ਦੇ ਨਾਲ ਨਾਲ ਗੋਲੀਆਂ ਲੱਗੀਆਂ ਹੋਈਆਂ ਸਨ। ਰਾਜਬੀਰ ਨੇ ਦੱਸਿਆ ਕਿ ਉਸ ਦੇ ਬੇਟੇ ਪਲਵਿੰਦਰ ਸਿੰਘ ਅਤੇ ਦੋਸਤ ਗੁਰਜਿੰਦਰ ਸਿੰਘ ਬਿੱਲਾ ਨੂੰ ਪ੍ਰਭਜੀਤ ਸਿੰਘ ਉਰਫ਼ ਪ੍ਰਭ ਫੌਜੀ ਪੁੱਤਰ ਮਾਨ ਸਿੰਘ, ਮਾਨ ਸਿੰਘ ਪੁੱਤਰ ਸੋਹਣ ਸਿੰਘ, ਮੰਗਲਜੀਤ ਸਿੰਘ ਪੁੱਤਰ ਰਣਜੀਤ ਸਿੰਘ, ਹਰਜਿੰਦਰ ਸਿੰਘ ਪੁੱਤਰ ਮਾਨ ਸਿੰਘ ਸਾਰੇ ਵਾਸੀ ਪੱਖੋਪੁਰ ਅਤੇ ਲਵਪ੍ਰੀਤ ਸਿੰਘ ਉਰਫ਼ ਸ਼ਾਹ ਵਾਸੀ ਸ਼ਾਹਬਾਜਪੁਰ ਨੇ ਮਾਰਿਆ ਹੈ। ਰਾਜਬੀਰ ਨੇ ਦੱਸਿਆ ਕਿ ਛੇ ਮਹੀਨੇ ਪਹਿਲਾਂ ਉਨ੍ਹਾਂ ਦੇ ਪਿੰਡ ਦੇ ਜਸਵੰਤ ਸਿੰਘ ਦੀ ਲੜਕੀ ਦੇ ਵਿਆਹ ਸਮੇਂ ਇਨ੍ਹਾਂ ਸਾਰਿਆਂ ਦਾ ਆਪਸ ਵਿਚ ਝਗੜਾ ਹੋਇਆ ਸੀ। ਉਸ ਸਮੇਂ ਉਕਤ ਵਿਅਕਤੀਆਂ ਨੇ ਉਸ ਦੇ ਲੜਕੇ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ। ਇਸ ਸੰਬੰਧੀ ਥਾਣਾ ਚੋਹਲਾ ਸਾਹਿਬ ਦੇ ਐਸ.ਐਚ.ਓ. ਗੁਰਮੁਖ ਸਿੰਘ ਨੇ ਉਕਤ ਪੰਜਾਂ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਹਮਲਾਵਰਾਂ ਦੀ ਭਾਲ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ। ਐਸ.ਐਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਦੋ ਦਾਤਰ ਅਤੇ ਪੰਜ ਕਾਰਤੂਸਾਂ ਦੇ ਖੋਲ ਬਰਾਮਦ ਹੋਏ ਹਨ। ਪੁਲਿਸ ਵਲੋਂ ਵੱਖ-ਵੱਖ ਪੱਖਾਂ ਤੋਂ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।
ਤਰਨ ਤਾਰਨ ’ਚ ਦੋ ਨੌਜਵਾਨਾਂ ਦੀ ਗੋਲੀਆਂ ਮਾਰ ਕੇ ਹੱਤਿਆ
ਤਰਨ ਤਾਰਨ, 7 ਅਕਤੂਬਰ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਪੱਖੋਪੁਰ ਵਿਖੇ ਬੀਤੀ ਦੇਰ ਰਾਤ ਦੋ ਨੌਜਵਾਨਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੋਵੇਂ ਨੌਜਵਾਨ ਘਰੋਂ ਬਾਬਾ ਬੁੱਢਾ ਸਾਹਿਬ ਦਾ ਮੇਲਾ ਵੇਖਣ ਲਈ ਗਏ ਸਨ ਤੇ ਦੋਵਾਂ ਦੀ ਹੱਤਿਆ ਕਰਕੇ ਲਾਸ਼ਾਂ....
ਅਜੀਤ ਡੈਸਕ
08-10-2026