01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਸਰਹੱਦੀ ਤੇ ਸਿਆਸੀ ਤਲਖ਼ੀਆਂ ਪਈਆਂ ਭਾਰਤ-ਪਾਕਿ ‘ਸਫ਼ਰ’ ’ਤੇ ਭਾਰੀ

ਸੁਰਿੰਦਰ ਕੋਛੜ ਅੰਮ੍ਰਿਤਸਰ, 31 ਅਗਸਤ-ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ’ਚ ਪਿਛਲੇ ਵਰ੍ਹੇ ਮਈ ’ਚ ਭਾਰਤੀ ਫ਼ੌਜ ਦੇ ਆਪ੍ਰੇਸ਼ਨ ਸੰਧੂਰ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਬਣੀ ਸਰਹੱਦੀ ਤੇ ਸਿਆਸੀ ..

ਅਜੀਤ ਡੈਸਕ 01-09-2026

* ਲਾਹੌਰ ਤੋਂ ਅੰਮ੍ਰਿਤਸਰ ਦੀ ਦੂਰੀ ਕੀਤੀ ‘7800 ਕਿੱਲੋਮੀਟਰ’ ਤੋਂ ਵੀ ਵਧੇਰੇ * ਪ੍ਰੋਟੋਕਾਲ ਜਥਿਆਂ ਤੋਂ ਇਲਾਵਾ ਬਾਕੀਆਂ ਲਈ ਵਾਹਗਾ-ਅਟਾਰੀ ਸਰਹੱਦ ਟੱਪਣੀ ਹੋਈ ਮੁਸ਼ਕਿਲ
ਸੁਰਿੰਦਰ ਕੋਛੜ
ਅੰਮ੍ਰਿਤਸਰ, 31 ਅਗਸਤ-ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ’ਚ ਪਿਛਲੇ ਵਰ੍ਹੇ ਮਈ ’ਚ ਭਾਰਤੀ ਫ਼ੌਜ ਦੇ ਆਪ੍ਰੇਸ਼ਨ ਸੰਧੂਰ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਬਣੀ ਸਰਹੱਦੀ ਤੇ ਸਿਆਸੀ ਤਲਖ਼ੀਆਂ ਦੀ ਖਾਈ ਹੋਰ ਡੂੰਘੀ ਹੋ ਗਈ ਹੈ। ਇਸਲਾਮਾਬਾਦ ਸਥਿਤ ਭਾਰਤੀ ਸਫ਼ਾਰਤਖ਼ਾਨੇ ਅਤੇ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਵਿਖੇ ਹਾਲ ’ਚ ਤਬਦੀਲ ਕੀਤੇ ਗਏ ਨਵੇਂ ਚਾਰਜ ਡੀ ਅਫੇਅਰਜ਼ ਅਤੇ ਹੋਰ ਅਮਲੇ ਦੀ ਤਾਇਨਾਤੀ ਦੇ ਨਾਲ ਹੀ ਵੀਜ਼ਾ ਨਿਯਮਾਂ ’ਚ ਵੀ ਵੱਡਾ ਅਤੇ ਹੈਰਾਨੀਜਨਕ ਬਦਲਾਅ ਕੀਤਾ ਗਿਆ ਹੈ।

ਜਿਸ ਦੇ ਚੱਲਦਿਆਂ ਇਸਲਾਮਾਬਾਦ ਸਥਿਤ ਭਾਰਤੀ ਸਫ਼ਾਰਤਖ਼ਾਨੇ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਲਾਹੌਰ ਤੋਂ ਵਾਹਗਾ-ਅਟਾਰੀ ਸਰਹੱਦ ਰਾਹੀਂ ਭਾਰਤ ’ਚ ਦਾਖਲ ਹੋਣ ਵਾਲੇ ਪਾਕਿਸਤਾਨੀ ਹਿੰਦੂ-ਸਿੱਖ ਤੀਰਥ ਯਾਤਰੂਆਂ ਜਾਂ ਭਾਰਤ ’ਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਜਾਂ ਹੋਰ ਸਕੇ-ਸੰਬੰਧੀਆਂ ਨੂੰ ਮਿਲਣ ਆਉਣ ਵਾਲੇ ਪਾਕਿ ਨਾਗਰਿਕਾਂ ’ਤੇ ਮੁਕੰਮਲ ਤੌਰ ’ਤੇ ਪਾਬੰਦੀ ਲਗਾ ਦਿੱਤੀ ਹੈ। ਹਾਲਾਂਕਿ, ਭਾਰਤੀ ਸਫ਼ਾਰਤਖ਼ਾਨੇ ਵਲੋਂ ਪਾਕਿਸਤਾਨੀ ਹਿੰਦੂ-ਸਿੱਖਾਂ ਦੇ ਭਾਰਤ ’ਚ ਦਾਖ਼ਲੇ ’ਤੇ ਪੂਰੀ ਤਰ੍ਹਾਂ ਨਾਲ ਰੋਕ ਨਹੀਂ ਲਗਾਈ ਗਈ।

ਬਦਲੇ ਨਿਯਮਾਂ ਮੁਤਾਬਿਕ ਸਫ਼ਾਰਤਖ਼ਾਨੇ ਵਲੋਂ ਭਾਰਤ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾਂ ਧਾਰਮਿਕ ਯਾਤਰਾਵਾਂ ’ਤੇ ਆਉਣ ਵਾਲੇ ਹਿੰਦੂ-ਸਿੱਖਾਂ ਨੂੰ ਦੁਬਈ ਜਾਂ ਹੋਰ ਮੁਲਕਾਂ ਰਸਤੇ ਵੀਜ਼ਾ ਲਗਵਾ ਕੇ ਭਾਰਤ ਆਉਣ ਦਾ ਬਦਲ (ਵਿਕਲਪ) ਦਿੱਤਾ ਗਿਆ ਹੈ, ਜਿਸ ਨਾਲ ਲਾਹੌਰ ਤੋਂ ਅੰਮ੍ਰਿਤਸਰ ਦਾ ਸਫ਼ਰ 59 ਕਿੱਲੋਮੀਟਰ ਤੋਂ ਵੱਧ ਕੇ ਲਗਭਗ 7827 ਕਿੱਲੋਮੀਟਰ ਹੋ ਗਿਆ ਹੈ। ਦੂਰ-ਦੁਰਾਡੇ ਦੇ ਖੇਤਰਾਂ ਨਾਲ ਸੰਬੰਧਿਤ ਕੁਝ ਯਾਤਰੂਆਂ ਲਈ ਤਾਂ ਇਹ ਸਫ਼ਰ 8500 ਕਿੱਲੋਮੀਟਰ ਤੋਂ ਵੀ ਵੱਧ ਦਾ ਬਣਦਾ ਹੈ।

ਇਸ ਨਵੇਂ ਯਾਤਰਾ ਰੂਟ ਮੁਤਾਬਿਕ ਲਾਹੌਰ ਤੋਂ ਅੰਮ੍ਰਿਤਸਰ ਆਉਣ ਵਾਲੇ ਯਾਤਰੂਆਂ ਨੂੰ ਪਹਿਲਾਂ ਲਾਹੌਰ ਤੋਂ 377 ਕਿੱਲੋਮੀਟਰ ਤੱਕ ਦਾ ਸਫ਼ਰ ਤੈਅ ਕਰਕੇ ਇਸਲਾਮਾਬਾਦ ਜਾਣਾ ਹੋਵੇਗਾ। ਉੱਥੋਂ ਯਾਤਰੂ 4783 ਕਿੱਲੋਮੀਟਰ ਦਾ ਹਵਾਈ ਸਫ਼ਰ ਕਰਕੇ ਦੁਬਈ ਅਤੇ ਉੱਥੋਂ 2213 ਕਿੱਲੋਮੀਟਰ ਦਾ ਸਫ਼ਰ ਕਰਕੇ ਦਿੱਲੀ ਅਤੇ ਫਿਰ 454 ਕਿੱਲੋਮੀਟਰ ਦਾ ਹੋਰ ਸਫ਼ਰ ਕਰਕੇ ਅੰਮ੍ਰਿਤਸਰ ਆਉਣਗੇ। ‘ਅਜੀਤ’ ਨਾਲ ਗੱਲਬਾਤ ਕਰਦਿਆਂ ਹਿੰਦੂ-ਸਿੱਖ ਯਾਤਰੂ ਜਥੇ ਭਾਰਤ ਲਿਆਉਣ ਦੀ ਤਿਆਰੀ ਕਰ ਰਹੇ ਸ੍ਰੀ ਨਨਕਾਣਾ ਸਾਹਿਬ ਦੇ ਜਥਾ ਲੀਡਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਦੋ ਵੱਖ-ਵੱਖ ਜਥਿਆਂ ਲਈ ਲਗਭਗ 110 ਪਾਸਪੋਰਟ ਇਕੱਠੇ ਕੀਤੇ ਸਨ, ਪਰ ਵੀਜ਼ਾ ’ਚ ਕੀਤੇ ਗਏ ਬਦਲਾਅ ਦੇ ਬਾਅਦ ਉਨ੍ਹਾਂ ਨੇ ਯਾਤਰੂਆਂ ਨੂੰ ਪਾਸਪੋਰਟ ਵਾਪਸ ਕਰ ਦਿੱਤੇ ਹਨ।

ਉੱਧਰ, ਸਿੰਧ ਦੇ ਨਿੱਜੀ ਜਥਾ ਲੀਡਰਾਂ ਮੋਹਨ ਲਾਲ ਵਾਸੀ ਖੇਪਰੂ ਅਤੇ ਮਨਜੀ ਲੁਹਾਰ ਦਾ ਕਹਿਣਾ ਹੈ ਕਿ ਯਾਤਰਾ ਖਰਚ ਬਹੁਤ ਜ਼ਿਆਦਾ ਹੋਣ ਕਰਕੇ ਦੁਬਈ ਰਸਤੇ ਭਾਰਤ ’ਚ ਵਿਆਹੀਆਂ ਪਾਕਿਸਤਾਨੀ ਔਰਤਾਂ ਜਾਂ ਪੱਕੇ ਤੌਰ ’ਤੇ ਉੱਥੇ ਆਬਾਦ ਹੋਣ ਵਾਲੇ ਲੋਕ ਹੀ ਜਾਣ ’ਚ ਰੁਚੀ ਵਿਖਾ ਰਹੇ ਹਨ। ਇਸਲਾਮਾਬਾਦ ਸਥਿਤ ਭਾਰਤੀ ਸਫ਼ਾਰਤਖ਼ਾਨੇ ਦੇ ਇਕ ਸੂਤਰ ਨੇ ਦੱਸਿਆ ਕਿ ਨਵੇਂ ਵੀਜ਼ਾ ਨਿਯਮ ਅਤੇ ਪਾਬੰਦੀਆਂ ਭਾਰਤ-ਪਾਕਿ ਆਉਣ ਜਾਣ ਵਾਲੇ ਪ੍ਰੋਟੋਕਾਲ ਯਾਤਰੂ ਸਿੱਖ, ਹਿੰਦੂ ਅਤੇ ਮੁਸਲਿਮ ਜਥਿਆਂ ’ਤੇ ਲਾਗੂ ਨਹੀਂ ਹੋਣਗੀਆਂ।

ਜ਼ਿਕਰਯੋਗ ਹੈ ਕਿ ਭਾਰਤ ਅਤੇ ਪਾਕਿ ਵਿਚਕਾਰ 14 ਸਤੰਬਰ 1974 ਨੂੰ ਹੋਏ ‘ਧਾਰਮਿਕ ਅਸਥਾਨਾਂ ਦੇ ਦੌਰਿਆਂ ਬਾਰੇ ਦੁਵੱਲੇ ਸਮਝੌਤੇ’ ਤਹਿਤ ਹਰ ਸਾਲ ਭਾਰਤੀ ਹਿੰਦੂ ਸਿੱਖ ਪਾਕਿ ਸਥਿਤ ਗੁਰਦੁਆਰਿਆਂ ਅਤੇ ਮੰਦਰਾਂ ਦੇ ਦਰਸ਼ਨਾਂ ਲਈ ਜਾਂਦੇ ਹਨ। ਇਸੇ ਤਰ੍ਹਾਂ ਪਾਕਿ ਤੋਂ ਮੁਸਲਿਮ ਜ਼ਾਇਰੀਨ ਜਥੇ ਭਾਰਤ ਸਥਿਤ ਪ੍ਰਮੁੱਖ ਸੂਫ਼ੀ ਦਰਗਾਹਾਂ ਦੇ ਸਾਲਾਨਾ ਉਰਸ ਮਨਾਉਣ ਅਤੇ ਪਾਕਿ ਹਿੰਦੂ ਧਾਰਮਿਕ ਅਸਥਾਨਾਂ ਦੀ ਯਾਤਰਾ ਲਈ ਭਾਰਤ ਆਉਂਦੇ ਹਨ, ਜਿਨ੍ਹਾਂ ਦੀ ਯਾਤਰਾ ’ਤੇ ਕੋਈ ਪਾਬੰਦੀ ਨਹੀਂ ਲਗਾਈ ਗਈ ਹੈ।

ਪਿਛਲੀ ਖ਼ਬਰ ਲਿਓਨਲ ਮੈਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਲਿਆ ਸੰਨਿਆਸ ਅਗਲੀ ਖ਼ਬਰ ਕੌਮੀ ਐਸ.ਸੀ. ਕਮਿਸ਼ਨ ਵਲੋਂ ਰਾਜਾ ਵੜਿੰਗ ਦੀ ਗ੍ਰਿਫ਼ਤਾਰੀ ਦੇ ਹੁਕਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।