25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਡਾ. ਗਾਂਧੀ ਨੇ ਸੂਬਾ ਸਰਕਾਰ ਦੀਆਂ ਧਾਰਮਿਕ ਸਕੀਮਾਂ ਨੂੰ ਭਾਈਚਾਰੇ ’ਚ ਵੰਡੀਆਂ ਤੇ ਫਿਰਕਾਪ੍ਰਸਤੀ ਨੂੰ ਹੁਲਾਰਾ ਦੇਣਾ ਦੱਸਿਆ

ਡਾ. ਗਾਂਧੀ ਨੇ ਸੂਬਾ ਸਰਕਾਰ ਦੀਆਂ ਧਾਰਮਿਕ ਸਕੀਮਾਂ ਨੂੰ ਭਾਈਚਾਰੇ ’ਚ ਵੰਡੀਆਂ ਤੇ ਫਿਰਕਾਪ੍ਰਸਤੀ ਨੂੰ ਹੁਲਾਰਾ ਦੇਣਾ ਦੱਸਿਆ

ਅਜੀਤ ਡੈਸਕ 25-08-2026

‘ਆਪ’ ਨੇ ਕੀਤੀ ਸਖ਼ਤ ਅਲੋਚਨਾ

ਪਟਿਆਲਾ, 24 ਅਗਸਤ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਧਰਮਵੀਰ ਗਾਂਧੀ ਵਲੋਂ ਸੂਬਾ ਸਰਕਾਰ ਦੀਆਂ ਸਰਕਾਰੀ ਸਕੀਮਾਂ ’ਤੇ ਨਿਸ਼ਾਨਾ ਸਾਧਦਿਆਂ ਸਾਂਝੀ ਕੀਤੀ ਗਈ ਇਕ ਪੋਸਟ ਨੇ ਤਰਥੱਲੀ ਮਚਾ ਦਿੱਤੀ ਹੈ ਜਿਸ ਤੋਂ ਬਾਅਦ ਸੱਤਾ ਧਿਰ ਤੇ ਵਿਰੋਧੀ ਪਾਰਟੀਆਂ ਵੱਖੋ-ਵੱਖਰੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ । ਪੋਸਟ ਦੇ ਵਾਇਰਲ ਹੋਣ ਤੋਂ ਬਾਅਦ ਜਿੱਥੇ ਡਾ. ਗਾਂਧੀ ਵਲੋਂ ਚੁੱਪੀ ਸਾਧ ਲਈ ਗਈ ਹੈ, ਉੱਥੇ ਹੀ ਕਾਂਗਰਸੀ ਆਗੂ ਵੀ ਡਾ. ਗਾਂਧੀ ਵਲੋਂ ਕਹੀ ਗਈ ਗੱਲ ’ਤੇ ਉਨ੍ਹਾਂ ਦੇ ਨਾਲ ਸਟੈਂਡ ਲੈਂਦੇ ਨਹੀਂ ਦਿਸ ਰਹੇ, ਜਦੋਂ ਕਿ ਡਾ. ਗਾਂਧੀ ਦੇ ਇਸ ਬਿਆਨ ਨੂੰ ਆਮ ਆਦਮੀ ਪਾਰਟੀ ਦੇ ਆਗੂ ਨੇ ਧਾਰਮਿਕ ਭਾਵਨਾਵਾਂ ’ਤੇ ਸੱਟ ਮਾਰਨ ਵਾਲਾ, ਮਾੜੀ ਮਾਨਸਿਕਤਾ ਦਾ ਪ੍ਰਗਟਾਵਾ, ਅਡੰਬਰੀ ਤੇ ਨਾਸਤਿਕ ਬੰਦਾ ਦੱਸ ਰਹੇ ਹਨ । ਡਾ. ਗਾਂਧੀ ਵਲੋਂ ਉਨ੍ਹਾਂ ਦੇ ਸੋਸ਼ਲ ਮੀਡੀਆਂ ’ਤੇ ਇਹ ਪੋਸਟ ਪਾਈ ਗਈ ਸੀ ਜਿਸ ਵਿਚ ਲਿਖਿਆ ਸੀ ਕਿ ‘ਕੇਜਰੀ-ਭਗਵੰਤ ਐਂਡ ਕੰਪਨੀ, ਮੇਰਾ ਪਰਿਵਾਰ ਦਿਨ ਰਾਤ ਮਿਹਨਤ ਕਰਕੇ ਇਸ ਲਈ ਟੈਕਸ ਭਰਦਾ ਹੈ ਕਿ, ਇਹ ਰਾਜ ਦੇ ਲੋਕਾਂ ਨੂੰ ਵਧੀਆ ਇਲਾਜ, ਵਿੱਦਿਆ, ਰੋਜ਼ਗਾਰ ਅਤੇ ਵਧੀਆ ਬੁਨਿਆਦੀ ਢਾਂਚਾ ਮੁਹੱਈਆ ਕਰਨ ਵਿਚ ਲੱਗੇ ਹਨ । ਇਸ ਤੋਂ ਇਲਾਵਾਂ ਉਨ੍ਹਾਂ ਵਲੋਂ ਆਪਣੀ ਪੋਸਟ ਵਿਚ ਸਰਕਾਰ ਨੂੰ ਵੰਗਾਰਦਿਆਂ ਕਿਹਾ ਹੈ ਕਿ “ਖਬਰਦਾਰ! ਸਰਕਾਰੀ ਖਜ਼ਾਨੇ ਵਿਚ ਗਏ ਮੇਰੇ ਟੈਕਸ ਦਾ ਪੈਸਾ ‘ਏਕ ਸ਼ਾਮ ਸ਼ਿਵ ਕੇ ਨਾਮ’, ‘ਹਮਾਰੇ ਰਾਮ’, ਨਵੇਂ ਮੰਦਰ ਬਣਾਉਣ, ਸ਼੍ਰੀ ਖਾਟੂ ਸ਼ਾਮ, ਸਾਲਾਸਰ, ਹਰਿਦੁਆਰ, ਰਿਸ਼ੀਕੇਸ਼, ਮਥੁਰਾ, ਵਰਿੰਦਾਵਨ, ਹਜ਼ੂਰ ਸਾਹਿਬ ਵਰਗੀਆਂ ਧਾਰਮਿਕ ਯਾਤਰਾਵਾਂ ਕਰਵਾਉਣ ਜਾਂ ਫਿਰ ਕਿਸੇ ਹੋਰ ਧਾਰਮਿਕ ਅਨੁਸ਼ਠਾਨਾਂ/ਅਡੰਬਰਾਂ ’ਤੇ ਖਰਚਿਆ ਜਾਵੇ । ਧਰਮ, ਕਿਸੇ ਵੀ ਬੰਦੇ ਦੀ ਨਿੱਜੀ ਆਸਥਾ ਦਾ ਮਾਮਲਾ ਨਹੀਂ ਹੈ, ਸਟੇਟ ਵਲੋਂ ਇਕ ਜਾਂ ਦੂਜੇ ਧਰਮ ਨੂੰ ਕਿਸੇ ਵੀ ਕਿਸਮ ਦੀ ਹੱਲਾਸ਼ੇਰੀ/ਸਰਪ੍ਰਸਤੀ ਦੇਣਾ, ਭਾਰਤੀ ਸੰਵਿਧਾਨ ਦੀ ਉਲੰਘਣਾ ਹੀ ਨਹੀਂ, ਭਾਈਚਾਰਿਆਂ ਵਿਚਕਾਰ ਵਿਤਕਰੇ ਵੰਡੀਆਂ ਪਾਕੇ, ਫ਼ਿਰਕਾਪ੍ਰਸਤੀ ਨੂੰ ਵੀ ਹੁਲਾਰਾ ਦੇਣ ਦਾ ਕਾਰਨ ਬਣਦਾ ਹੈ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਜੰਮ ਕੇ ਡਾ. ਗਾਂਧੀ ਦੀ ਅਲੋਚਨਾ ਕੀਤੀ। ਇਸ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਇਸ ਪੋਸਟ ਨੂੰ ਮਾੜੀ ਮਾਨਸਿਕਤਾ ਦਾ ਪ੍ਰਗਟਾਵਾ ਦੱਸਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਕੋਈ ਵਪਾਰ ਨਹੀਂ ਸਗੋਂ ਪੰਜਾਬੀਆਂ ਦੇ ਪੈਸੇ ਦਾ ਸਦਉਪਯੋਗ ਕਰ ਰਹੀ ਹੈ । ‘ਆਪ’ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਧਰਮਵੀਰ ਗਾਂਧੀ ਦੇ ਇਸ ਬਿਆਨ ’ਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੋਂ ਸਪੱਸ਼ਟੀਕਰਨ ਦੀ ਮੰਗ ਕੀਤੀ ਹੈ । ਆਪ ਦੇ ਬੁਲਾਰੇ ਨੀਲ ਗਰਗ ਨੇ ਡਾ. ਗਾਂਧੀ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਇਹ ਇਕ ਪਰਿਵਾਰ ਦਾ ਪੈਸਾ ਨਹੀਂ ਸਗੋਂ ਪੰਜਾਬੀਆਂ ਦਾ ਪੈਸਾ ਪੰਜਾਬੀਆਂ ’ਤੇ ਹੀ ਖਰਚ ਹੋ ਰਿਹਾ ਹੈ । ‘ਆਪ’ ਆਗੂ ਦੀਪਲ ਬਾਲੀ ਨੇ ਕਰੜੇ ਸ਼ਬਦਾਂ ਵਿਚ ਡਾ. ਗਾਂਧੀ ਦੀ ਇਸ ਪੋਸਟ ਦੀ ਨਿੰਦਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਨਾਤਨੀ, ਨਿਹੰਗ ਜਥੇਬੰਦੀਆਂ ਦੇ ਸੁਨੇਹੇ ਆ ਰਹੇ ਹਨ ਤੇ ਕਿਹਾ ਜਾ ਰਿਹਾ ਹੈ ਕਿ ਇਸ ਪੋਸਟ ਨੇ ਉਨ੍ਹਾਂ ਦੀ ਆਸਥਾ ’ਤੇ ਸੱਟ ਮਾਰੀ ਹੈ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਜਿਹੇ ਸਮਾਗਮ ਕਰਦੀ ਰਹੇਗੀ ਤੇ ਅਸੀਂ ਨਾਸਤਿਕ ਤੇ ਅਡੰਬਰੀ ਬੰਦਿਆਂ ਦੇ ਕਹਿਣ ’ਤੇ ਸਮਾਗਮ ਬੰਦ ਨਹੀਂ ਕਰਾਂਗੇ। ਉਨ੍ਹਾਂ ਧਰਮਵੀਰ ਗਾਂਧੀ ਦੇ ਬਿਆਨਾਂ ’ਤੇ ਕਾਂਗਰਸੀ ਆਗੂਆਂ ਦੀ ਚੁੱਪੀ ’ਤੇ ਸਵਾਲ ਚੁੱਕੇ ਤੇ ਦੋਸ਼ ਲਾਇਆ ਕਿ ਅਜਿਹੇ ਬਿਆਨ ਪੰਜਾਬ ਨੂੰ ਧਾਰਮਿਕ ਲੀਹਾਂ ’ਤੇ ਵੰਡਣ ਦੀ ਕਾਂਗਰਸ ਪਾਰਟੀ ਦੀ ਕੋਸ਼ਿਸ਼ ਨੂੰ ਦਰਸਾਉਂਦੇ ਹਨ। ਉਨ੍ਹਾਂ ਕਾਂਗਰਸੀ ਨੇਤਾ ਦੀਪੇਂਦਰ ਹੁੱਡਾ ਦੀ ਵੀ ਆਲੋਚਨਾ ਕੀਤੀ, ਜਿਨ੍ਹਾਂ ਸੱਜਣ ਕੁਮਾਰ ਨੂੰ ਰੋਲ ਮਾਡਲ ਦੱਸਿਆ ਸੀ। ਬਾਲੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਸਰਕਾਰ ’ਤੇ ਵਿਸ਼ਵਾਸ ਪ੍ਰਗਟਾਇਆ ਹੈ। ਅਸੀਂ ਪੰਜਾਬ ਦੇ ਧਾਰਮਿਕ ਤੇ ਸੱਭਿਆਚਾਰਕ ਵਿਰਸੇ ਦਾ ਜਸ਼ਨ ਮਨਾਉਣ ਵਾਲੇ ਪ੍ਰੋਗਰਾਮ ਕਰਵਾਉਣਾ ਜਾਰੀ ਰੱਖਾਂਗੇ। ਕਿਸੇ ਵਿਅਕਤੀ ਦੀਆਂ ਟਿੱਪਣੀਆਂ ਸਾਨੂੰ ਅਜਿਹਾ ਕਰਨ ਤੋਂ ਨਹੀਂ ਰੋਕ ਸਕਦੀਆਂ।

ਮੈਨੂੰ ‘ਆਪ’ ਆਗੂ ਜੋ ਮਰਜ਼ੀ ਕਹਿਣ ਮੈਂ ਪ੍ਰਵਾਹ ਨਹੀਂ ਕਰਦਾ-ਡਾ. ਗਾਂਧੀ 

‘ਅਜੀਤ’ ਵਲੋਂ ਡਾ. ਗਾਂਧੀ ਵਲੋਂ ਪਾਈ ਪੋਸਟ ਤੋਂ ਬਾਅਦ ਉਨ੍ਹਾਂ ਦਾ ਪ੍ਰਤੀਕਰਮ ਜਾਣਨ ਲਈ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੇਰਾ ਟੈਕਸ ਦਾ ਪੈਸਾ ਯਾਤਰਾਵਾਂ ਕਰਵਾਉਣ ਜਾਂ ਮੰਦਿਰ ਬਣਵਾਉਣ ਲਈ ਸੂਬਾ ਨਹੀਂ ਵਰਤ ਸਕਦਾ। ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਆਗੂ ਵਲੋਂ ਨਾਸਤਿਕ ਦੱਸੇ ਜਾਣ ’ਤੇ ਜਵਾਬ ਦਿੰਦਿਆਂ ਕਿਹਾ ਕਿ ਉਹ ਜੋ ਮਰਜ਼ੀ ਕਹਿਣ ਮੈਂ ਨਹੀਂ ਉਨ੍ਹਾਂ ਦੀ ਪਰਵਾਹ ਕਰਦਾ। ‘ਅਜੀਤ’ ਵਲੋਂ ਡਾ. ਗਾਂਧੀ ਦੀ ਪਾਈ ਪੋਸਟ ਵਿਚ ਸੂਬੇ ਵਿਚ ਫਿਰਕਾਪ੍ਰਸਤੀ ’ਚ ਵਾਧੇ ਹੋਣ ਦੀ ਗੱਲ ਬਾਰੇ ਉਨ੍ਹਾਂ ਕਿਹਾ ਕਿ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਫਿਰਕਾਪ੍ਰਸਤੀ ਫੈਲਾਈ ਜਾ ਰਹੀ ਹੈ ਤੇ ਕੇਜਰੀਵਾਲ ਵਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਪੰਜਾਬ ਦੇ ਹਿੰਦੂ ਵਪਾਰੀਆਂ ਨੂੰ ਈ.ਡੀ. ਤੰਗ ਕਰ ਰਹੀ ਹੈ ਜੋਕਿ ਪੰਜਾਬ ਦੇ ਵਪਾਰੀਆਂ ਵਿਚ ਫੁੱਟ ਪਾਉਣ ਦੀ ਗੱਲ ਹੈ।

ਪਿਛਲੀ ਖ਼ਬਰ ਮੁੱਖ ਮੰਤਰੀ ਨੇ ਪਿੰਡਾਂ ਦੇ ਨੌਜਵਾਨਾਂ ਨੂੰ 500 ਆਧੁਨਿਕ ਪੇਂਡੂ ਖੇਡ ਮੈਦਾਨਾਂ ਦਾ ਦਿੱਤਾ ਤੋਹਫ਼ਾ ਅਗਲੀ ਖ਼ਬਰ ਪ੍ਰਧਾਨ ਮੰਤਰੀ 27 ਨੂੰ ਨੌਜਵਾਨਾਂ ਨਾਲ ਕਰਨਗੇ ਸਿੱਧੀ ਗੱਲਬਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।