ਚੰਡੀਗੜ੍ਹ, 5 ਅਗਸਤ (ਵਿਕਰਮਜੀਤ ਸਿੰਘ ਮਾਨ)-ਅੱਜ ਪੰਜਾਬ ਵਿਧਾਨ ਸਭਾ ਇਜਲਾਸ ਦੇ ਤੀਜੇ ਦਿਨ ਦੀ ਸ਼ੁਰੂਆਤ ਵੀ ਹੰਗਾਮੇ ਨਾਲ ਹੋਈ। ਸਦਨ ਦਾ ਕੰਮ ਕਾਜ ਸ਼ੁਰੂ ਹੁੰਦਿਆਂ ਹੀ ਸਵਾਲ ਜਵਾਬ ਦੀ ਕਾਰਵਾਈ ਦੌਰਾਨ ਕਾਂਗਰਸੀ ਵਿਧਾਇਕਾਂ ਵਲੋਂ ਸਦਨ ’ਚ ਹੰਗਾਮਾ ਕੀਤਾ ਗਿਆ ਅਤੇ ਸਪੀਕਰ ਦੀ ਬੈੱਲ ’ਚ ਆ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ। ਕਾਂਗਰਸੀ ਵਿਧਾਇਕਾਂ ਵਲੋਂ ਸਦਨ ’ਚ ਕਾਨੂੰਨ ਅਵਸਥਾ ਦੇ ਮੁੱਦੇ ’ਤੇ ਬਹਿਸ ਕਰਵਾਉਣ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਹੋਰਨਾਂ ਵਿਧਾਇਕਾਂ ਦੇ ਕੰਮ ਰੋਕੂ ਮਤੇ ਨੂੰ ਅਸਵੀਕਾਰ ਕਰਨ ਅਤੇ ਇਸ ਦੇ ਨਾਲ ਹੀ ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਦੇ ਸੁਰੱਖਿਆ ਕਰਮੀਆਂ ਉੱਤੇ ਧੱਕੇਸ਼ਾਹੀ ਕਰਨ ਦੇ ਮੁੱਦੇ ’ਤੇ ਨਾਅਰੇਬਾਜ਼ੀ ਕੀਤੀ ਗਈ। ਕਾਂਗਰਸ ਵਿਧਾਇਕਾਂ ਨੇ ਕਿਹਾ ਕਿ ਸੁਰੱਖਿਆ ਕਰਮੀਆਂ ਵਲੋਂ ਉਨ੍ਹਾਂ ਨੂੰ ਧੱਕੇ ਮਾਰੇ ਗਏ ਅਤੇ ਬਦਸਲੂਕੀ ਕੀਤੀ ਗਈ। ਇਸੇ ਦੌਰਾਨ ਸਵਾਲ ਜਵਾਬ ਦੀ ਕਾਰਵਾਈ ਤਾਂ ਭਾਵੇਂ ਜਾਰੀ ਰਹੀ, ਪਰ ਕਾਂਗਰਸੀ ਵਿਧਾਇਕਾਂ ਨੇ ਨਾਅਰੇਬਾਜ਼ੀ ਜਾਰੀ ਰੱਖੀ ਅਤੇ ਕਰੀਬ 15 ਮਿੰਟ ਦੇ ਬਾਅਦ ਸਦਨ ’ਚੋਂ ਕਾਂਗਰਸੀ ਵਿਧਾਇਕ ਵਾਕਆਊਟ ਕਰਕੇ ਚਲੇ ਗਏ। ਇਸ ਤੋਂ ਪਹਿਲਾਂ ਕਾਂਗਰਸੀ ਵਿਧਾਇਕ ਹੱਥਾਂ ਵਿਚ ਮੁੱਖ ਮੰਤਰੀ ਮਾਨ ਦੇ ਬਾਈਕਾਟ ਦੀਆਂ ਤਖ਼ਤੀਆਂ ਲੈ ਕੇ ਵਿਧਾਨ ਸਭਾ ਵਿਚ ਦਾਖਲ ਹੋਏ ਅਤੇ ਪ੍ਰਦਰਸ਼ਨ ਕਰਨ ਲੱਗੇ। ਇਸੇ ਦੌਰਾਨ ਜਦੋਂ ਸਦਨ ਦੀ ਕਾਰਵਾਈ ਦਾ ਸਮਾਂ ਸ਼ੁਰੂ ਹੋਇਆ ਤਾਂ ਕਾਂਗਰਸੀ ਵਿਧਾਇਕ ਹੱਥਾਂ ਵਿਚ ਤਖਤੀਆਂ ਲੈ ਕੇ ਸਦਨ ਦੇ ਅੰਦਰ ਜਾਣ ਲੱਗੇ ਤਾਂ ਉਥੇ ਤਾਇਨਾਤ ਸੁਰੱਖਿਆ ਕਰਮੀਆਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਇਸ ਮੌਕੇ ਦੋਵਾਂ ਧਿਰਾਂ ਵਿਚਾਲੇ ਹੋਈ ਬਹਿਸ ਨਾਲ ਮਾਹੌਲ ਗਰਮਾ ਗਿਆ। ਜਿਸ ਤੋਂ ਨਾਰਾਜ਼ ਹੋਣ ’ਤੇ ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਵਿਚ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਹਾਲਾਂਕਿ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਕਤ ਮਾਮਲੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵੀ ਸਦਨ ’ਚ ਕਿਹਾ ਕਿ ਜੇਕਰ ਸਦਨ ਦੇ ਮੈਂਬਰਾਂ ਨਾਲ ਕਿਸੇ ਤਰ੍ਹਾਂ ਦੀ ਬਦਸਲੂਕੀ ਹੋਈ ਹੈ ਤਾਂ ਇਸ ਦੀ ਜਾਂਚ ਕਰਾ ਕੇ ਉੱਚ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ, ਕਿਉਂਕਿ ਸਾਰੇ ਮੈਂਬਰ ਸਤਿਕਾਰਯੋਗ ਹਨ ਅਤੇ ਕਿਸੇ ਨਾਲ ਵੀ ਅਜਿਹਾ ਨਹੀਂ ਹੋਣਾ ਚਾਹੀਦਾ। ਇਸ ਮਗਰੋਂ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਸ. ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਰਕਾਰ ਵਲੋਂ ਆਪਣੀ ਪੁਲਿਸ ਦੇ ਜ਼ਰੀਏ ਉਨ੍ਹਾਂ ਦੀ ਦਸਤਾਰ ਅਤੇ ਗਲਾਂਵੇ ਨੂੰ ਹੱਥ ਪਾਇਆ ਗਿਆ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਪਰ ਸਪੀਕਰ ਵਲੋਂ ਨਾ ਉਨ੍ਹਾਂ ਦੀ ਗੱਲ ਸੁਣੀ ਗਈ ਤੇ ਨਾ ਹੀ ਦੋਸ਼ੀ ਸੁਰੱਖਿਆ ਮੁਲਾਜ਼ਮਾਂ ਖਿਲਾਫ਼ ਕੋਈ ਕਾਰਵਾਈ ਕੀਤੀ ਗਈ। ਇਸ ਤੋਂ ਪਹਿਲਾਂ ਉਨ੍ਹਾਂ ਵਿਧਾਨ ਸਭਾ ਦੀ ਗੈਲਰੀ ਵਿਚ ਵੀ ਮੁੱਖ ਮੰਤਰੀ ਖਿਲਾਫ਼ ਨਾਅਰਿਆਂ ਵਾਲੀਆਂ ਤਖਤੀਆਂ ਲੈ ਕੇ ਪ੍ਰਦਰਸ਼ਨ ਕੀਤਾ। ਸ. ਬਾਜਵਾ ਨੇ ਕਿਹਾ ਕਿ ਅਸੀਂ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਮਾਮਲੇ ’ਤੇ ਚਰਚਾ ਚਾਹੁੰਦੇ ਹਾਂ, ਸੀ.ਐਮ.ਓ ਅਧਿਕਾਰੀਆਂ ਦੇ ਨਾਂਅ ਸਾਹਮਣੇ ਆ ਰਹੇ ਹਨ ਅਤੇ ਇਕ ਇੰਸਪੈਕਟਰ ਨੂੰ ਚਾਰ ਲੱਖ ਅਮਰੀਕੀ ਡਾਲਰ ਦੀ ਫਿਰੌਤੀ ਮੰਗਦੇ ਹੋਏ ਫੜਿਆ ਗਿਆ ਸੀ। ਕਈ ਸੀਨੀਅਰ ਅਧਿਕਾਰੀਆਂ ’ਤੇ ਨਸ਼ੀਲੇ ਪਦਾਰਥਾਂ ਦੇ ਮਾਮਲਿਆਂ ਨਾਲ ਸੰਬੰਧਿਤ ਕੇਸ ਵੀ ਚੱਲ ਰਹੇ ਹਨ। ਪਿਛਲੇ ਡੇਢ ਤੋਂ ਦੋ ਸਾਲਾਂ ਤੋਂ ਉਨ੍ਹਾਂ ਨੂੰ ਭਗੌੜਾ ਅਪਰਾਧੀ ਐਲਾਨਿਆ ਗਿਆ ਹੈ ਅਤੇ ਉਹ ਖੁੱਲ੍ਹੇਆਮ ਘੁੰਮ ਰਹੇ ਹਨ। ਪੰਜਾਬ ਸਰਕਾਰ ਕਹਿੰਦੀ ਹੈ ਕਿ ਪੁਲਿਸ ਉਨ੍ਹਾਂ ਦਾ ਪਤਾ ਲਗਾਉਣ ਵਿਚ ਅਸਮਰੱਥ ਹੈ ਪਰ ਅੱਜ ਸਰਕਾਰ ਕਾਨੂੰਨ ਵਿਵਸਥਾ, ਅਪਰਾਧ ਅਤੇ ਪੰਜਾਬ ਦੇ ਹੋਰ ਪੱਖ ਦੇ ਮਸਲਿਆਂ ’ਤੇ ਬਹਿਸ ਕਰਨ ਦੀ ਜਗ੍ਹਾ ਵਿਰੋਧੀ ਧਿਰ ਦੀ ਆਵਾਜ਼ ਨੂੰ ਕੁਚਲਣ ਦਾ ਕੰਮ ਕਰਨ ’ਤੇ ਲੱਗੀ ਹੋਈ ਹੈ। ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸਾਡੇ ਕੋਲ ਹੋਰ ਕੋਈ ਵਿਕਲਪ ਨਹੀਂ ਹੈ, ਕਿਉਂਕਿ ਜਿਨ੍ਹਾਂ ਮੁੱਦਿਆਂ ’ਤੇ ਅਸੀਂ ਬਹਿਸ ਕਰਨਾ ਚਾਹੁੰਦੇ ਹਾਂ, ਉਹ ਪੰਜਾਬ ਦੇ ਬਹੁਤ ਮਹੱਤਵਪੂਰਨ ਮੁੱਦੇ ਹਨ, ਜਿਨ੍ਹਾਂ ਵਿਚ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਮੁੱਖ ਮੰਤਰੀ ਨੂੰ ਗੁਰੂ ਦੋਖੀ ਅਤੇ ਪੰਥ ਵਿਰੋਧੀ ਐਲਾਨਣ ਦਾ ਮਾਮਲਾ, ਪੇਪਰ ਲੀਕ ਮਾਮਲਾ, ਗੈਂਗਸਟਰਵਾਦ, ਅਪਰਾਧ, ਪੰਜਾਬ ਸਿਰ ਵਧ ਰਿਹਾ ਕਰਜ਼ਾ, ਮੁਲਾਜ਼ਮਾਂ, ਕਿਸਾਨਾਂ ਅਤੇ ਆਪਣੀਆਂ ਮੰਗਾਂ ’ਤੇ ਪ੍ਰਦਰਸ਼ਨ ਕਰ ਰਹੇ ਲੋਕਾਂ ਉੱਤੇ ਹੋਰ ਅੱਤਿਆਚਾਰ ਦਾ ਮਾਮਲਾ ਚੁੱਕਣਾ ਚਾਹੁੰਦੇ ਹਾਂ, ਪਰ ਸਰਕਾਰ ਵਲੋਂ ਇਨ੍ਹਾਂ ਮੁੱਦਿਆਂ ’ਤੇ ਕੋਈ ਬਹਿਸ ਨਹੀਂ ਹੋਣ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਨੂੰ ਹਾਈਜੈੱਕ ਕਰ ਲਿਆ ਹੈ। ਉਹ ਦਿੱਲੀ ਬਾਰੇ ਗੱਲ ਕਰਦੇ ਹਨ ਅਤੇ ਪੇਪਰ ਲੀਕ ਅਤੇ ਪੁਲਿਸ ਦੀ ਬੇਰਹਿਮੀ ਵਰਗੇ ਮੁੱਦਿਆਂ ਉੱਤੇ ਭਾਜਪਾ ਦੀ ਆਲੋਚਨਾ ਕਰਦੇ ਹਨ, ਪਰ ਉਹ ਪੰਜਾਬ ਵਿਚ ਹੋਰ ਵੀ ਜ਼ਿਆਦਾ ਤਸ਼ੱਦਦਾਂ ਨਾਲ ਉਹੀ ਕੰਮ ਕਰ ਰਹੇ ਹਨ। ਤੀਜੇ ਦਿਨ ਵੀ ਕਾਂਗਰਸੀ ਵਿਧਾਇਕ ਗਲਾਂ ਵਿਚ ਕਾਲੇ ਪਰਨੇ ਪਾ ਕੇ ਵਿਧਾਨ ਸਭਾ ਪਹੁੰਚੇ। ਇਸ ਮੌਕੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਸਮੁੱਚੇ ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਦੇ ਬਾਹਰ ਨਾਅਰੇਬਾਜ਼ੀ ਕੀਤੀ ਅਤੇ ਮੁੱਖ ਮੰਤਰੀ ਬਾਈਕਾਟ ਦੀ ਤਖਤੀਆਂ ਹੱਥ ਵਿਚ ਲੈ ਕੇ ‘ਆਪ’ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ।
ਕਾਨੂੰਨ ਵਿਵਸਥਾ ਦੇ ਮੁੱਦੇ ’ਤੇ ਕਾਂਗਰਸੀ ਵਿਧਾਇਕਾਂ ਵਲੋਂ ਵਾਕਆਊਟ
ਚੰਡੀਗੜ੍ਹ, 5 ਅਗਸਤ (ਵਿਕਰਮਜੀਤ ਸਿੰਘ ਮਾਨ)-ਅੱਜ ਪੰਜਾਬ ਵਿਧਾਨ ਸਭਾ ਇਜਲਾਸ ਦੇ ਤੀਜੇ ਦਿਨ ਦੀ ਸ਼ੁਰੂਆਤ ਵੀ ਹੰਗਾਮੇ ਨਾਲ ਹੋਈ। ਸਦਨ ਦਾ ਕੰਮ ਕਾਜ ਸ਼ੁਰੂ ਹੁੰਦਿਆਂ ਹੀ ਸਵਾਲ ਜਵਾਬ ਦੀ ਕਾਰਵਾਈ ਦੌਰਾਨ ਕਾਂਗਰਸੀ ਵਿਧਾਇਕਾਂ ਵਲੋਂ ਸਦਨ ’ਚ ਹੰਗਾਮਾ ਕੀਤਾ ਗਿਆ ਅਤੇ ਸਪੀਕਰ ਦੀ ਬੈੱਲ
ਅਜੀਤ ਡੈਸਕ
06-08-2026