ਨਵੀਂ ਦਿੱਲੀ, 4 ਅਗਸਤ (ਜਗਤਾਰ ਸਿੰਘ)-ਈ-20 ਪੈਟਰੋਲ ਦੇ ਮੁੱਦੇ ਨੂੰ ਲੈ ਕੇ ਰਾਜਧਾਨੀ ਦਿੱਲੀ ਦੀਆਂ ਸੜਕਾਂ ’ਤੇ ਮੰਗਲਵਾਰ ਨੂੰ ਕਾਫ਼ੀ ਹੰਗਾਮਾ ਵੇਖਣ ਨੂੰ ਮਿਲਿਆ । ਦਰਅਸਲ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਹਿਲਾਂ ਤੋਂ ਕੀਤੇ ਆਪਣੇ ਐਲਾਨ ਮੁਤਾਬਿਕ ਈ-20 ਦੇ ਵਿਰੋਧ ’ਚ ਪ੍ਰਧਾਨ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਸ਼ੁਰੂ ਕੀਤਾ ਪਰ ਦਿੱਲੀ ਪੁਲਿਸ ਨੇ ਬੈਰੀਕੇਡ ਖੜ੍ਹੇ ਕਰਕੇ ਕੇਜਰੀਵਾਲ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਫ਼ਿਰੋਜ਼ਸ਼ਾਹ ਰੋਡ ’ਤੇ ਹੀ ਰੋਕ ਲਿਆ। ਪੁਲਿਸ ਦੁਆਰਾ ਰੋਕੇ ਜਾਣ ਤੋਂ ਬਾਅਦ ਕੇਜਰੀਵਾਲ ਆਪਣੇ ਸਮਰਥਕਾਂ ਅਤੇ ਵਰਕਰਾਂ ਸਮੇਤ ਸੜਕ ਦੇ ਵਿਚਕਾਰ ਹੀ ਧਰਨੇ ’ਤੇ ਬੈਠ ਗਏ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਦੀ ਮੰਗ ਕਰਨ ਲੱਗੇ । ਇਸ ਮੌਕੇ ਕੇਜਰੀਵਾਲ ਤੇ ਪੁਲਿਸ ਵਿਚਕਾਰ ਤਿੱਖੀ ਬਹਿਸ ਵੀ ਵੇਖਣ ਨੂੰ ਮਿਲੀ। ਪੁਲਿਸ ਮੁਤਾਬਿਕ ਅਰਵਿੰਦ ਕੇਜਰੀਵਾਲ ਨੇ ਇਸ ਮਾਰਚ ਲਈ ਇਜਾਜ਼ਤ ਨਹੀਂ ਲਈ ਸੀ ਅਤੇ ਪੁਲਿਸ ਨੇ ਵੀ ਇਸ ਮਾਰਚ ਲਈ ਕੋਈ ਇਜਾਜ਼ਤ ਨਹੀਂ ਦਿੱਤੀ ਸੀ। ਦਰਅਸਲ ਪੁਲਿਸ ਨੇ ਪਹਿਲਾਂ ਹੀ ਜਾਣੂ ਕਰਵਾ ਦਿੱਤਾ ਸੀ ਕਿ ਇੱਥੇ ਬੀ.ਐਨ.ਐੱਸ.163 ਲਾਗੂ ਹੈ ਅਤੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਤੱਕ ਕੋਈ ਮਾਰਚ ਨਹੀਂ ਹੋਣ ਦਿੱਤਾ ਜਾਵੇਗਾ। ਸੜਕ ’ਤੇ ਧਰਨੇ ’ਤੇ ਬੈਠਣ ਮੌਕੇ ਕੇਜਰੀਵਾਲ ਨੇ ਕਿਹਾ ਕਿ ਸਾਡੇ ਕੋਲ ਕੋਈ ਗੋਲਾ ਬਾਰੂਦ ਨਹੀਂ ਹੈ ਅਤੇ ਨਾ ਹੀ ਅਸੀਂ ਅੱਤਵਾਦੀ ਹਾਂ, ਫਿਰ ਵੀ ਇੰਨੀ ਵੱਡੀ ਗਿਣਤੀ ਵਿਚ ਪੁਲਿਸ ਲਗਾ ਕੇ ਰੋਕਿਆ ਜਾ ਰਿਹਾ ਹੈ। ਹਾਲਾਂਕਿ, ਥੋੜ੍ਹੀ ਦੇਰ ਬਾਅਦ ਪੁਲਿਸ ਦੀ ਅਪੀਲ ਤੋਂ ਬਾਅਦ ਕੇਜਰੀਵਾਲ ਨੇ ਆਪਣੇ ਨਾਲ ਲਿਆਂਦੇ ਪਟੀਸ਼ਨ ਪੇਪਰ ਨੂੰ ਸਰਕਾਰ ਨੂੰ ਸੌਂਪ ਕੇ ਧਰਨਾ ਖ਼ਤਮ ਕਰ ਦਿੱਤਾ। ਇਸ ਤੋਂ ਬਾਅਦ ਕੇਜਰੀਵਾਲ ਨੇ ਕਿਹਾ ਕਿ ਸਾਰੀਆਂ ਪਟੀਸ਼ਨਾਂ ਪ੍ਰਧਾਨ ਮੰਤਰੀ ਤਕ ਪਹੁੰਚਾ ਦਿੱਤੀਆਂ ਗਈਆਂ ਹਨ, ਹੁਣ ਦੇਸ਼ ਨੂੰ ਪ੍ਰਧਾਨ ਮੰਤਰੀ ਦੇ ਜਵਾਬ ਦੀ ਉਡੀਕ ਰਹੇਗੀ। ਇਸ ਮੌਕੇ ਕੇਜਰੀਵਾਲ ਨੇ ਈ-20 ਦੇ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਤਿੱਖੇ ਹਮਲੇ ਕੀਤੇ ਅਤੇ ਕਿਹਾ ਕਿ ਈ-20 ਦੇ ਖ਼ਿਲਾਫ਼ ਨੀਟ ਪੇਪਰ ਲੀਕ ਤੋਂ ਵੀ ਵੱਡਾ ਅੰਦੋਲਨ ਕਰਨਾ ਪਏਗਾ । ਕੇਜਰੀਵਾਲ ਨੇ ਕਿਹਾ ਕਿ ਈ20 ਪੈਟਰੋਲ ਨਾਲ ਕਰੋੜਾਂ ਲੋਕ ਪ੍ਰੇਸ਼ਾਨ ਹਨ। ਅਮਰੀਕਾ ਦੇ ਦਬਾਅ ਵਿਚ ਕੇਂਦਰ ਸਰਕਾਰ ਜਬਰਨ ਈ-20 ਨੂੰ ਜਨਤਾ ’ਤੇ ਥੋਪ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਪਿਛਲੇ ਸਾਲ ਅਮਰੀਕਾ ਤੋਂ ਇਕ ਅਰਬ ਲੀਟਰ ਈਥਾਨੌਲ ਖਰੀਦਿਆ ਅਤੇ ਇਸ ਸਾਲ ਢਾਈ ਮਿਲੀਅਨ ਡਾਲਰਜ਼ ਦਾ ਖਰੀਦਿਆ ਜਾਵੇਗਾ । ਅਮਰੀਕਾ ਤੋਂ ਕਚਰਾ ਖ਼ਰੀਦ ਕੇ ਸਾਡੀਆਂ ਗੱਡੀਆਂ ਵਿਚ ਠੋਸਿਆ ਜਾ ਰਿਹਾ ਹੈ ਅਤੇ ਸਾਡੀਆਂ ਗੱਡੀਆਂ ਖ਼ਰਾਬ ਹੋ ਰਹੀਆਂ ਹਨ। ਕੇਜਰੀਵਾਲ ਨੇ ਕਿਹਾ ਕਿ ਅਸੀਂ ਆਪਣੇ ਨਾਲ 2.30 ਲੱਖ ਤੋਂ ਜ਼ਿਆਦਾ ਪਟੀਸ਼ਨਾਂ ਲੈ ਕੇ ਆਏ ਹਾਂ, ਜੋ ਜਨਤਾ ਦੀ ਆਵਾਜ਼ ਹੈ। ਉਨ੍ਹਾਂ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਮੋਦੀ ਨੂੰ ਮਿਲ ਕੇ ਇਨ੍ਹਾਂ ਪਟੀਸ਼ਨਾਂ ਨੂੰ ਸੌਂਪਣਾ ਚਾਹੁੰਦੇ ਸੀ ਤਾਂ ਕਿ ਉਹ ਆਮ ਲੋਕਾਂ ਦੀ ਗੱਲ ਸੁਣਨ । ਇਸ ਦੌਰਾਨ ਉਨ੍ਹਾਂ ਦੇ ਨਾਲ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਸੰਸਦ ਮੈਂਬਰ ਸੰਜੇ ਸਿੰਘ ਵੀ ਮੌਜੂਦ ਸਨ।
ਕੇਜਰੀਵਾਲ ਆਪਣੀ ਅਸਫਲ ਸਿਆਸਤ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ - ਭਾਜਪਾ
ਨਵੀਂ ਦਿੱਲੀ, (ਜਗਤਾਰ ਸਿੰਘ)-ਭਾਜਪਾ ਨੇ ਮੰਗਲਵਾਰ ਨੂੰ ‘ਈ-20’ ਪੈਟਰੋਲ ਦੇ ਵਿਰੋਧ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ਵੱਲ ਮਾਰਚ ਕਰਨ ਦੇ ਕਦਮ ਨੂੰ ਲੈ ਕੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ’ਤੇ ਪਲਟਵਾਰ ਕੀਤਾ ਹੈ ਅਤੇ ਉਨ੍ਹਾਂ ’ਤੇ ਭਾਰਤੀ ਕਿਸਾਨਾਂ ਦੇ ਹਿੱਤਾਂ ਦਾ ਵਿਰੋਧ ਕਰਨ ਅਤੇ ਆਪਣੀ ‘ਨਾਕਾਮ ਸਿਆਸਤ’ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ। ਸਾਬਕਾ ਮੁੱਖ ਮੰਤਰੀ ਕੇਜਰੀਵਾਲ ਨੇ ਦੋਸ਼ ਲਗਾਇਆ ਸੀ ਕਿ ਕੇਂਦਰ ਸਰਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਬਾਅ ਹੇਠ ਈਥਾਨੌਲ-ਮਿਸ਼ਰਤ ਪ੍ਰੈਟਰੋਲ ਨੂੰ ਉਤਸ਼ਾਹਿਤ ਕਰ ਰਹੀ ਹੈ ਅਤੇ ਦਾਅਵਾ ਕੀਤਾ ਕਿ ਸਰਕਾਰ ਇਸ ਮੁੱਦੇ ’ਤੇ ਅਮਰੀਕਾ ਅੱਗੇ ਝੁਕ ਗਈ ਹੈ। ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕੇਜਰੀਵਾਲ ਦੇ ਵਿਰੋਧ ਨੂੰ ਬੇਤੁਕਾ, ਅਰਥਹੀਣ ਅਤੇ ਸਿਆਸੀ ਤੌਰ ’ਤੇ ਪ੍ਰੇਰਿਤ ਕਰਾਰ ਦਿੰਦਿਆਂ ਖਾਰਜ ਕਰ ਦਿੱਤਾ। ਚੁੱਘ ਨੇ ਦਾਅਵਾ ਕੀਤਾ ਕਿ ਈਥਾਨੌਲ-ਮਿਸ਼ਰਣ ਪ੍ਰੋਗਰਾਮ ਨੂੰ ਪਾਰਦਰਸ਼ੀ ਅਤੇ ਵਿਗਿਆਨਕ ਢੰਗ ਨਾਲ ਲਾਗੂ ਕੀਤਾ ਗਿਆ ਹੈ ਅਤੇ ਇਸ ’ਤੇ ਕੋਈ ਇਤਰਾਜ਼ ਨਹੀਂ ਉਠਾਇਆ ਗਿਆ ਹੈ। ਉਨ੍ਹਾਂ ਨੇ ਸੰਸਦ ਭਵਨ ਕੰਪਲੈਕਸ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਮਾਰਚ ਬੇਤੁਕਾ, ਗੈਰ-ਜ਼ਿੰਮੇਵਾਰਾਨਾ ਅਤੇ ਬੇਮਤਲਬ ਹੈ। ਸਭ ਕੁਝ ਵਿਗਿਆਨਕ ਢੰਗ ਨਾਲ ਕੀਤਾ ਗਿਆ ਹੈ। ਇਸ ਪ੍ਰਕਿਰਿਆ ਨੂੰ ਬਾਕਾਇਦਾ ਮਨਜ਼ੂਰੀ ਦਿੱਤੀ ਗਈ ਹੈ ਅਤੇ ਕਿਸੇ ਨੇ ਵੀ ਕੋਈ ਸ਼ਿਕਾਇਤ ਨਹੀਂ ਕੀਤੀ ਹੈ।