13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਕਾਂਗਰਸ ਵਲੋਂ ਜ਼ਬਰਦਸਤ ਪ੍ਰਦਰਸ਼ਨ ਪ੍ਰਧਾਨ ਮੰਤਰੀ ਦੀ ਰਿਹਾਇਸ਼ ਬਾਹਰ ਧਰਨਾ

ਅਜੀਤ ਡੈਸਕ 22-07-2026

ਨਵੀਂ ਦਿੱਲੀ, 21 ਜੁਲਾਈ (ਜਗਤਾਰ ਸਿੰਘ)-ਰਾਹੁਲ ਗਾਂਧੀ ਦੀ ਅਗਵਾਈ ’ਚ ਕਾਂਗਰਸੀ ਆਗਆਂ ਨੇ ਪ੍ਰਧਾਨ ਮੰਤਰੀ ਨਿਵਾਸ ਦੇ ਬਾਹਰ ਪ੍ਰਦਰਸ਼ਨ ਕਰਕੇ ਵਿਦਿਆਰਥੀਆਂ ਨਾਲ ਜੁੜੇ ਮੁੱਦਿਆਂ ’ਤੇ ਸਰਕਾਰ ਨੂੰ ਘੇਰਿਆ, ਜਿਸ ਦੌਰਾਨ ਉਨ੍ਹਾਂ ਗ੍ਰਹਿ ਮੰਤਰੀ ਵਲੋਂ ਸੰਸਦ ’ਚ ਬਿਆਨ ਦੇਣ ਅਤੇ ਚਰਚਾ ਦੀ ਮੰਗ ਨੂੰ ਦੁਹਰਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕੀਤੀ। ਸਰਕਾਰ ਨੇ ਧਰਨੇ ’ਤੇ ਬੈਠੇ ਰਾਹੁਲ ਗਾਂਧੀ ਨਾਲ ਦੋ ਵਾਰ ਗੱਲਬਾਤ ਕੀਤੀ ਪਰ ਉਹ ਆਪਣੀਆਂ ਮੰਗਾਂ ’ਤੇ ਅੜ੍ਹੇ ਰਹੇ। ਜਿਸ ਦੇ ਬਾਅਦ ਪੁਲਿਸ ਨੇ ਧੱਕਾਮੁੱਕੀ ਦੌਰਾਨ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਮਲਿਕਅਰਜੁਨ ਖੜਗੇ, ਚਰਨਜੀਤ ਸਿੰਘ ਚੰਨੀ, ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਜਿੰਦਰ ਸਿੰਘ ਰੰਧਾਵਾ, ਗੁਰਜੀਤ ਸਿੰਘ ਔਜਲਾ ਸਮੇਤ ਕਈ ਆਗੂਆਂ ਨੂੰ ਹਿਰਾਸਤ ’ਚ ਲੈ ਲਿਆ। ਜਿਵੇਂ ਹੀ ਪੁਲਿਸ ਨੇ ਧਰਨੇ ਵਾਲੀ ਥਾਂ ’ਤੇ ਕਾਰਵਾਈ ਸ਼ੁਰੂ ਕੀਤੀ, ਤਾਂ ਰਾਹੁਲ ਗਾਂਧੀ ਜ਼ਮੀਨ ’ਤੇ ਲੇਟ ਗਏ ਅਤੇ ਸੁਰੱਖਿਆ ਕਰਮਚਾਰੀਆਂ ਵਲੋਂ ਜਬਰੀ ਚੁੱਕੇ ਜਾਣ ਦਾ ਵਿਰੋਧ ਕਰਦੇ ਨਜ਼ਰ ਆਏ। ਇਸ ਦੌਰਾਨ ਧੱਕਾਮੁੱਕੀ ਵੀ ਹੋਈ। ਰਾਹੁਲ ਗਾਂਧੀ ਦੇ ਇਕ ਸਮਰਥਕ ਨੇ ਦੱਸਿਆ ਕਿ ਇਸ ਦੌਰਾਨ ਰਾਹੁਲ ਗਾਂਧੀ ਦੀ ਅੱਖ ਦੇ ਹੇਠਾਂ ਸੱਟ ਲੱਗੀ ਹੈ। ਇਸ ਦੌਰਾਨ ਉਦੋਂ ਕਾਫ਼ੀ ਰੌਲਾ-ਰੱਪਾ ਦੇਖਣ ਨੂੰ ਮਿਲਿਆ, ਜਦੋਂ ਪ੍ਰਿਅੰਕਾ ਗਾਂਧੀ ਪੁਲਿਸ ਦੀ ਬੱਸ ਚੱਲਣ ਤੋਂ ਬਾਅਦ ਵੀ ਉਸ ਦੇ ਦਰਵਾਜ਼ੇ ਨਾਲ ਲਟਕ ਕੇ ਵਿਰੋਧ ਜਤਾਉਂਦੀ ਰਹੀ। ਪੁਲਿਸ ਰਾਹੁਲ ਗਾਂਧੀ ਨੂੰ ਮਾਡਲ ਟਾਊਨ ਥਾਣੇ ਲੈ ਗਈ, ਜਦੋਂਕਿ ਕੁਝ ਆਗੂਆਂ ਨੂੰ ਮੰਦਰ ਮਾਰਗ ਥਾਣੇ ਲਿਜਾਇਆ ਗਿਆ। ਪੁਲਿਸ ਨੇ ਧਰਨੇ ’ਚ ਸ਼ਾਮਿਲ ਹੋਏ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੂੰ ਵੀ ਹਿਰਾਸਤ ’ਚ ਲੈ ਲਿਆ। ਕਾਂਗਰਸ ਦਾ ਦੋਸ਼ ਹੈ ਕਿ ਵਿਦਿਆਰਥੀਆਂ ’ਤੇ ਹੋਈ ਪੁਲਿਸ ਕਾਰਵਾਈ ਲਈ ਕੇਂਦਰ ਸਰਕਾਰ ਜਵਾਬਦੇਹ ਹੈ। ਕਾਕਰੋਚ ਜਨਤਾ ਪਾਰਟੀ ਦੇ ‘ਸੰਸਦ ਮਾਰਚ’ ਤੋਂ ਇੱਕ ਦਿਨ ਬਾਅਦ ਕੇਂਦਰ ’ਤੇ ਦਬਾਅ ਬਣਾਉਣ ਦੇ ਮਕਸਦ ਨਾਲ ਕਾਂਗਰਸੀ ਆਗੂ ਰਾਹੁਲ ਗਾਂਧੀ ਹੋਰਨਾਂ ਕਾਂਗਰਸੀ ਸੰਸਦ ਮੈਂਬਰਾਂ ਤੇ ਆਗੂਆਂ ਨਾਲ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰੀ ਰਿਹਾਇਸ਼ 7 ਲੋਕ ਕਲਿਆਣ ਮਾਰਗ ਦੇ ਮੂਹਰੇ ਧਰਨੇ ’ਤੇ ਬੈਠ ਗਏ। ਇਸ ਦੌਰਾਨ ਕਾਂਗਰਸ ਨੇ ਵਿਦਿਆਰਥੀਆਂ ਦੇ ਖਿਲਾਫ਼ ਦਿੱਲੀ ਪੁਲਿਸ ਦੀ ਵਧੀਕੀਆਂ ਅਤੇ ਲਾਠੀਚਾਰਜ ਬਾਰੇ ਪ੍ਰਧਾਨ ਮੰਤਰੀ ਕੋਲੋਂ ਜਵਾਬ ਮੰਗਿਆ। ਪ੍ਰਧਾਨ ਮੰਤਰੀ ਦੀ ਰਿਹਾਇਸ਼ ਮੂਹਰੇ ਵਿਰੋਧੀ ਧਿਰ ਦੇ ਅਚਾਨਕ ਵਿਰੋਧ ਪ੍ਰਦਰਸ਼ਨ ਦੇ ਬਾਅਦ ਦਿੱਲੀ ਵਿਚ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ । ਧਰਨੇ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਵਿਦਿਆਰਥੀਆਂ ਵਿਰੁੱਧ ਹੋਈ ਬੇਰਹਿਮੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁਆਫੀ ਮੰਗਣੀ ਚਾਹੀਦੀ ਹੈ, ਇਸ ਦੇ ਨਾਲ ਹੀ ਉਨ੍ਹਾਂ ਪ੍ਰਧਾਨ ਮੰਤਰੀ ਸਮੇਤ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ ਵੀ ਮੰਗਿਆ। ਧਰਨੇ ’ਚ ਪਾਰਟੀ ਪ੍ਰਧਾਨ ਮਲਿਕਅਰਜੁਨ ਖੜਗੇ, ਪ੍ਰਿਅੰਕਾ ਗਾਂਧੀ ਵਾਡਰਾ, ਕੇ. ਸੀ. ਵੇਣੂਗੋਪਾਲ, ਪਵਨ ਖੇੜਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਗੁਰਜੀਤ ਸਿੰਘ ਔਜਲਾ, ਕਰਨਾਟਕ ਦੇ ਮੁੱਖ ਮੰਤਰੀ ਡੀ.ਕੇ.ਸ਼ਿਵਕੁਮਾਰ ਤੇ ਵੱਡੀ ਗਿਣਤੀ ’ਚ ਹੋਰ ਆਗੂ ਮੌਜੂਦ ਸਨ।
ਧਰਨਾ ਖ਼ਤਮ ਕਰਾਉਣ ਲਈ ਪੁੱਜੇ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਬੇਰੰਗ ਪਰਤੇ
ਇਸੇ ਦੌਰਾਨ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਧਰਨੇ ਵਾਲੀ ਥਾਂ ਪੁੱਜ ਕੇ ਰਾਹੁਲ ਗਾਂਧੀ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਗੱਲਬਾਤ ਬੇਨਤੀਜਾ ਰਹੀ ਅਤੇ ਉਨ੍ਹਾਂ ਨੂੰ ਬੇਰੰਗ ਪਰਤਣਾ ਪਿਆ। ਜਾਣਕਾਰੀ ਮੁਤਾਬਿਕ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੂੰ ਸਰਕਾਰ ਵਲੋਂ ਸੁਨੇਹਾ ਦੇ ਕੇ ਭੇਜਿਆ ਗਿਆ ਸੀ ਕਿ ਵਿਰੋਧੀ ਧਿਰ ਦੇ ਨੇਤਾ ਨੂੰ ਦੱਸਿਆ ਜਾਵੇ ਕਿ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਲਈ ਕੀ-ਕੀ ਕਦਮ ਚੁੱਕੇ ਹਨ। ਉਨ੍ਹਾਂ ਰਾਹੁਲ ਗਾਂਧੀ ਨੂੰ ਭਰੋਸਾ ਦਿੱਤਾ ਕਿ ਸਰਕਾਰ ਮੌਨਸੂਨ ਇਜਲਾਸ ਦੌਰਾਨ ਪੇਪਰ ਲੀਕ ਮੁੱਦੇ ’ਤੇ ਚਰਚਾ ਕਰਨ ਲਈ ਤਿਆਰ ਹੈ।
ਰਾਹੁਲ ਤੇ ਪ੍ਰਿਅੰਕਾ 3 ਘੰਟੇ ਬਾਅਦ ਰਿਹਾਅ
ਦਿੱਲੀ ਪੁਲਿਸ ਨੇ ਹਿਰਾਸਤ ’ਚ ਲਏ ਜਾਣ ਦੇ 3 ਘੰਟਿਆਂ ਬਾਅਦ ਕਾਂਗਰਸੀ ਆਗੂ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਵਾਡਰਾ ਨੂੰ ਛੱਡ ਦਿੱਤਾ ਹੈ। ਪੁਲਿਸ ਨੇ ਲਗਪਗ ਤਿੰਨ ਘੰਟਿਆਂ ਦੀ ਹਿਰਾਸਤ ਤੋਂ ਬਾਅਦ ਰਾਹੁਲ ਗਾਂਧੀ ਸਮੇਤ ਬਾਕੀ ਸਾਰੇ ਕਾਂਗਰਸੀ ਆਗੂਆਂ ਨੂੰ ਰਿਹਾਅ ਕਰ ਦਿੱਤਾ।

ਪਿਛਲੀ ਖ਼ਬਰ ਹੰਗਾਮੇ ਦੀ ਭੇਟ ਚੜ੍ਹਿਆ ਮੌਨਸੂਨ ਇਜਲਾਸ ਦਾ ਦੂਸਰਾ ਦਿਨ ਅਗਲੀ ਖ਼ਬਰ ਸਰਕਾਰ ਨੇ ਸਾਡਾ ਸਮਾਂ ਬਰਬਾਦ ਕੀਤਾ-ਦਿਪਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।