29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਟਨਕਪੁਰ-ਨਾਂਦੇੜ ਐਕਸਪ੍ਰੈੱਸ ਰੇਲ ਗੱਡੀ ਦੀ ਸ਼ੁਰੂਆਤ

ਅਜੀਤ ਡੈਸਕ 07-07-2026

ਭੁਵਨੇਸ਼ਵਰ,6 ਜੁਲਾਈ (ਏਜੰਸੀ)-ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਸੋਮਵਾਰ ਨੂੰ ਭੁਵਨੇਸ਼ਵਰ ਦੇ ਰੇਲ ਸਦਨ ਤੋਂ ਵੀਡੀਓ ਕਾਨਫ਼ਰੰਸਿੰਗ ਰਾਹੀਂ ਨਾਂਦੇੜ-ਮੁੰਬਈ ਅਤੇ ਟਨਕਪੁਰ-ਨਾਂਦੇੜ ਐਕਸਪ੍ਰੈੱਸ ਰੇਲਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਟਨਕਪੁਰ-ਪੀਲੀਭੀਤ ਰੇਲ ਸੇਵਾ ਦਾ ਸ਼ਾਹਜਹਾਂਪੁਰ ਤੱਕ ਵਿਸਤਾਰ ਕਰਨ ਦਾ ਉਦਘਾਟਨ ਵੀ ਕੀਤਾ। ਵੀਡੀਓ ਕਾਨਫ਼ਰੰਸ ਰਾਹੀਂ ਸੰਬੋਧਨ ਕਰਦਿਆਂ ਵੈਸ਼ਨਵ ਨੇ ਕਿਹਾ ਕਿ ਇਨ੍ਹਾਂ ਨਵੀਆਂ ਸ਼ੁਰੂ ਕੀਤੀਆਂ ਰੇਲ ਸੇਵਾਵਾਂ ਨਾਲ ਰੇਲ ਸੰਪਰਕ ਵਿਚ ਸੁਧਾਰ ਹੋਵੇਗਾ ਅਤੇ ਯਾਤਰੀਆਂ, ਖਾਸ ਕਰਕੇ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਤਰਾਈ ਖੇਤਰ ਦੇ ਸਿੱਖ ਭਾਈਚਾਰੇ ਨੂੰ ਵੱਡਾ ਫਾਇਦਾ ਹੋਵੇਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਟਨਕਪੁਰ ਤੋਂ ਨਾਂਦੇੜ ਸਾਹਿਬ, ਹਜ਼ੂਰ ਸਾਹਿਬ ਤੱਕ ਰੇਲਗੱਡੀਆਂ ਚਲਾਉਣ ਦੀ ਲੰਬੇ ਸਮੇਂ ਤੋਂ ਮੰਗ ਸੀ। ਇਸ ਨਾਲ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਤਰਾਈ ਖੇਤਰਾਂ ’ਚ ਰਹਿਣ ਵਾਲੇ ਵੱਡੇ ਸਿੱਖ ਭਾਈਚਾਰੇ ਨੂੰ ਲਾਭ ਮਿਲੇਗਾ। ਹਰ ਕੋਈ ‘ਪੰਜ ਤਖ਼ਤਾਂ’ ਨਾਲ ਜੁੜੇ ਰਹਿਣ ਦੀ ਇੱਛਾ ਰੱਖਦਾ ਹੈ ਅਤੇ ਇਹ ਰੇਲ ਸੰਪਰਕ ਉਸ ਭਾਵਨਾ ਨੂੰ ਪੂਰਾ ਕਰੇਗਾ। ਨਾਂਦੇੜ-ਮੁੰਬਈ ਐਕਸਪ੍ਰੈੱਸ ਬਾਰੇ ਉਨ੍ਹਾਂ ਕਿਹਾ ਕਿ ਇਹ ਰੇਲਗੱਡੀ ਵਾਸ਼ਿਮ, ਹਿੰਗੋਲੀ ਅਤੇ ਬਸਮਤ ਖੇਤਰਾਂ ਲਈ ਸੰਪਰਕ ’ਚ ਸੁਧਾਰ ਕਰੇਗੀ, ਜਿਸ ਨਾਲ ਵਿਦਰਭ ਅਤੇ ਮਰਾਠਵਾੜਾ ਦੇ ਯਾਤਰੀਆਂ ਨੂੰ ਫਾਇਦਾ ਹੋਵੇਗਾ। ਉਨ੍ਹਾਂ ਅੱਗੇ ਐਲਾਨ ਕੀਤਾ ਕਿ ਟਨਕਪੁਰ-ਪੀਲੀਭੀਤ ਰੇਲ ਸੇਵਾ ਨੂੰ ਸ਼ਾਹਜਹਾਂਪੁਰ ਤੱਕ ਵਧਾ ਦਿੱਤਾ ਗਿਆ ਹੈ ਅਤੇ ਟਨਕਪੁਰ-ਆਗਰਾ ਸੇਵਾ, ਜੋ ਪਹਿਲਾਂ ਇੱਕ ਵਿਸ਼ੇਸ਼ (ਸਪੈਸ਼ਲ) ਟਰੇਨ ਵਜੋਂ ਚਲਾਈ ਜਾਂਦੀ ਸੀ, ਨੂੰ ਹੁਣ ਨਿਯਮਤ (ਰੈਗੂਲਰ) ਕਰ ਦਿੱਤਾ ਗਿਆ ਹੈ। ਪਿਛਲੇ 12 ਸਾਲਾਂ ਦੌਰਾਨ ਰੇਲਵੇ ਦੀਆਂ ਪ੍ਰਾਪਤੀਆਂ ’ਤੇ ਚਾਨਣਾ ਪਾਉਂਦਿਆਂ ਵੈਸ਼ਨਵ ਨੇ ਕਿਹਾ ਕਿ ਲਗਭਗ 37,000 ਕਿੱਲੋਮੀਟਰ ਨਵੀਂ ਰੇਲਵੇ ਲਾਈਨ ਵਿਛਾਈ ਗਈ ਹੈ, ਜਦੋਂ ਕਿ ਰੇਲਵੇ ਦਾ ਬਿਜਲੀਕਰਨ (ਇਲੈਕਟ੍ਰੀਫਿਕੇਸ਼ਨ) 99.6 ਪ੍ਰਤੀਸ਼ਤ ਤੱਕ ਪਹੁੰਚ ਗਿਆ ਹੈ।
ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਨਵੀਂ ਸ਼ੁਰੂ ਕੀਤੀ ਗਈ ਨਾਂਦੇੜ-ਟਨਕਪੁਰ-ਨਾਂਦੇੜ ਹਫ਼ਤਾਵਾਰੀ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਵਰਚੁਅਲ ਮਾਧਿਅਮ ਰਾਹੀਂ ਸ਼ਮੂਲੀਅਤ ਕਰਦਿਆਂ ਸਮਾਗਮ ਦੀ ਪ੍ਰਧਾਨਗੀ ਕੀਤੀ। ਕੇਂਦਰੀ ਰਾਜ ਮੰਤਰੀ ਅਜੈ ਟਮਟਾ, ਜਿਨ੍ਹਾਂ ਦਾ ਸੰਸਦੀ ਹਲਕਾ ਟਨਕਪੁਰ ਹੈ,ਵੀ ਸਮਾਗਮ ਵਿਚ ਸ਼ਾਮਿਲ ਹੋਏ। ਇਸ ਤੋਂ ਇਲਾਵਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਵਰਚੁਅਲ ਮਾਧਿਅਮ ਰਾਹੀਂ ਸਮਾਗਮ ਨੂੰ ਸੰਬੋਧਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਹ ਨਵੀਂ ਹਫ਼ਤਾਵਾਰੀ ਰੇਲ ਸੇਵਾ ਟਨਕਪੁਰ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਚਕਾਰ ਸਿੱਧਾ ਰੇਲ ਸੰਪਰਕ ਸਥਾਪਿਤ ਕਰਦੀ ਹੈ। ਇਹ ਸੇਵਾ ਸ਼ਰਧਾਲੂਆਂ, ਸੈਲਾਨੀਆਂ ਅਤੇ ਆਮ ਯਾਤਰੀਆਂ ਲਈ ਬਹੁਤ ਹੀ ਲਾਭਕਾਰੀ ਸਾਬਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਹਫ਼ਤਾਵਾਰੀ ਐਕਸਪ੍ਰੈੱਸ ਹਰ ਐਤਵਾਰ ਨਾਂਦੇੜ ਤੋਂ ਰਵਾਨਾ ਹੋ ਕੇ ਮੰਗਲਵਾਰ ਸਵੇਰੇ ਟਨਕਪੁਰ ਪਹੁੰਚੇਗੀ, ਜਦਕਿ ਵਾਪਸੀ ਵਿਚ ਹਰ ਮੰਗਲਵਾਰ ਟਨਕਪੁਰ ਤੋਂ ਰਵਾਨਾ ਹੋਵੇਗੀ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਬਿੱਟੂ ਨੇ ਗੁਰਦੁਆਰਾ ਸ੍ਰੀ ਨਾਨਕਮੱਤਾ ਸਾਹਿਬ ਵਿਖੇ ਮੱਥਾ ਟੇਕਿਆ।

ਪਿਛਲੀ ਖ਼ਬਰ ਯੂਕਰੇਨ ਦੀ ਰਾਜਧਾਨੀ ’ਤੇ ਰੂਸੀ ਮਿਜ਼ਾਈਲ ਤੇ ਡਰੋਨ ਹਮਲੇ ’ਚ ਘੱਟੋ-ਘੱਟ 21 ਲੋਕਾਂ ਦੀ ਮੌਤ ਅਗਲੀ ਖ਼ਬਰ ਭਾਰਤ ਵਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਨਜਿੱਠਣ ਲਈ ਵਿਸ਼ੇਸ਼ ਬ੍ਰਿਕਸ ਵਰਚੁਅਲ ਕਾਰਜ ਸਮੂਹ ਦਾ ਪ੍ਰਸਤਾਵ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।