22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਅਮਰੀਕਾ ਵਲੋਂ ਈਰਾਨ ਦੇ ਮਿਜ਼ਾਈਲ ਤੇ ਡਰੋਨ ਟਿਕਾਣਿਆਂ ’ਤੇ ਹਮਲੇ

ਅਜੀਤ ਡੈਸਕ 28-06-2026
* ਈਰਾਨ ਨੇ ਵੀ ਕੀਤੀ ਜਵਾਬੀ ਕਾਰਵਾਈ * ਬਹਿਰੀਨ ਸਮੇਤ ਅਮਰੀਕੀ ਫੌਜੀ ਟਿਕਾਣਿਆਂ ’ਤੇ ਹਮਲੇ
ਰਾਜੂ ਸ਼ਹਿਬਾਜ਼ਪੁਰਾ
ਨਿਊਯਾਰਕ, 27 ਜੂਨ-ਹੋਰਮੁਜ਼ ਜਲਡਮਰੂ ’ਚ ਇਕ ਵਪਾਰਕ ਜਹਾਜ਼ ’ਤੇ ਈਰਾਨ ਵਲੋਂ ਕੀਤੇ ਹਮਲੇ ਤੋਂ ਬਾਅਦ ਅਮਰੀਕਾ ਨੇ ਈਰਾਨ ਦੇ ਫ਼ੌਜੀ ਟਿਕਾਣਿਆਂ ’ਤੇ ਕਈ ਹਮਲੇ ਕੀਤੇ। ਇਹ ਤਣਾਅ ਵਾਸ਼ਿੰਗਟਨ ਤੇ ਤਹਿਰਾਨ ਵਿਚਾਲੇ ਅਮਰੀਕਾ-ਈਰਾਨ ਸਹਿਮਤੀ ਸਮਝੌਤੇ ਲਈ ਇਕ ਨਵੀਂ ਤੇ ਸਖ਼ਤ ਪ੍ਰੀਖਿਆ ਹੈ, ਜਿਸ ਦਾ ਮਕਸਦ ਦੁਸ਼ਮਣੀ ਘੱਟ ਕਰਨਾ ਤੇ ਜ਼ਰੂਰੀ ਆਵਾਜਾਈ ਲਾਂਘੇ ਨੂੰ ਖੁੱਲ੍ਹਾ ਰੱਖਣਾ ਸੀ। ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਕਿ ਅਮਰੀਕੀ ਸੈਨਾ ਨੇ ਈਰਾਨ ’ਤੇ ਮਿਜ਼ਾਈਲ ਤੇ ਡਰੋਨ ਸਟੋਰੇਜ ਟਿਕਾਣਿਆਂ ਤੇ ਤੱਟੀ ਰਡਾਰ ਸਾਈਟਾਂ ’ਤੇ ਹਮਲੇ ਕੀਤੇ। ਇਨ੍ਹਾਂ ਹਮਲਿਆਂ ਨੂੰ ਰਣਨੀਤਕ ਸਮੁੰਦਰੀ ਮਾਰਗ ਤੋਂ ਲੰਘ ਰਹੇ ਇਕ ਕਾਰਗੋ ਜਹਾਜ਼ ’ਤੇ ਵੀਰਵਾਰ ਨੂੰ ਹੋਏ ਡਰੋਨ ਹਮਲੇ ਦਾ ਜ਼ਬਰਦਸਤ ਜਵਾਬ ਦੱਸਿਆ। ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੇ ਕਿਹਾ ਕਿ ਅਮਰੀਕੀ ਹਮਲਿਆਂ ਨੇ ਵਚਨਬੱਧਤਾਵਾਂ ਦੀ ਉਲੰਘਣਾ ਕੀਤੀ ਹੈ ਤੇ ਦੁਹਰਾਇਆ ਕਿ ਅਮਰੀਕੀ -ਈਰਾਨ ਸਹਿਮਤੀ ਪੱਤਰ ਨੇ ਤਹਿਰਾਨ ਨੂੰ ਹੋਰਮੁਜ਼ ਜਲਡਮਰੂ ’ਚ ਆਵਾਜਾਈ ’ਤੇ ਕੰਟਰੋਲ ਦਿੱਤਾ ਹੈ। ਗਾਰਡ ਕੋਰ ਨੇ ਕਿਹਾ ਕਿ ਅਮਰੀਕਾ ਨੇ ਹੋਰਮੁਜ਼ ਜਲਡਮਰੂ ’ਚ ਇਕ ਜਹਾਜ਼ ਦੁਆਰਾ ਅਣ-ਅਧਿਕਾਰਤ ਰਸਤੇ ਦੀ ਉਲੰਘਣਾ ਕਰਨ ਵਰਗੇ ਵੱਖ ਵੱਖ ਬਹਾਨਿਆਂ ਤਹਿਤ ਹਮਲੇ ਕੀਤੇ। ਉਸ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਹ ਹਮਲਾਵਰ ਰੁਖ ਦੁਹਰਾਇਆ ਗਿਆ ਤਾਂ ਸਾਡਾ ਜਵਾਬ ਇਸ ਤੋਂ ਕਿਤੇ ਵੱਡਾ ਹੋਵੇਗਾ। ਸੈਂਟਕਾਮ ਨੇ ਇਕ ਬਿਆਨ ’ਚ ਕਿਹਾ ਕਿ ਈਰਾਨੀ ਫ਼ੌਜਾਂ ਵਲੋਂ ਵਪਾਰਕ ਜਹਾਜ਼ਾਂ ਖਿਲਾਫ਼ ਬਿਨਾਂ ਕਿਸੇ ਵਜ੍ਹਾ ਤੋਂ ਕੀਤੀ ਗਈ ਹਮਲਾਵਰ ਕਾਰਵਾਈ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਇਸ ਦੇ ਇਲਾਵਾ ਈਰਾਨ ਦੇ ਖਤਰਨਾਕ ਵਿਵਹਾਰ ਨੇ ਸਮੁੰਦਰੀ ਆਵਾਜਾਈ ਦੀ ਆਜ਼ਾਦੀ ਨੂੰ ਨੁਕਸਾਨ ਪਹੁੰਚਾਇਆ ਹੈ, ਕਿਉਂਕਿ ਇਸ ਅਹਿਮ ਕੌਮਾਂਤਰੀ ਵਪਾਰ ਲਾਂਘੇ ਤੋਂ ਵਪਾਰ ਦੀ ਆਵਾਜਾਈ ਲਗਾਤਾਰ ਵਧ ਰਹੀ ਹੈ। ਕਮਾਂਡ ਨੇ ਅੱਗੇ ਕਿਹਾ ਕਿ ਅਮਰੀਕੀ ਫੌਜਾਂ ਜਲਡਮਰੂ ਤੋਂ ਲੰਘਣ ਵਾਲੇ ਵਪਾਰਕ ਜਹਾਜ਼ਾਂ ਨੂੰ ਸੁਰੱਖਿਅਤ ਰਸਤਾ ਬਣਾਉਣ ’ਚ ਮਦਦ ਤੇ ਸਹਿਯੋਗ ਦੇਣਾ ਜਾਰੀ ਰੱਖਣਗੀਆਂ। ਅਮਰੀਕੀ ਅਧਿਕਾਰੀਆਂ ਮੁਤਾਬਿਕ ਇਹ ਹਮਲੇ ਕਰੀਬ 90 ਮਿੰਟ ਤੱਕ ਚੱਲੇ ਤੇ ਇਨ੍ਹਾਂ ’ਚ ਲੜਾਕੂ ਜਹਾਜ਼ਾਂ ਨੇ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ, ਜਿਨ੍ਹਾਂ ’ਚ ਹੋਰਮੁਜ਼ ਕੋਲ ਕੇਸ਼ਮ ਟਾਪੂ ’ਤੇ ਮੌਜੂਦ ਟਿਕਾਣੇ ਵੀ ਸ਼ਾਮਿਲ ਸਨ। ਹਾਲਾਂਕਿ ਨੁਕਸਾਨ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਿਆ।
ਪਿਛਲੀ ਖ਼ਬਰ ਈਰਾਨੀ ਹਮਲਾ ਜੰਗਬੰਦੀ ਦੀ ਮੂਰਖਤਾ ਭਰੀ ਉਲੰਘਣਾ-ਟਰੰਪ ਅਗਲੀ ਖ਼ਬਰ ਸੈਸ਼ਲਜ਼ ਪੁੱਜੇ ਪ੍ਰਧਾਨ ਮੰਤਰੀ ਮੋਦੀ ਦਾ ਰਾਸ਼ਟਰਪਤੀ ਪੈਟ੍ਰਿਕ ਵਲੋਂ ਨਿੱਘਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।