ਤਹਿਰਾਨ ਨੇ ਦੁਬਈ ਤੱਟ 'ਤੇ ਤੇਲ ਟੈਂਕਰ ਨੂੰ ਬਣਾਇਆ ਨਿਸ਼ਾਨਾ
ਦੁਬਈ, 31 ਮਾਰਚ (ਏਜੰਸੀ)-ਅਮਰੀਕਾ ਵਲੋਂ ਈਰਾਨ ਦੇ ਪ੍ਰਮਾਣੂ ਟਿਕਾਣਿਆਂ ਵਾਲੇ ਇਕ ਸ਼ਹਿਰ 'ਤੇ ਹਮਲੇ ਕੀਤੇ ਗਏ, ਜਿਸ ਦੇ ਜਵਾਬ 'ਚ ਤਹਿਰਾਨ ਨੇ ਵੀ ਫਾਰਸ ਦੀ ਖਾੜੀ 'ਚ ਕੁਵੈਤੀ ਤੇਲ ਟੈਂਕਰ 'ਤੇ ਹਮਲਾ ਕੀਤਾ | ਇਹ ਹਮਲੇ ਅਮਰੀਕਾ ਤੇ ਇਜ਼ਰਾਈਲ ਦੁਆਰਾ ਆਪਣੇ ਪਹਿਲੇ ਹਮਲੇ ਸ਼ੁਰੂ ਕਰਨ ਤੋਂ ਇਕ ਮਹੀਨੇ ਤੋਂ ਵੱਧ ਸਮੇਂ ਬਾਅਦ ਯੁੱਧ ਦੀ ਤੀਬਰਤਾ ਦਾ ਪ੍ਰਮਾਣ ਹਨ | ਇਸ ਟਕਰਾਅ ਨੇ 3,000 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ ਤੇ ਦੁਨੀਆ ਦੀ ਤੇਲ ਤੇ ਕੁਦਰਤੀ ਗੈਸ ਦੀ ਸਪਲਾਈ 'ਚ ਵੱਡਾ ਵਿਘਨ ਪਾਇਆ ਹੈ | ਮੰਗਲਵਾਰ ਨੂੰ ਅਮਰੀਕਾ 'ਚ ਪੈਟਰੋਲ ਦੀ ਔਸਤ ਕੀਮਤ 4 ਡਾਲਰ ਪ੍ਰਤੀ ਗੈਲਨ ਤੋਂ ਵੱਧ ਹੋ ਗਈ ਹੈ, ਜੋ ਮੱਧ ਪੂਰਬ ਤੋਂ ਬਹੁਤ ਦੂਰ ਯੁੱਧ ਦੇ ਪ੍ਰਭਾਵਾਂ ਦਾ ਇਕ ਹੋਰ ਸੰਕੇਤ ਹੈ | ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉੱਚ ਈਾਧਨ ਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਦੇਸ਼ਾਂ ਨੂੰ ਅਮਰੀਕਾ ਕੋਲੋਂ ਤੇਲ ਲੈਣਾ ਚਾਹੀਦਾ ਹੈ ਕਿਉਂਕਿ ਈਰਾਨ ਨੇ ਹੋਰਮੁਜ਼ ਜਲਡਮਰੂ 'ਤੇ ਆਪਣਾ ਦਬਾਅ ਬਣਾਈ ਰੱਖਿਆ ਹੋਇਆ ਹੈ | ਉਨ੍ਹਾਂ ਸੋਸ਼ਲ ਮੀਡੀਆ 'ਤੇ ਉਨ੍ਹਾਂ ਸਹਿਯੋਗੀਆਂ ਪ੍ਰਤੀ ਆਪਣੀ ਨਿਰਾਸ਼ਾ ਜ਼ਾਹਰ ਕੀਤੀ, ਜੋ ਅਮਰੀਕਾ ਨੂੰ ਮਹੱਤਵਪੂਰਨ ਰਸਤਾ ਦੁਬਾਰਾ ਖੁਲ੍ਹਵਾਉਣ 'ਚ ਮਦਦ ਕਰਨ ਲਈ ਤਿਆਰ ਨਹੀਂ |
ਓਧਰ ਦੁਬਈ ਮੀਡੀਆ ਦਫਤਰ ਨੇ ਕਿਹਾ ਹੈ ਕਿ ਸੰਯੁਕਤ ਅਰਬ ਅਮੀਰਾਤ ਸ਼ਹਿਰ ਦੇ ਪਾਣੀਆਂ 'ਚ ਇਕ ਈਰਾਨੀ ਡਰੋਨ ਨੇ ਕੁਵੈਤੀ ਤੇਲ ਟੈਂਕਰ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਅੱਗ ਲੱਗ ਗਈ, ਜਿਸ ਨੂੰ ਬਾਅਦ 'ਚ ਬੁਝਾ ਦਿੱਤਾ ਗਿਆ | ਅਧਿਕਾਰੀਆਂ ਨੇ ਕਿਹਾ ਕਿ ਇਕ ਰੋਕੇ ਗਏ ਡਰੋਨ ਦਾ ਮਲਬਾ ਇਕ ਰਿਹਾਇਸ਼ੀ ਖੇਤਰ 'ਚ ਡਿੱਗਣ ਨਾਲ ਚਾਰ ਲੋਕ ਜ਼ਖਮੀ ਵੀ ਹੋਏ ਤੇ ਦੁਬਈ 'ਚ ਇਕ ਹੋਰ ਹਮਲੇ ਤੋਂ ਬਾਅਦ ਜ਼ੋਰਦਾਰ ਧਮਾਕੇ ਸੁਣੇ ਗਏ |
ਇਜ਼ਰਾਈਲ ਤੇ ਅਮਰੀਕਾ ਵਲੋਂ ਈਰਾਨ 'ਤੇ ਹਮਲਿਆਂ ਦੀ ਨਵੀਂ ਲਹਿਰ ਸ਼ੁਰੂ
ਇਜ਼ਰਾਈਲ ਤੇ ਅਮਰੀਕਾ ਨੇ ਈਰਾਨ 'ਤੇ ਹਮਲਿਆਂ ਦੀ ਇਕ ਨਵੀਂ ਲਹਿਰ ਸ਼ੁਰੂ ਕਰਦਿਆਂ ਈਰਾਨ ਦੇ ਪ੍ਰਮੁੱਖ ਪ੍ਰਮਾਣੂ ਟਿਕਾਣਿਆਂ ਵਾਲੇ ਸ਼ਹਿਰ 'ਤੇ ਹਮਲਾ ਕੀਤਾ | ਟਰੰਪ ਦੁਆਰਾ ਸਾਂਝਾ ਕੀਤਾ ਗਿਆ ਵੀਡੀਓ ਇਸਫਾਹਾਨ 'ਤੇ ਇਕ ਵੱਡੇ ਹਮਲੇ ਨੂੰ ਦਰਸਾਉਂਦਾ ਦਿਖਾਈ ਦਿੰਦਾ ਹੈ ਤੇ ਨਾਸਾ ਫਾਇਰ-ਟਰੈਕਿੰਗ ਸੈਟੇਲਾਈਟ ਦੱਸਦੇ ਹਨ ਕਿ ਸ਼ਹਿਰ ਦੇ ਦੱਖਣੀ ਕਿਨਾਰੇ 'ਤੇ ਇਕ ਪਹਾੜੀ ਖੇਤਰ 'ਚ ਧਮਾਕੇ ਹੋਏ ਹਨ | ਹਾਲਾਂਕਿ ਈਰਾਨ ਨੇ ਹਮਲੇ ਦੀ ਪੁਸ਼ਟੀ ਨਹੀਂ ਕੀਤੀ ਹੈ |
ਅਮਰੀਕਾ ਵਲੋਂ ਈਰਾਨ ਦੇ ਪ੍ਰਮੁੱਖ ਪ੍ਰਮਾਣੂ ਟਿਕਾਣਿਆਂ ਵਾਲੇ ਸ਼ਹਿਰ 'ਤੇ ਹਮਲਾ
ਅਜੀਤ ਡੈਸਕ
01-04-2026