ਸੁਭਾਨਪੁਰ, 9 ਦਸੰਬਰ (ਸਤਨਾਮ ਸਿੰਘ)- ਨਡਾਲਾ-ਸੁਭਾਨਪੁਰ ਰੋਡ 'ਤੇ ਸਥਿਤ ਇਕ ਢਾਬੇ ਉੱਪਰ ਸੁਭਾਨਪੁਰ ਪੁਲਿਸ ਵਲੋਂ ਛਾਪੇਮਾਰੀ ਦੌਰਾਨ ਇਤਰਾਜ਼ਯੋਗ ਹਾਲਤ ਵਿਚ 2 ਔਰਤਾਂ ਸਮੇਤ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਥਾਣਾ ਸੁਭਾਨਪੁਰ ਦੇ ਐਸ.ਐਚ.ਓ. ਬਿਕਰਮਜੀਤ ਸਿੰਘ ਚੌਹਾਨ ਨੇ ਦੱਸਿਆ ਕਿ ਉਹ ਆਪਣੀ ਪੁਲਿਸ ਪਾਰਟੀ ਸਮੇਤ ਸੁਭਾਨਪੁਰ ਤੋਂ ਤਾਜਪੁਰ ਆਦਿ ਪਿੰਡਾਂ ਵੱਲ ਗਸ਼ਤ ਕਰ ਰਹੇ ਸਨ ਤਾਂ ਕਿਸੇ ਖ਼ਾਸ ਮੁਖ਼ਬਰ ਨੇ ਇਤਲਾਹ ਦਿੱਤੀ ਕੇ ਇਕ ਸਾਬਕਾ ਸਰਪੰਚ ਸੁਭਾਨਪੁਰ ਨਡਾਲਾ ਰੋਡ 'ਤੇ ਪਿੰਡ ਮੁਸਤਫਾਬਾਦ ਦੇ ਨਜ਼ਦੀਕ ਇਕ ਢਾਬਾ ਚਲਾਉਂਦਾ ਹੈ | ਜਿੱਥੇ ਢਾਬੇ ਦੇ ਨਾਂਅ ਉੱਪਰ ਦੇਹ ਵਪਾਰ ਦਾ ਧੰਦਾ ਚੱਲਦਾ ਹੈ | ਜੇਕਰ ਹੁਣੇ ਛਾਪੇਮਾਰੀ ਕੀਤੀ ਜਾਵੇ ਤਾਂ ਕੁੱਝ ਔਰਤਾਂ ਤੇ ਮਰਦ ਕਾਬੂ ਆ ਸਕਦੇ ਹਨ | ਪੁਲਿਸ ਪਾਰਟੀ ਵਲੋਂ ਉਸੇ ਵਕਤ ਛਾਪੇਮਾਰੀ ਕਰਦਿਆਂ ਢਾਬੇ ਦੀ ਮੈਨੇਜਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੂੰ ਕਮਰਿਆਂ ਦੀ ਤਲਾਸ਼ੀ ਲੈਣ ਲਈ ਕਿਹਾ ਗਿਆ ਤਾਂ ਉਹ ਪੁਲਿਸ ਨੂੰ ਨਾਲ ਲੈ ਕੇ ਉੱਪਰਲੀ ਮੰਜ਼ਿਲ ਵਿਚ ਬਣੇ ਕਮਰੇ ਤੱਕ ਲੈ ਗਈ | ਐਸ.ਐਚ.ਓ. ਬਿਕਰਮਜੀਤ ਸਿੰਘ ਚੌਹਾਨ ਨੇ ਦੱਸਿਆ ਕਿ ਜਦੋਂ ਇੱਕ ਦਰਵਾਜ਼ੇ ਦਾ ਲਾਕ ਖੁੱਲ੍ਹਵਾਇਆ ਗਿਆ ਤਾਂ ਅੰਦਰ ਇੱਕ ਵਿਅਕਤੀ ਤੇ ਇੱਕ ਔਰਤ ਇਤਰਾਜ਼ਯੋਗ ਹਾਲਤ 'ਚ ਬੈਠੇ ਹੋਏ ਸਨ | ਇਸੇ ਤਰ੍ਹਾਂ ਦੂਸਰੇ ਕਮਰੇ ਦਾ ਲਾਕ ਖੁਲ੍ਹਵਾਇਆ ਗਿਆ ਤਾਂ ਉਸ ਦੇ ਅੰਦਰ ਵੀ ਇੱਕ ਔਰਤ ਤੇ ਇੱਕ ਵਿਅਕਤੀ ਇਤਰਾਜ਼ਯੋਗ ਹਾਲਤ ਦੇ ਵਿਚ ਬੈਠੇ ਸਨ | ਚਾਰੋ ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਖ਼ਿਲਾਫ਼ ਥਾਣਾ ਸੁਭਾਨਪੁਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ | ਚਾਰੋ ਕਥਿਤ ਦੋਸ਼ੀ ਜਲੰਧਰ ਜ਼ਿਲੇ੍ਹ ਨਾਲ ਸੰਬੰਧਿਤ ਦੱਸੇ ਜਾ ਰਹੇ ਹਨ |