ਫਗਵਾੜਾ, 8 ਦਸੰਬਰ (ਹਰਜੋਤ ਸਿੰਘ ਚਾਨਾ)-ਹੁਸ਼ਿਆਰਪੁਰ ਰੋਡ 'ਤੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਸੜਕ 'ਤੇ ਤਿੰਨ ਗੱਡੀਆਂ ਦੀ ਟੱਕਰ ਹੋ ਗਈ | ਟੱਕਰ ਤੋਂ ਬਾਅਦ ਇੱਕ ਕਾਰ ਚਾਲਕ ਇਸ ਕਦਰ ਗੁੱਸੇ 'ਚ ਆ ਗਿਆ ਕਿ ਉਸ ਨੇ ਆਪਣੀ ਕਾਰ 'ਚੋਂ ਲੋਹੇ ਦਾ ਰਾਡ ਕੱਢ ਕੇ ਨਾਲ ਵਾਲੀ ਕਾਰ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ | ਇਸ ਦੌਰਾਨ ਉਸ ਨੇ ਉਸ ਕਾਰ 'ਚ ਸਵਾਰ ਇੱਕ ਬਜ਼ੁਰਗ ਦੇ ਸਿਰ 'ਤੇ ਵੀ ਰਾਡ ਨਾਲ ਵਾਰ ਕਰ ਦਿੱਤਾ, ਜਿਸ ਨਾਲ ਬਜ਼ੁਰਗ ਗੰਭੀਰ ਜ਼ਖਮੀ ਹੋ ਗਿਆ | ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਸੌਰਵ ਨੇ ਦੱਸਿਆ ਕਿ ਉਹ ਆਪਣੇ ਅੰਕਲ ਨੂੰ ਲੁਧਿਆਣਾ ਡੀ.ਐਮ.ਸੀ. ਤੋਂ ਵਾਪਸ ਲੈ ਕੇ ਹੁਸ਼ਿਆਰਪੁਰ ਜਾ ਰਿਹਾ ਸੀ | ਜਦੋਂ ਉਹ ਫਗਵਾੜਾ-ਹੁਸ਼ਿਆਰਪੁਰ ਰੋਡ 'ਤੇ ਪਹੁੰਚੇ ਤਾਂ ਪਿੱਛੋਂ ਆ ਰਹੇ ਇੱਕ ਤੇਜ਼ ਰਫ਼ਤਾਰ ਨੌਜਵਾਨ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ | ਸੌਰਵ ਮੁਤਾਬਿਕ, ਨੌਜਵਾਨ ਉਲਟ ਉਨ੍ਹਾਂ ਨੂੰ ਨੁਕਸਾਨ ਦੀ ਭਰਪਾਈ ਕਰਨ ਲਈ ਕਹਿਣ ਲੱਗ ਪਿਆ, ਜਦੋਂ ਉਨ੍ਹਾਂ ਇਹ ਕਿਹਾ ਕਿ ਗ਼ਲਤੀ ਉਸ ਦੀ ਹੈ, ਤਾਂ ਕਾਰ ਚਾਲਕ ਨੇ ਗੁੱਸੇ 'ਚ ਰਾਡ ਕੱਢ ਕੇ ਪਹਿਲਾਂ ਉਨ੍ਹਾਂ ਦੀ ਗੱਡੀ ਭੰਨ ਦਿੱਤੀ ਤੇ ਫਿਰ ਕਾਰ 'ਚ ਬੈਠੇ ਬਜ਼ੁਰਗ 'ਤੇ ਹਮਲਾ ਕਰ ਦਿੱਤਾ | ਸੌਰਵ ਨੇ ਦੱਸਿਆ ਕਿ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ | ਮੌਕੇ 'ਤੇ ਮੌਜੂਦ ਦਿਲਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਪੁਲੀਸ ਨੂੰ ਸੂਚਨਾ ਦਿੱਤੀ ਤੇ ਲੋਕਾਂ ਦੀ ਮਦਦ ਨਾਲ ਹੰਗਾਮਾ ਕਰਨ ਵਾਲੇ ਉਕਤ ਨੌਜਵਾਨ ਨੂੰ ਕਾਬੂ ਕਰਕੇ ਪੁਲੀਸ ਹਵਾਲੇ ਕੀਤਾ | ਪੁਲਿਸ ਵਲੋਂ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |