06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਡਾ. ਭੀਮ ਰਾਓ ਅੰਬੇਡਕਰ ਦੇ ਪ੍ਰੀਨਿਰਵਾਣ ਦਿਵਸ 'ਤੇ ਵੱਖ-ਵੱਖ ਸੰਸਥਾਵਾਂ ਵਲੋਂ ਸਮਾਗਮ

ਅਜੀਤ ਡੈਸਕ 07-12-2025
ਕਪੂਰਥਲਾ, 6 ਦਸੰਬਰ (ਅਮਰਜੀਤ ਕੋਮਲ)-ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਪ੍ਰੀਨਿਰਵਾਣ ਦਿਵਸ ਸਬੰਧੀ ਅੱਜ ਵੱਖ-ਵੱਖ ਸੰਸਥਾਵਾਂ ਵਲੋਂ ਸਮਾਗਮ ਕਰਵਾਕੇ ਡਾ. ਭੀਮ ਰਾਓ ਅੰਬੇਡਕਰ ਨੂੰ ਯਾਦ ਕੀਤਾ ਗਿਆ | ਇਸੇ ਸਬੰਧ ਵਿਚ ਹੀ ਸੀਨੀਅਰ ਕਾਂਗਰਸ ਆਗੂ ਜੀਆ ਲਾਲ ਨਾਹਰ ਦੀ ਅਗਵਾਈ ਵਿਚ ਸਥਾਨਕ ਕੋਟੂ ਚੌਂਕ ਵਿਚ ਇਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਜੀਆ ਲਾਲ ਨਾਹਰ ਸਮੇਤ ਹੋਰ ਆਗੂਆਂ ਨੇ ਡਾ. ਅੰਬੇਡਕਰ ਦੇ ਬੁੱਤ 'ਤੇ ਫੁੱਲ ਮਾਲਾਵਾਂ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਉਨ੍ਹਾਂ ਡਾ. ਭੀਮ ਰਾਓ ਅੰਬੇਡਕਰ ਦੇ ਜੀਵਨ, ਇਤਿਹਾਸ ਤੇ ਉਨ੍ਹਾਂ ਵਲੋਂ ਗਰੀਬ ਵਰਗ ਤੇ ਪਛੜੇ ਵਰਗ ਦੇ ਉਥਾਨ ਲਈ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦਾ ਸੁਪਨਾ ਸੀ ਕਿ ਹਰੇਕ ਬੱਚਾ ਪੜ੍ਹ ਲਿਖ ਕੇ ਚੰਗਾ ਮੁਕਾਮ ਹਾਸਲ ਕਰੇ, ਜਿਸਨੂੰ ਪੂਰਾ ਕਰਨ ਲਈ ਸਾਨੂੰ ਸਾਰਿਆਂ ਨੂੰ ਯਤਨ ਕਰਨੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਨੇ ਸੰਵਿਧਾਨ ਵਿਚ ਸਭਨਾ ਨੂੰ ਬਰਾਬਰ ਦਾ ਹੱਕ ਦਿਵਾਇਆ ਤੇ ਅੱਜ ਕਿਸੇ ਵੀ ਭਾਈਚਾਰੇ ਨਾਲ ਸਬੰਧਿਤ ਕੋਈ ਵੀ ਵਿਅਕਤੀ ਆਪਣੀ ਮਿਹਨਤ ਦੇ ਬਲਬੂਤੇ ਉੱਚਾ ਮੁਕਾਮ ਹਾਸਲ ਕਰ ਸਕਦਾ ਹੈ | ਇਸ ਮੌਕੇ ਸੰਜੀਵ ਥਾਪਰ, ਵਰਿੰਦਰ ਰਾਏ, ਰਕੇਸ਼ ਹੈਪੀ, ਡਾ. ਅਮਰਨਾਥ, ਕਸ਼ਮੀਰੀ ਲਾਲ, ਰਜਤ, ਪਰਵਿੰਦਰ ਸਿੰਘ, ਕੈਲਾਸ਼, ਸਚਿਨ ਬਹਿਲ ਆਦਿ ਆਗੂ ਹਾਜ਼ਰ ਸਨ |
ਬਸਪਾ ਬਾਬਾ ਸਾਹਿਬ ਦਾ ਮਿਸ਼ਨ ਘਰ-ਘਰ ਪਹੁੰਚਾਉਣ ਲਈ ਵਚਨਬੱਧ-ਰਕੇਸ਼ ਕੁਮਾਰ ਦਾਤਾਰਪੁਰੀ
ਬਹੁਜਨ ਸਮਾਜ ਪਾਰਟੀ ਡਾ. ਭੀਮ ਰਾਓ ਅੰਬੇਡਕਰ ਦਾ ਮਿਸ਼ਨ ਘਰ-ਘਰ ਪਹੁੰਚਾਉਣ ਲਈ ਵਚਨਬੱਧ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਸਪਾ ਦੇ ਸੂਬਾਈ ਸਕੱਤਰ ਰਕੇਸ਼ ਕੁਮਾਰ ਦਾਤਾਰਪੁਰੀ ਨੇ ਅੱਜ ਬਸਪਾ ਆਗੂ ਤੇ ਵਰਕਰਾਂ ਨਾਲ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ 'ਤੇ ਫੁੱਲ ਮਾਲਾਵਾਂ ਭੇਟ ਕਰਨ ਤੋਂ ਬਾਅਦ ਡਾ. ਅੰਬੇਡਕਰ ਦੇ ਪ੍ਰੀਨਿਰਵਾਣ ਦਿਵਸ ਸਬੰਧੀ ਕਪੂਰਥਲਾ ਵਿਚ ਕਰਵਾਏ ਗਏ ਇਕ ਸੰਖੇਪ ਜਿਹੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਨੇ ਦੱਬੇ ਕੁਚਲੇ ਲੋਕਾਂ ਨੂੰ ਸਮਾਜਿਕ ਤੇ ਆਰਥਿਕ ਤੌਰ 'ਤੇ ਸਨਮਾਨ ਯੋਗ ਜ਼ਿੰਦਗੀ ਜਿਊਣ ਦੇ ਸਮਰੱਥ ਬਣਾਉਣ ਲਈ ਸਾਰੀ ਉਮਰ ਸੰਘਰਸ਼ ਕੀਤਾ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡਾ. ਅੰਬੇਡਕਰ ਵਲੋਂ ਦਿੱਤੇ ਗਏ ਸੰਦੇਸ਼ ਪੜ੍ਹੋ ਜੁੜੇ ਤੇ ਸੰਘਰਸ਼ ਕਰੋ ਨੂੰ ਆਪਣੇ ਜੀਵਨ ਵਿਚ ਅਪਣਾਉਣ ਤੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਆ ਦਿਵਾਉਣ | ਇਸ ਮੌਕੇ ਪਾਰਟੀ ਦੇ ਹੋਰ ਆਗੂਆਂ ਨੇ ਵੀ ਡਾ. ਅੰਬੇਡਕਰ ਦੇ ਬੁੱਤ 'ਤੇ ਫੁੱਲ ਭੇਟ ਕੀਤੇ | ਸਮਾਗਮ ਵਿਚ ਮਸੀਹੀ ਭਾਈਚਾਰੇ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਬਿੱਟਾ, ਪੀ.ਆਰ.ਟੀ.ਸੀ. ਦੇ ਸੇਵਾ ਮੁਕਤ ਸੁਪਰਡੈਂਟ ਸਿਲੰਦਰ ਸਿੰਘ, ਰਾਮ ਜੀ ਦਾਸ, ਭੁਪਿੰਦਰ ਸਿੰਘ, ਭਗਵਾਨ ਦਾਸ, ਬਾਬਾ ਪ੍ਰਗਟ ਸਿੰਘ, ਸਰਬਜੀਤ ਸਿੰਘ, ਮਦਨ ਲਾਲ ਆਦਿ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ -ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ- ਜ਼ਿਲ੍ਹਾ ਪ੍ਰੀਸ਼ਦ ਦੇ 44 ਤੇ 5 ਬਲਾਕ ਸੰਮਤੀਆਂ ਦੇ 278 ਉਮੀਦਵਾਰ ਵੱਖ-ਵ... ਅਗਲੀ ਖ਼ਬਰ ਮੁਲਾਜ਼ਮਾਂ ਦੇ ਹੱਕਾਂ ਲਈ ਸੰਘਰਸ਼ ਕਰ ਰਹੀ ਸੂਬਾ ਕਮੇਟੀ ਨੂੰ ਪੂਰਨ ਸਮਰਥਨ ਦਿੱਤਾ ਜਾਵੇਗਾ-ਹਰਨੇਕ ਸਿੰਘ ਮੈਰੀਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।