ਡਡਵਿੰਡੀ, 3 ਦਸੰਬਰ (ਦਿਲਬਾਗ ਸਿੰਘ ਝੰਡ)-ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਜਥੇਦਾਰ ਮੁਖ਼ਤਿਆਰ ਸਿੰਘ ਸੋਢੀ ਡਡਵਿੰਡੀ ਨੇ ਕਿਹਾ ਹੈ ਕਿ ਫਿਲਮ ਇੰਡਸਟਰੀ ਵਲੋਂ 5 ਦਸੰਬਰ ਨੂੰ ਜਾਰੀ ਕੀਤੀ ਜਾਣ ਵਾਲੀ ਫਿਲਮ 'ਧੁਰੰਧਰ' ਉੱਤੇ ਤੁਰੰਤ ਰੋਕ ਲਗਾਈ ਜਾਵੇ | ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਨੂੰ ਦਿੱਤੇ ਗਏ ਮੰਗ ਪੱਤਰ ਵਿਚ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਔਰੰਗਜ਼ੇਬ ਵਰਗੇ ਜਾਬਰ ਕਿਰਦਾਰਾਂ ਨੂੰ ਉਭਾਰਨ ਵਾਲੀ ਇਸ ਫਿਲਮ ਨੂੰ ਰਿਲੀਜ਼ ਹੋਣ ਤੋਂ ਤੁਰੰਤ ਰੋਕਿਆ ਜਾਵੇ | ਉਨ੍ਹਾਂ ਕਿਹਾ ਕਿ ਇਸ ਫਿਲਮ ਵਿਚ ਮੌਜੂਦਾ ਕੇਂਦਰ ਸਰਕਾਰ ਵਿਚ ਬਤੌਰ ਸੁਰੱਖਿਆ ਸਲਾਹਕਾਰ ਕੰਮ ਕਰਨ ਵਾਲੇ ਅਜੀਤ ਡੋਵਾਲ ਵਰਗੇ ਵਿਅਕਤੀ ਨੂੰ ਵੀ ਉਭਾਰਿਆ ਗਿਆ ਜਿਸ ਨੇ ਆਮ ਲੋਕਾਂ ਉੱਤੇ ਜਬਰ ਢਾਉਣ ਵਾਲਿਆਂ ਦੀ ਪਿੱਠ ਥਾਪੜੀ ਹੈ | ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਮਨੁੱਖਤਾ ਵਿਰੋਧੀ ਕਿਰਦਾਰਾਂ ਨੂੰ ਉਭਾਰਨ ਵਾਲੀ ਫਿਲਮ ਧੁਰੰਧਰ ਨੂੰ ਪੰਜਾਬ ਵਿਚ ਰਿਲੀਜ਼ ਹੋਣ ਤੋਂ ਰੋਕਿਆ ਜਾਵੇ ਅਤੇ ਭਾਈ ਜਸਵੰਤ ਸਿੰਘ ਖਾਲੜਾ ਦੇ ਮਨੁੱਖੀ ਹੱਕਾਂ ਦੀ ਰਖਵਾਲੀ ਵਾਲੇ ਕਿਰਦਾਰ ਵਾਲੀ 'ਪੰਜਾਬ-95' ਫਿਲਮ ਨੂੰ ਤੁਰੰਤ ਜਾਰੀ ਕੀਤਾ ਜਾਵੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮੁਖ਼ਤਿਆਰ ਸਿੰਘ ਸੋਢੀ, ਸੀਨੀਅਰ ਮੀਤ ਪ੍ਰਧਾਨ ਕੁਲਵਿੰਦਰ ਸਿੰਘ, ਜ਼ਿਲ੍ਹਾ ਯੂਥ ਪ੍ਰਧਾਨ ਸੰਤੋਖ ਸਿੰਘ, ਬੀਬੀ ਸੁਖਜੀਤ ਕੌਰ ਪ੍ਰਧਾਨ ਇਸਤਰੀ ਵਿੰਗ ਕਪੂਰਥਲਾ, ਸਤਬੀਰ ਮਨੀ, ਬਲਦੇਵ ਸਿੰਘ ਮੰਤਰੀ ਭਾਣੋ ਲੰਗਾ, ਹਰਪ੍ਰੀਤ ਸਿੰਘ ਸੁਲਤਾਨਪੁਰ ਲੋਧੀ, ਮਨਿੰਦਰ ਸਿੰਘ ਹੈਦਰਾਬਾਦ, ਸਾਬੀ, ਪਰਮਜੀਤ ਸਿੰਘ ਡਡਵਿੰਡੀ, ਹਰਦੀਪ ਸਿੰਘ ਡਡਵਿੰਡੀ ਅਤੇ ਰਾਜਵਿੰਦਰ ਸਿੰਘ ਆਦਿ ਹਾਜ਼ਰ ਸਨ |