ਕਪੂਰਥਲਾ, 18 ਨਵੰਬਰ (ਸਡਾਨਾ)-ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜ਼ਿਲ੍ਹੇ ਭਰ ਵਿਚ ਨਸ਼ਿਆਂ ਨਾਲ ਪ੍ਰਭਾਵਿਤ ਪਿੰਡਾਂ ਦੀ ਘੇਰਾਬੰਦੀ ਕਰਕੇ ਪੁਲਿਸ ਵਲੋਂ ਕਾਸੋ ਆਪ੍ਰੇਸ਼ਨ ਚਲਾਇਆ ਗਿਆ | ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਗੌਰਵ ਤੂਰਾ ਵਲੋਂ ਇਸ ਮੁਹਿੰਮ ਦੀ ਅਗਵਾਈ ਕੀਤੀ ਗਈ ਤੇ ਕਪੂਰਥਲਾ ਦੇ ਮੁਹੱਲਾ ਮਹਿਤਾਬਗੜ੍ਹ ਵਿਖੇ ਵੱਖ-ਵੱਖ ਥਾਣਿਆਂ ਦੀ ਪੁਲਿਸ ਦੇ ਨਾਲ ਵੱਡੀ ਪੱਧਰ 'ਤੇ ਜਾਂਚ ਮੁਹਿੰਮ ਚਲਾਈ ਗਈ, ਜਿਸ ਦੌਰਾਨ ਸ਼ੱਕੀ ਕਿਸਮ ਦੇ ਵਿਅਕਤੀਆਂ ਪਾਸੋਂ ਪੁੱਛਗਿਛ ਵੀ ਕੀਤੀ ਗਈ | ਐਸ.ਐਸ.ਪੀ. ਗੌਰਵ ਤੂਰਾ ਨੇ ਦੱਸਿਆ ਕਿ ਕਪੂਰਥਲਾ ਦੇ ਮੁਹੱਲਾ ਮਹਿਤਾਬਗੜ੍ਹ ਤੋਂ ਇਲਾਵਾ ਭੁਲੱਥ ਹਲਕੇ ਵਿਚ ਪਿੰਡ ਬੂਟਾਂ, ਫਗਵਾੜਾ ਦੇ ਪਿੰਡ ਚਹੇੜੂ ਤੇ ਸੁਲਤਾਨਪੁਰ ਲੋਧੀ ਸਬ ਡਵੀਜ਼ਨ ਦੇ ਪਿੰਡ ਲਾਟੀਆਂਵਾਲ ਵਿਖੇ ਇਹ ਜਾਂਚ ਮੁਹਿੰਮ ਚਲਾਈ ਗਈ | ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਮਿਲੀ ਸੂਚਨਾ ਦੇ ਆਧਾਰ 'ਤੇ ਨਸ਼ਾ ਵੇਚਣ ਵਾਲਿਆਂ ਵਿਰੁੱਧ ਸਖ਼ਤੀ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ | ਉਨ੍ਹਾਂ ਕਿਹਾ ਕਿ ਅੱਜ ਦੀ ਮੁਹਿੰਮ ਦੌਰਾਨ ਕੁੱਝ ਵਿਅਕਤੀਆਂ ਪਾਸੋਂ ਨਸ਼ੀਲਾ ਪਦਾਰਥ ਮਿਲਿਆ ਹੈ ਤੇ ਅਜੇ ਮੁਹਿੰਮ ਜਾਰੀ ਹੈ ਤੇ ਹੋਰ ਵੀ ਬਰਾਮਦਗੀ ਹੋਣ ਦੀ ਸੰਭਾਵਨਾ ਹੈ | ਇਸ ਮੌਕੇ ਉਨ੍ਹਾਂ ਨਾਲ ਡੀ.ਐਸ.ਪੀ. ਸਬ ਡਵੀਜ਼ਨ ਸ਼ੀਤਲ ਸਿੰਘ, ਥਾਣਾ ਸਿਟੀ ਮੁਖੀ ਅਮਨਦੀਪ ਨਾਹਰ, ਥਾਣਾ ਸਦਰ ਮੁਖੀ ਪ੍ਰਭਜੋਤ ਕੌਰ, ਥਾਣਾ ਕੋਤਵਾਲੀ ਮੁਖੀ ਬਲਵਿੰਦਰ ਸਿੰਘ ਤੇ ਪੀ.ਸੀ.ਆਰ. ਟੀਮਾਂ ਵੀ ਮੌਜੂਦ ਸਨ |