ਫਗਵਾੜਾ, 7 ਨਵੰਬਰ (ਹਰਜੋਤ ਸਿੰਘ ਚਾਨਾ)-ਸ਼ਹਿਰ 'ਚ ਵਿਗੜੀ ਟਰੈਫ਼ਿਕ, ਸਰਕਾਰੀ ਜ਼ਮੀਨਾਂ ਤੇ ਸੜਕਾਂ 'ਤੇ ਗੈਰ ਕਾਨੂੰਨੀ ਕਬਜ਼ਿਆਂ ਨੂੰ ਰੋਕਣ ਲਈ ਨਗਰ ਨਿਗਮ ਵਲੋਂ 'ਯੈਲੋ ਲਾਈਨ ਪ੍ਰੋਜੈਕਟ' ਸ਼ੁਰੂ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਕਮਿਸ਼ਨਰ ਨਗਰ ਨਿਗਮ ਡਾ. ਅਕਸ਼ਿਤਾ ਗੁਪਤਾ ਨੇ ਕਿਹਾ ਕਿ ਇਹ ਪ੍ਰੋਜੈਕਟ ਸ਼ੁਰੂ ਕਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਯੈਲੋ ਲਾਈਨ ਪ੍ਰੋਜੈਕਟ ਜਨਤਕ ਥਾਵਾਂ 'ਤੇ ਅਨੁਸ਼ਾਸਨ ਬਣਾਈ ਰੱਖਣ ਤੇ ਸਰਕਾਰੀ ਜ਼ਮੀਨਾਂ ਦੀ ਰੱਖਿਆ ਲਈ ਇੱਕ ਮਹੱਤਵਪੂਰਨ ਪਹਿਲ ਹੈ | ਉਨ੍ਹਾਂ ਸ਼ਹਿਰ ਵਾਸੀਆਂ, ਦੁਕਾਨਦਾਰਾਂ ਤੇ ਵਪਾਰਕ ਅਦਾਰਿਆਂ ਨੂੰ ਸਖ਼ਤੀ ਨਾਲ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੀ ਦੁਕਾਨ ਦੀਆਂ ਸੀਮਾਵਾਂ ਦੇ ਅੰਦਰ ਰਹਿਣ ਤੇ ਯੈਲੋ ਲਾਈਨਾਂ ਨੂੰ ਪਾਰ ਨਾ ਕਰਨ | ਇਸ ਸੀਮਾ ਤੋਂ ਪਰੇ ਕੋਈ ਵੀ ਗੈਰ-ਕਾਨੂੰਨੀ ਕਬਜ਼ਾ ਬਿਨਾਂ ਨੋਟਿਸ ਦੇ ਹਟਾ ਦਿੱਤਾ ਜਾਵੇਗਾ | ਨਗਰ ਨਿਗਮ ਨੇ ਸ਼ਹਿਰ ਵਾਸੀਆਂ ਨੂੰ ਯੈਲੋ ਲਾਈਨ ਸੀਮਾਵਾਂ ਦੀ ਸਖ਼ਤੀ ਨਾਲ ਪਾਲਣਾ ਕਰਨ, ਕਿਸੇ ਵੀ ਤਰ੍ਹਾਂ ਦੇ ਨਜਾਇਜ਼ ਕਬਜ਼ੇ ਤੋਂ ਬਚਣ ਤੇ ਇਸ ਮੁਹਿੰਮ ਨੂੰ ਪੂਰਾ ਸਮਰਥਨ ਦੇਣ ਦੀ ਅਪੀਲ ਕੀਤੀ |