ਨਡਾਲਾ, 21 ਜੁਲਾਈ (ਰਘਬਿੰਦਰ ਸਿੰਘ)- ਕਿਰਤੀ ਕਿਸਾਨ ਯੂਨੀਅਨ ਕਮੇਟੀ ਦੀ ਨਡਾਲਾ ਬਲਾਕ ਦੀ ਮੀਟਿੰਗ ਪਿੰਡ ਲੱਖਣ ਕੇ ਪੱਡੇ ਫ਼ਕੀਰ ਸਿੰਘ ਦੇ ਗ੍ਰਹਿ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੰਨਾਮਲ ਨੇ ਕਿਹਾ ਕਿ ਪੰਜਾਬ ਵਿਚ ਪੁਲਿਸ ਨੂੰ ਵਧੇਰੇ ਅਧਿਕਾਰ ਦੇ ਕੇ ਜਮਹੂਰੀ ਹੱਕਾਂ ਨੂੰ ਦਬਾਇਆ ਜਾ ਰਿਹਾ ਹੈ ਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਨੂੰ ਝੂਠੇ ਕੇਸਾਂ ਵਿਚ ਜੇਲ੍ਹਾਂ ਵਿਚ ਡੱਕਿਆ ਜਾ ਰਿਹਾ ਹੈ | ਅਸੀਂ ਇਸ ਨੂੰ 'ਅਣ-ਐਲਾਨੀ ਐਮਰਜੈਂਸੀ' ਮੰਨਦੇ ਹੋਏ ਇਸ ਜ਼ਬਰ ਦਾ ਡਟ ਕੇ ਵਿਰੋਧ ਕਰਦੇ ਹਾਂ ਤੇ 25 ਜੁਲਾਈ ਨੂੰ ਸੰਗਰੂਰ ਵਿਖੇ ਪੁਲਿਸ ਜ਼ਬਰ ਦੇ ਖ਼ਿਲਾਫ਼ ਹੋਣ ਵਾਲੀ ਰੈਲੀ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋਵਾਂਗੇ | ਰੈਲੀ ਵਿਚ ਨਡਾਲਾ ਬਲਾਕ ਤੋਂ ਵੱਡੀ ਗਿਣਤੀ ਵਿਚ ਵੱਧ ਤੋਂ ਵੱਧ ਕਿਸਾਨਾਂ ਨੂੰ ਸ਼ਾਮਲ ਕਰਵਾਇਆ ਜਾਵੇਗਾ | ਇਸ ਮੌਕੇ ਲੱਖਣ ਕੇ ਪੱਡੇ ਦੀ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਮਾਸਟਰ ਕੇਵਲ ਸਿੰਘ ਨੂੰ ਕਨਵੀਨਰ, ਫ਼ਕੀਰ ਸਿੰਘ ਨੂੰ ਕੋ-ਕਨਵੀਨਰ, ਗੁਰਮੀਤ ਸਿੰਘ, ਜਸਵੰਤ ਸਿੰਘ ਵਿਰਲੀ, ਡਿਪਟੀ ਰਾਣਾ, ਫ਼ੌਜੀ ਜਿੰਦਰ ਸਿੰਘ, ਪਰਮਜੀਤ ਸਿੰਘ ਮੈਂਬਰ ਚੁਣੇ ਗਏ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪੈੱ੍ਰਸ ਸਕੱਤਰ ਕੁਲਵਿੰਦਰ ਸਿੰਘ ਭੰਡਾਲ ਬੇਟ, ਨਡਾਲਾ ਬਲਾਕ ਪ੍ਰਧਾਨ ਜਗਜੀਤ ਸਿੰਘ ਮੁੱਦੋਵਾਲ, ਗੁਰਬਾਗ ਸਿੰਘ ਤਾਜਪੁਰ ਸੁਭਾਨਪੁਰ ਸਰਕਲ ਪ੍ਰਧਾਨ, ਪਰਮਜੀਤ ਸਿੰਘ ਭੰਡਾਲ, ਸਤਪਾਲ ਸਿੰਘ ਗਡਾਨੀ, ਪ੍ਰਧਾਨ ਜਸਵੰਤ ਸਿੰਘ, ਚੱਕੋਕੀ ਦੇ ਪ੍ਰਧਾਨ ਤਰਸੇਮ ਸਿੰਘ ਗੁਡਾਨੀ, ਪਰਮਿੰਦਰ ਸਿੰਘ ਗਡਾਨੀ, ਬਾਬਾ ਹਰਵਿੰਦਰ ਸਿੰਘ ਮੁੱਦੋਵਾਲ ਤੇ ਬਲਵੰਤ ਸਿੰਘ ਆਦਿ ਹਾਜ਼ਰ ਸਨ |