ਫਗਵਾੜਾ, 20 ਜੁਲਾਈ (ਹਰਜੋਤ ਸਿੰਘ ਚਾਨਾ)-ਇੱਥੋਂ ਦੀ ਸਿਟੀ ਕਲੱਬ ਦੀ ਚੋਣ ਦਾ ਕੰਮ ਜੋ ਪਿਛਲੇ ਛੇ ਸਾਲਾ ਤੋਂ ਲਟਕਿਆ ਹੋਇਆ ਸੀ ਉਹ ਆਿਖ਼ਰਕਾਰ ਪੰਜਾਬ ਐਂਡ ਹਰਿਆਣਾ ਹਾਈਕੋਰਟ 'ਚ ਦਾਇਰ ਹੋਈ ਪਟੀਸ਼ਨ ਦੀ ਸੁਣਵਾਈ ਤੋਂ ਬਾਅਦ ਕਰਨ ਦਾ ਫ਼ੈਸਲਾ ਕਰ ਲਿਆ ਗਿਆ ਹੈ ਤੇ ਹੁਣ ਇਹ ਚੋਣ 8 ਅਗਸਤ ਨੂੰ ਹੋਣੀ ਤੈਅ ਹੋ ਗਈ ਹੈ ਜਿਸ ਸੰਬੰਧੀ ਪ੍ਰਸ਼ਾਸਨ ਨੇ ਐਲਾਨ ਵੀ ਕਰ ਦਿੱਤਾ ਹੈ | ਸਿਟੀ ਕਲੱਬ ਦੀ ਚੋਣ ਪਿਛਲੇ 6 ਸਾਲ ਤੋਂ ਨਹੀਂ ਹੋਈ ਜਦਕਿ ਇਹ ਚੋਣ ਹਰ ਦੋ ਸਾਲ ਬਾਅਦ ਹੋਣੀ ਹੁੰਦੀ ਹੈ ਤੇ ਇਹ ਪਿਛਲੇ ਸਮੇਂ ਤੋਂ ਸਰਕਾਰੀ ਅਫ਼ਸਰਾਂ ਦੀ ਅਗਵਾਈ ਹੇਠ ਚੱਲ ਰਿਹਾ ਹੈ | ਕਾਂਗਰਸ ਸਰਕਾਰ ਵਲੋਂ ਇੱਕ ਕਾਂਗਰਸੀ ਆਗੂ ਨੂੰ ਇਸ ਕਲੱਬ ਦਾ ਪ੍ਰਮੁੱਖ ਤੌਰ 'ਤੇ ਕੰਮ ਕਰਨ ਦਾ ਅਧਿਕਾਰ ਸੀ ਜਦਕਿ ਬਾਕੀ ਕਮੇਟੀ 'ਚ ਚਾਰ ਸਰਕਾਰੀ ਮੈਂਬਰ ਸੀ | ਕਲੱਬ ਦੇ ਕਈ ਮੈਂਬਰਾਂ ਨੇ ਚੋਣ ਕਰਵਾਉਣ ਲਈ ਪ੍ਰਸ਼ਾਸਨ ਨੂੰ ਪੱਤਰ ਦਿੱਤੇ ਸਨ ਪਰ ਉਸ 'ਤੇ ਕੋਈ ਸੁਣਵਾਈ ਨਹੀਂ ਹੋਈ ਜਿਸ ਤੋਂ ਖ਼ਫ਼ਾ ਹੋਏ ਕੁੱਝ ਮੈਂਬਰਾਂ ਵਲੋਂ ਹਾਈਕੋਰਟ ਦਾ ਦਰਵਾਜ਼ਾ ਖੜਕਾਉਣ ਦਾ ਫ਼ੈਸਲਾ ਕੀਤਾ ਸੀ | ਪ੍ਰਮੁੱਖ ਸ਼ਹਿਰੀ ਹਰੀਸ਼ ਥਾਪਰ ਨੇ ਹਾਈਕੋਰਟ 'ਚ ਇਸ ਦੀ ਚੋਣ ਕਰਵਾਉਣ ਲਈ ਪਟੀਸ਼ਨ ਦਾਇਰ ਕੀਤੀ ਸੀ ਤੇ ਕਿਹਾ ਕਿ ਜਾਣ ਬੁੱਝ ਕੇ ਇਸ ਚੋਣ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ | ਇਸ ਸੰਬੰਧੀ ਪੰਜਾਬ ਐਂਡ ਹਰਿਆਣਾ ਹਾਈਕੋਰਟ 'ਚ ਚੱਲ ਰਹੀ ਕਾਰਵਾਈ ਦੌਰਾਨ ਪ੍ਰਸ਼ਾਸਨ ਨੇ ਚੋਣ ਕਰਵਾਉਣੀ ਮੰਨ ਲਈ ਜਿਸ ਕਰਕੇ ਹੁਣ ਇਹ ਚੋਣ 8 ਅਗਸਤ ਨੂੰ ਹੋਵੇਗੀ ਤੇ 30 ਜੁਲਾਈ ਨੂੰ ਨਾਮਜ਼ਦਗੀਆਂ ਦਾ ਕੰਮ ਸ਼ੁਰੂ ਹੋਵੇਗਾ | ਇਸ ਸਬੰਧੀ ਤਹਿਸੀਲਦਾਰ ਜਸਵਿੰਦਰ ਸਿੰਘ ਨੂੰ ਰਿਟਰਨਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ | ਇਹ ਚੋਣ ਮੀਤ ਪ੍ਰਧਾਨ, ਖ਼ਜ਼ਾਨਚੀ, ਸਕੱਤਰ, ਜੁਆਇੰਟ ਸਕੱਤਰ ਤੇ 9 ਐਗਜ਼ੈਕਟਿਵ ਮੈਂਬਰਾਂ ਦੀ ਹੋਵੇਗੀ | ਚੋਣਾਂ ਦੇ ਐਲਾਨ ਤੋਂ ਬਾਅਦ ਕਰੀਬ 350 ਤੋਂ ਵੱਧ ਮੈਂਬਰ ਸਰਗਰਮ ਹੋ ਗਏ ਹਨ ਤੇ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ |