18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਰਾਹਗੀਰ ਹੋ ਰਹੇ ਪ੍ਰੇਸ਼ਾਨ, ਪਿਛਲੇ ਲੰਮੇ ਸਮੇਂ ਤੋਂ ਕਈ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਪਿੰਡ ਫੱਤੂਢੀਂਗਾ

ਅਜੀਤ ਡੈਸਕ 21-07-2025
ਫੱਤੂਢੀਂਗਾ, 20 ਜੁਲਾਈ (ਬਲਜੀਤ ਸਿੰਘ)- ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦਾ ਪ੍ਰਮੁੱਖ ਪਿੰਡ ਫੱਤੂਢੀਂਗਾ ਪਿਛਲੇ ਲੰਮੇ ਸਮੇਂ ਤੋਂ ਪਿੰਡ ਦੇ ਗੰਦੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਰਕੇ ਪਿੰਡ ਵਾਸੀ ਪ੍ਰੇਸ਼ਾਨ ਹਨ ਉੱਥੇ ਨਾਲ ਹੀ ਇੱਥੇ ਰੋਜ਼ ਸਕੂਲ ਆਉਣ ਜਾਣ ਵਾਲੇ ਬੱਚੇ ਵੀ ਪ੍ਰੇਸ਼ਾਨ ਹੁੰਦੇ ਹਨ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੋਣ ਕਰਕੇ ਨੇੜਲੇ ਪਿੰਡਾਂ ਦੇ ਬੱਚੇ ਵੀ ਇੱਥੇ ਪੜ੍ਹਨ ਵਾਸਤੇ ਆਉਂਦੇ ਹਨ ਪਰ ਸਕੂਲ ਦੇ ਗੇਟ ਅੱਗੇ ਬਣੀ ਮੁੱਖ ਸੜਕ, ਜਿੱਥੇ ਬਰਸਾਤਾਂ ਤੋਂ ਪਹਿਲਾਂ ਹੀ ਪਾਣੀ ਖੜ੍ਹਾ ਰਹਿੰਦਾ ਹੈ ਤੇ ਬਰਸਾਤ ਹੋਣ 'ਤੇ ਇਹ ਸੜਕ ਛੱਪੜ ਦਾ ਰੂਪ ਧਾਰ ਜਾਂਦੀ ਹੈ | ਸਵੇਰੇ ਸਮੇਂ ਜਦੋਂ ਬੱਚੇ ਤਿਆਰ ਹੋ ਕੇ ਸਕੂਲ ਆਉਂਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਬੂਟ ਉਤਾਰ ਕੇ ਪਾਣੀ ਵਿਚ ਦੀ ਲੰਘਣਾ ਪੈਂਦਾ ਹੈ ਪਰ ਦੂਸਰੇ ਪਾਸੇ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਚੁੱਕਣ ਦੀਆਂ ਗੱਲਾਂ ਕਰ ਰਹੀ ਹੈ ਤੇ ਵੱਡੇ ਪੱਧਰ 'ਤੇ ਇਸ ਸੰਬੰਧੀ ਇਸ਼ਤਿਹਾਰ ਲਗਾ ਕੇ ਆਪਣੀ ਸ਼ੋਭਾ ਕਰ ਰਹੀ ਹੈ | ਇਸ ਦੇ ਨਾਲ ਹੀ ਨੇੜਲੇ ਪਿੰਡਾਂ ਦੇ ਲੋਕ ਸਰਕਾਰੀ ਕਮਿਊਨਿਟੀ ਹੈਲਥ ਸੈਂਟਰ ਫੱਤੂਢੀਂਗਾ ਵਿਖੇ ਆਪਣੀ ਦਵਾਈ ਬੂਟੀ ਲਈ ਵੀ ਆਉਂਦੇ ਹਨ ਉੱਥੇ ਨਾਲ ਹੀ ਜ਼ਰੂਰੀ ਵਸਤੂਆਂ ਦੀ ਖ਼ਰੀਦੋ ਫਰੋਖਤ ਕਰਨ ਲਈ ਵੀ ਜ਼ਿਆਦਾਤਰ ਇੱਥੇ ਆਉਂਦੇ ਹਨ ਪਰ ਸਹੀ ਰਸਤਾ ਨਾ ਹੋਣ ਕਰਕੇ ਜਿੱਥੇ ਉਹ ਪ੍ਰਸ਼ਾਸਨ ਨੂੰ ਕੋਸਦੇ ਹਨ ਉੱਥੇ ਨਾਲ ਹੀ ਵੱਖ ਵੱਖ ਸਮੇਂ ਬਣੀਆਂ ਪਿੰਡ ਦੀਆਂ ਪੰਚਾਇਤਾਂ ਨੂੰ ਵੀ ਕੋਸਦੇ ਦਿਸਦੇ ਹਨ | ਇਸ ਦੇ ਨਾਲ ਹੀ ਕੂੜਾ ਕਰਕਟ ਸੁੱਟਣ ਲਈ ਕੋਈ ਢੁਕਵੀਂ ਜਗ੍ਹਾ ਨਾ ਹੁਣ ਕਰਕੇ ਸੜਕ ਕਿਨਾਰੇ ਹੀ ਗੰਦਗੀ ਦੇ ਢੇਰ ਲੱਗੇ ਹੋਏ ਹਨ ਜੋ ਕਿ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ | ਪਿੰਡ ਫੱਤੂਢੀਂਗਾ ਤੇ ਖ਼ਾਨਪੁਰ ਦੀ ਆਬਾਦੀ ਨਾਲ-ਨਾਲ ਹੋਣ ਦੇ ਬਾਵਜੂਦ ਵੀ ਵੱਖ-ਵੱਖ ਪੰਚਾਇਤਾਂ ਹਨ ਪਰ ਵਿਕਾਸ ਪੱਖੋਂ ਦੋਵੇਂ ਪਿੰਡ ਹੀ ਪਛੜੇ ਹੋਏ ਹਨ | ਪਿੰਡ ਖ਼ਾਨਪੁਰ ਵਿਚ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਹਨ ਤੇ ਬਾਜ਼ਾਰ ਦੀਆਂ ਗਲੀਆਂ ਵਿਚ ਬਰਸਾਤ ਤੇ ਘਰਾਂ ਦਾ ਗੰਦਾ ਪਾਣੀ ਘੁੰਮਦਾ ਹੈ ਜਿਸ ਕਾਰਨ ਉਨ੍ਹਾਂ ਦੀਆਂ ਦੁਕਾਨਾਂ 'ਤੇ ਗਾਹਕ ਜਾਣ ਤੋਂ ਝਿਜਕਦਾ ਹੈ ਤੇ ਦੁਕਾਨਦਾਰਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ | ਕੰਵਲਜੀਤ ਸਿੰਘ, ਪਾਲ ਸਿੰਘ ਆਦਿ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੀ. ਡਬਲਿਊ. ਡੀ. ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮੇਨ ਰੋਡ ਕਪੂਰਥਲਾ ਤੋਂ ਸ੍ਰੀ ਗੋਇੰਦਵਾਲ ਸਾਹਿਬ ਤੋਂ ਲੈ ਕੇ ਡੇਰਾ ਸਾਹਦੌਲਾ ਤੱਕ ਸੜਕ ਨੂੰ ਉੱਚਾ ਕਰਕੇ ਬਣਾਇਆ ਜਾਵੇ ਤਾਂ ਜੋ ਸੜਕ 'ਤੇ ਪਾਣੀ ਇਕੱਠਾ ਨਾ ਹੋਣ ਸਕੇ |
ਪਿਛਲੀ ਖ਼ਬਰ ਲੋਕਾਂ ਨੂੰ ਜਾਗਰੂਕ ਕਰਨ ਲਈ ਹਲਕਾ ਇੰਚਾਰਜ ਘੁੰਮਣ ਵਲੋਂ ਭੁਲੱਥ ਦੇ ਵਾਰਡ ਨੰਬਰ 1 'ਚ ਸੰਪਰਕ ਮੀਟਿੰਗ ਯੁੱਧ ਨਸ਼ਿਆਂ... ਅਗਲੀ ਖ਼ਬਰ ਬਦਲੀਆਂ ਨੂੰ ਤਰਸੇ ਅਧਿਆਪਕ, ਵਿਭਾਗ ਕੁੰਭਕਰਨੀ ਨੀਂਦ ਸੁੱਤਾ- ਗੌਰਮਿੰਟ ਟੀਚਰਜ਼ ਯੂਨੀਅਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।