ਸੁਭਾਨਪੁਰ, 17 ਜੁਲਾਈ (ਸਤਨਾਮ ਸਿੰਘ)- ਥਾਣਾ ਸੁਭਾਨਪੁਰ ਦੀ ਪੁਲਿਸ ਵਲੋਂ ਗਸ਼ਤ ਦੌਰਾਨ ਇਕ ਵਿਅਕਤੀ ਨੂੰ ਕਥਿਤ ਤੌਰ 'ਤੇ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਥਾਣਾ ਮੁਖੀ ਅਮਨਦੀਪ ਕੁਮਾਰ ਨਾਹਰ ਨੇ ਦੱਸਿਆ ਕਿ ਏ.ਐਸ.ਆਈ. ਬਖ਼ਸ਼ੀਸ਼ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਕਰਦੇ ਹੋਏ ਜਦੋਂ ਪਿੰਡ ਸੁਭਾਨਪੁਰ, ਪਹਾੜੀਪੁਰ ਤੇ ਬੂਟ ਤੋਂ ਨਿਜ਼ਾਮਪੁਰ ਮੋੜ 'ਤੇ ਪਹੁੰਚੀ ਤਾਂ ਇੱਕ ਵਿਅਕਤੀ ਉਥੇ ਖੜਾ ਸੀ ਜਿਸ ਨੇ ਪੁਲਿਸ ਪਾਰਟੀ ਨੂੰ ਦੇ ਕੇ ਆਪਣੀ ਪੈਂਟ ਦੀ ਜੇਬ ਵਿਚੋਂ ਇੱਕ ਲਿਫ਼ਾਫ਼ਾ ਕੱਢ ਕੇ ਸੜਕ ਕਿਨਾਰੇ ਸੁੱਟ ਦਿੱਤਾ ਤੇ ਆਪ ਤੇਜ਼ ਕਦਮੀਂ ਪਿੱਛੇ ਨੂੰ ਮੁੜ ਕੇ ਭੱਜਣ ਦੀ ਕੋਸ਼ਿਸ਼ ਕੀਤੀ | ਪੁਲਿਸ ਪਾਰਟੀ ਨੇ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਸ਼ਿੰਦਰ ਸਿੰਘ ਉਰਫ਼ ਤੋਤਾ ਪੁੱਤਰ ਸਰਵਨ ਸਿੰਘ ਵਾਸੀ ਪਿੰਡ ਬੂਟ ਦੱਸਿਆ | ਉਕਤ ਵਿਅਕਤੀ ਵਲੋਂ ਸੁੱਟੇ ਗਏ ਲਿਫ਼ਾਫ਼ੇ ਦੀ ਜਦੋਂ ਜਾਂਚ ਕੀਤੀ ਗਈ ਤਾਂ ਉਸ ਵਿਚੋਂ ਕਥਿਤ ਤੌਰ 'ਤੇ 10 ਗ੍ਰਾਮ ਹੈਰੋਇਨ ਬਰਾਮਦ ਹੋਈ | ਉਨ੍ਹਾਂ ਦੱਸਿਆ ਕੇ ਉਕਤ ਵਿਅਕਤੀ ਖ਼ਿਲਾਫ਼ ਕਾਰਵਾਈ ਕਰਦੇ ਹੋਏ ਥਾਣਾ ਸੁਭਾਨਪੁਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ |