ਫਗਵਾੜਾ, 17 ਜੁਲਾਈ (ਅਸ਼ੋਕ ਕੁਮਾਰ ਵਾਲੀਆ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਕੁਲਵੰਤ ਸਿੰਘ ਮੰਨਣ ਦੀ ਦੇਖ-ਰੇਖ ਹੇਠ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਫਗਵਾੜਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਨੌਜਵਾਨਾਂ ਨੂੰ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਸਿੱਖਿਆ ਅਤੇ ਸਵੇਰੇ ਸ਼ਾਮ ਲਗਾਤਾਰ 10 ਦਿਨ ਗੁਰਬਾਣੀ, ਕਥਾ ਕੀਰਤਨ ਦਾ ਪ੍ਰਚਾਰ ਅਤੇ ਪ੍ਰਸਾਰ ਦੀ ਆਰੰਭਤਾ ਕੀਤੀ ਗਈ, ਦੀ ਲੜੀ ਤਹਿਤ ਪਿੰਡ ਖੇੜਾ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਪੰਥ ਪ੍ਰਸਿੱਧ ਪ੍ਰਚਾਰਕ ਭਾਈ ਰਜਿੰਦਰ ਸਿੰਘ ਭੱਠਲ ਤੇ ਪ੍ਰਚਾਰਕ ਭਾਈ ਜਗਰੂਪ ਸਿੰਘ ਵੇਰਕਾ, ਆਗਿਆਕਾਰ ਸਿੰਘ, ਕਮਲਜੀਤ ਸਿੰਘ ਅਤੇ ਸੁਖਦੇਵ ਸਿੰਘ ਵਲੋਂ ਸੰਗਤਾਂ ਨੂੰ ਨਾਮਬਾਣੀ ਨਾਲ ਜੋੜਿਆ ਜਾ ਰਿਹਾ ਹੈ ਤੇ ਨੌਜਵਾਨਾ ਨੂੰ ਸੰਥਿਆ, ਗੁਰਬਾਣੀ ਕੀਰਤਨ ਦੀ ਸਿਖਲਾਈ ਵੀ ਮੁਫ਼ਤ ਦਿੱਤੀ ਜਾ ਰਹੀ ਹੈ | ਇਸ ਸੰਬੰਧੀ ਸ਼ੋ੍ਰਮਣੀ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਗੁਰਦੀਪ ਸਿੰਘ ਖੇੜਾ ਨੇ ਦੱਸਿਆ ਕਿ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦਾ ਉਪਰਾਲਾ ਫਗਵਾੜਾ ਹਲਕੇ ਦੇ ਲਗਭਗ 10 ਪਿੰਡਾਂ 'ਚ ਚੱਲ ਰਿਹਾ ਹੈ | ਸ਼ੋ੍ਰਮਣੀ ਕਮੇਟੀ ਵਲੋਂ ਆਏ ਲਗਭਗ 60 ਦੇ ਕਰੀਬ ਪ੍ਰਚਾਰਕ ਪਿੰਡਾਂ 'ਚ ਜਾ ਕੇ ਇਹ ਉਪਰਾਲਾ ਕਰ ਰਹੇ ਹਨ ਤੇ ਉਨ੍ਹਾਂ ਦੀਆਂ ਸੇਵਾਵਾਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹੋਰ ਲਈਆਂ ਜਾਣਗੀਆਂ | ਇਸ ਮੌਕੇ ਪ੍ਰਚਾਰਕ ਰਜਿੰਦਰ ਸਿੰਘ ਭੱਠਲ ਨੇ ਆਖਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇਹ ਕਾਰਜ ਸ਼ੁਰੂ ਕੀਤੇ ਗਏ ਹਨ ਫਗਵਾੜਾ ਹਲਕੇ ਦੇ ਪਿੰਡਾਂ ਵਿਚ ਸੰਗਤਾਂ ਦਾ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ ਹੈ | ਇਸ ਮੌਕੇ ਗੁਰਦੀਪ ਸਿੰਘ ਖੇੜਾ, ਰਣਜੀਤ ਸਿੰਘ ਜੀਤੀ ਖੇੜਾ, ਗਿਆਨ ਸਿੰਘ, ਡਾ: ਹਰਬੰਸ ਸਿੰਘ, ਗ੍ਰੰਥੀ ਭਾਈ ਜਗਰੂਪ ਸਿੰਘ ਖੇੜਾ ਆਦਿ ਹਾਜ਼ਰ ਸਨ |