ਦੋਦਾ, 7 ਨਵੰਬਰ (ਰਵੀਪਾਲ)-ਸਥਾਨਕ ਕਸਬੇ 'ਚ ਪ੍ਰਸਿੱਧ ਤਪੱਸਵੀ ਸੰਤ ਬਾਬਾ ਕਿ੍ਸ਼ਨ ਦਾਸ ਜੀ ਦੀ ਬਰਸੀ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਇਕੋਤਰੀ ਲੜੀ ਦੀ ਸ਼ੁਰੂਆਤ ਕੀਤੀ ਗਈ | ਗਊ ਸੇਵਾ ਸੰਮਤੀ ਦੋਦਾ ਦੇ ਪ੍ਰਧਾਨ ਸੁਖਪਾਲ ਬਰਾੜ ਤੇ ਸੰਮਤੀ ਆਗੂਆਂ ਨੇ ਦੱਸਿਆ ਕਿ ਡੇਰਾ ਸੰਤ ਬਾਬਾ ਕਿ੍ਸ਼ਨਦਾਸ ਜੀ ਗਊਸੇਵਾ ਸੰਮਤੀ, ਪੰਚਾਇਤ ਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠਾਂ ਦੀ ਲੜੀ ਆਰੰਭ ਕੀਤੀ ਗਈ ਹੈ | ਇਸ ਦੌਰਾਨ ਇਕੋਤਰੀ ਦੇ ਭੋਗ ਬਾਬਾ ਜੀ ਦੀ 7 ਦਸੰਬਰ ਨੂੰ ਬਰਸੀ ਵਾਲੇ ਦਿਨ ਪਾਏ ਜਾਣਗੇ ਤੇ ਉਪਰੰਤ ਸੰਪੂਰਨਤਾ ਸਮਾਗਮ ਹੋਵੇਗਾ | ਉਨ੍ਹਾਂ ਦੱਸਿਆ ਕਿ ਅੱਜ ਹਰਦੀਪ ਸਿੰਘ ਡਿੰਪੀ ਢਿੱਲੋਂ ਵਿਧਾਇਕ ਗਿੱਦੜਬਾਹਾ ਦਾ ਸਮੂਹ ਪਰਿਵਾਰ, ਭਜਨ ਸਿੰਘ ਬਰਾੜ ਦਾ ਸਮੂਹ ਪਰਿਵਾਰ, ਬਲਦੇਵ ਸਿੰਘ ਮੈਂਬਰ ਤੇ ਪੂਰਨ ਸਿੰਘ ਕਿਸਾਨ ਆਗੂ ਦਾ ਪਰਿਵਾਰ, ਬੀਕਾਨੇਰ ਮਿਸ਼ਠਾਨ ਭੰਡਾਰ, ਦੋਮੇਸ਼ ਮੈਡੀਕਲ ਦੋਦਾ, ਮੋਹਨਾ ਸਿੰਘ ਧਾਲੀਵਾਲ ਦੇ ਪਰਿਵਾਰ ਵਲੋਂ 6 ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਕਾਸ਼ ਕਰਵਾਏ ਗਏ | ਇਸ ਪਹਿਲੀ ਲੜੀ ਦੇ ਭੋਗ 9 ਨਵੰਬਰ ਨੂੰ ਪਾਏ ਜਾਣਗੇ | ਇਸ ਮੌਕੇ ਸੰਮਤੀ ਸੇਵਾਦਾਰ ਤੇ ਪਿੰਡ ਵਾਸੀ ਵੱਡੀ ਗਿਣਤੀ 'ਚ ਹਾਜ਼ਰ ਸਨ |