20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਕੁਦਰਤੀ ਕਰੋਪੀ ਦੇ ਨਾਲ-ਨਾਲ ਪੰਜਾਬ ਦੀ ਤਬਾਹੀ ਲਈ ਸੂਬਾ ਸਰਕਾਰ ਜ਼ਿੰਮੇਵਾਰ-ਜਗਜੀਤ ਸਿੰਘ ਡੱਲੇਵਾਲ

ਅਜੀਤ ਡੈਸਕ 01-09-2025
ਫ਼ਰੀਦਕੋਟ, 31 ਅਗਸਤ (ਜਸਵੰਤ ਸਿੰਘ ਪੁਰਬਾ)-ਪਿਛਲੇ ਕਈ ਦਿਨਾਂ ਤੋਂ ਪੰਜਾਬ ਅੰਦਰ ਹੋ ਰਹੀ ਭਾਰੀ ਬਾਰਿਸ਼ ਅਤੇ ਬੀਬੀਐਮਬੀ ਦੀ ਗ਼ਲਤ ਮੈਨੇਜਮੈਂਟ ਕਾਰਨ ਖਤਰੇ ਦੇ ਨਿਸ਼ਾਨ ਤੱਕ ਡੈਮਾਂ ਅੰਦਰ ਪਾਣੀ ਜਮ੍ਹਾ ਕਰਕੇ ਭਾਰੀ ਮਾਤਰਾ ਵਿਚ ਛੱਡੇ ਗਏ ਪਾਣੀ ਨਾਲ ਪੰਜਾਬ ਦੇ 7 ਤੋਂ ਵੱਧ ਜ਼ਿਲਿ੍ਹਆਂ ਦੇ ਹਜ਼ਾਰਾਂ ਤੋਂ ਵੱਧ ਪਿੰਡ ਪ੍ਰਭਾਵਿਤ ਹੋਏ ਹਨ | ਇਨ੍ਹਾਂ ਹੜ੍ਹਾਂ ਕਾਰਨ ਕਈ ਅਣਮੁੱਲੀਆਂ ਕੀਮਤੀ ਜਾਨਾਂ ਚਲੀਆਂ ਗਈਆਂ | ਹਜ਼ਾਰਾਂ ਘਰ ਪਾਣੀ ਦੀ ਲਪੇਟ ਵਿਚ ਆ ਗਏ ਅਤੇ ਲੱਖਾਂ ਏਕੜ ਫ਼ਸਲ ਪਾਣੀ ਵਿਚ ਡੁੱਬ ਕੇ ਤਬਾਹ ਹੋ ਗਈ ਹੈ | ਪੰਜਾਬ ਦੇ ਅੰਦਰ ਹੜਾਂ ਨਾਲ ਹੋਈ ਤਬਾਹੀ ਲਈ ਪੰਜਾਬ ਸਰਕਾਰ ਇਨ੍ਹਾਂ ਹਾਲਾਤਾਂ ਨੂੰ ਪੈਦਾ ਕਰਨ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਤੇ ਐਸਕੇਐਮ (ਗੈਰ ਸਿਆਸੀ) ਦੇ ਕਨਵੀਨਰ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਰੀਬ ਡੇਢ ਮਹੀਨਾ ਪਹਿਲਾਂ ਵਿਧਾਨ ਸਭਾ ਵਿਚ ਕਰੀਬ 250 ਕਰੋੜ ਰੁਪਏ ਖਰਚ ਕੇ ਪੰਜਾਬ ਦੀਆਂ ਡਰੇਨਾਂ ਦੀ ਸਫ਼ਾਈ ਕਰਨ ਅਤੇ ਦਰਿਆਵਾਂ, ਘੱਗਰ ਆਦਿ ਦੇ ਬੰਨ ਮਜ਼ਬੂਤ ਕਰਨ ਦਾ ਦਾਅਵਾ ਕੀਤਾ ਸੀ ਪਰ ਇਨ੍ਹਾਂ ਦਾਅਵਿਆਂ ਦੀ ਫੂਕ ਉਸ ਵੇਲੇ ਸਪੱਸ਼ਟ ਤੌਰ 'ਤੇ ਨਿਕਲ ਗਈ ਜਦੋਂ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਦੇ ਆਪਣੇ ਹਲਕੇ ਲਹਿਰਾ ਵਿਚ ਵੀ ਡਰੇਨਾਂ ਦੀ ਸਫ਼ਾਈ ਨਾ ਹੋਣ ਦੀਆਂ ਤਸਵੀਰਾਂ ਸਾਹਮਣੇ ਆਈਆਂ | ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਹਲਕਾ ਲਹਿਰਾ ਦੀਆਂ 2 ਡਰੇਨਾਂ ਦੀ ਸਫ਼ਾਈ ਦਾ ਠੇਕਾ ਕਰੀਬ 40 ਲੱਖ ਰੁਪਏ ਵਿਚ ਦਿੱਤਾ ਗਿਆ ਸੀ ਪਰ ਡਰੇਨਾਂ ਦੀ ਸਫ਼ਾਈ ਅਗਸਤ ਮਹੀਨੇ ਦੇ ਅਖੀਰ ਤੱਕ ਵੀ ਨਹੀਂ ਹੋਈ ਜਿਸ ਕਰਕੇ ਡਰੇਨਾਂ ਦਾ ਪਾਣੀ ਓਵਰ ਫਲੋਅ ਹੋ ਕੇ ਲੋਕਾਂ ਦੇ ਘਰਾਂ ਅਤੇ ਖੇਤਾਂ ਵਿਚ ਜਾ ਵੜਿਆ ਤੇ ਸੈਂਕੜੇ ਏਕੜ ਫ਼ਸਲ ਡੁੱਬ ਗਈ | ਉਨ੍ਹਾਂ ਕਿਹਾ ਕਿ ਜਦੋਂ ਡਰੇਨਾਂ ਦੀ ਸਫ਼ਾਈ ਨਾ ਹੋਣ ਦੀ ਸੱਚਾਈ ਨੂੰ ਜਥੇਬੰਦੀ ਦੇ ਪ੍ਰੈਸ ਸਕੱਤਰ ਜਤਿੰਦਰ ਸਿੰਘ ਜਲੂਰ ਨੇ ਆਪਣੇ ਸੋਸ਼ਲ ਮੀਡੀਆ ਉੱਪਰ ਉਜਾਗਰ ਕਰਨਾ ਸ਼ੁਰੂ ਕੀਤਾ ਤਾਂ ਡਰੇਨਜ ਵਿਭਾਗ ਦੀ ਸਬ ਡਿਵੀਜ਼ਨ ਲਹਿਰਾ ਦੇ ਐਸਡੀਓ ਨੇ ਉਸ ਆਗੂ ਨੂੰ ਪਹਿਲਾਂ ਫ਼ੋਨ ਕਾਲ ਕਰਕੇ ਚਾਹ ਦਾ ਕੱਪ ਸਾਂਝਾ ਕਰਨ ਲਈ ਦਫ਼ਤਰ ਆਉਣ ਦੀ ਗੱਲ ਕੀਤੀ ਪਰ ਜਦੋਂ ਉਹ ਦਫ਼ਤਰ ਨਾ ਗਿਆ ਤਾਂ ਐਸਡੀਓ ਉਸ ਆਗੂ ਦੇ ਘਰ ਪਹੁੰਚ ਗਿਆ ਅਤੇ ਕਵਰੇਜ ਕਰਨ ਤੋਂ ਰੋਕਣ ਬਦਲੇ ਉਸ ਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਦਿੱਤੇ ਇੱਥੋਂ ਤੱਕ ਕਿ ਮਾਇਨਿੰਗ ਆਦਿ ਦਾ ਕੋਈ ਕੰਮ ਦਬਾਉਣ ਦੀ ਗੱਲ ਵੀ ਕੀਤੀ ਗਈ, ਪਰ ਉਸ ਆਗੂ ਨੇ ਇਮਾਨਦਾਰੀ ਦੀ ਮਿਸਾਲ ਦਿੰਦਿਆਂ ਐਸਡੀਓ ਨਾਲ ਕੋਈ ਸੌਦੇਬਾਜ਼ੀ ਕਰਨ ਦੀ ਬਜਾਏ ਸਟਿੰਗ ਆਪ੍ਰੇਸ਼ਨ ਕਰਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ ਜਿਸ ਤੋਂ ਬਾਅਦ ਡਰੇਨਾਂ ਦੀ ਸਫ਼ਾਈ ਨਾ ਕਰਵਾਉਣ ਅਤੇ ਆਪਣੇ ਵਿਭਾਗ ਦੀ ਗਲਤੀ ਨੂੰ ਲੁਕਾਉਣ ਲਈ ਜਲ ਸਰੋਤ ਵਿਭਾਗ ਦੇ ਮੁੱਖ ਸਕੱਤਰ ਵਲੋਂ ਐਸਡੀਓ ਨੂੰ ਮੁਅੱਤਲ ਕਰ ਦਿੱਤਾ ਗਿਆ | ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇਕੱਲੇ ਐਸਡੀਓ ਨੂੰ ਮੁਅੱਤਲ ਕਰਨ ਨਾਲ ਇਸ ਡਰੇਨਾਂ ਦੀ ਸਫ਼ਾਈ ਦੇ ਨਾਮ ਉੱਪਰ ਹਲਕਾ ਲਹਿਰਾ ਵਿਚ ਹੋਏ ਲੱਖਾਂ ਰੁਪਏ ਦੇ ਭਿ੍ਸ਼ਟਾਚਾਰ ਅਤੇ ਪੂਰੇ ਪੰਜਾਬ ਅੰਦਰ ਹੋਏ ਇਸ ਵੱਡੇ ਪੱਧਰ 'ਤੇ ਭਿ੍ਸ਼ਟਾਚਾਰ ਦੀ ਜਾਂਚ ਕਰਕੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਜਥੇਬੰਦੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ | ਇਸ ਮੌਕੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ, ਸੂਬਾ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਸਿੱਧੂਪੁਰ, ਸੂਬਾ ਵਿੱਤ ਸਕੱਤਰ ਮਾਨ ਸਿੰਘ ਰਾਜਪੁਰਾ, ਰਣ ਸਿੰਘ ਚੱਠਾ ਜ਼ਿਲ੍ਹਾ ਜਨਰਲ ਸਕੱਤਰ ਸੰਗਰੂਰ, ਕਰਮਜੀਤ ਸਿੰਘ ਨੰਗਲੀ ਜ਼ਿਲ੍ਹਾ ਪ੍ਰਧਾਨ ਅੰਮਿ੍ਤਸਰ, ਤਰਸੇਮ ਸਿੰਘ ਗੋਬਿੰਦਪੁਰਾ ਜ਼ਿਲ੍ਹਾ ਆਗੂ ਮਾਨਸਾ, ਜਗਦੀਪ ਸਿੰਘ ਜ਼ਿਲ੍ਹਾ ਆਗੂ ਪਟਿਆਲਾ, ਜਤਿੰਦਰ ਸਿੰਘ ਜਲੂਰ ਪ੍ਰੈਸ ਸਕੱਤਰ ਬਲਾਕ ਲਹਿਰਾ, ਰਾਮਫ਼ਲ ਸਿੰਘ ਜਲੂਰ ਜਨਰਲ ਸਕੱਤਰ ਬਲਾਕ ਲਹਿਰਾ ਆਦਿ ਕਿਸਾਨ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਸ਼ੈਲੀ ਗਰਗ ਵਪਾਰ ਵਿੰਗ ਹਲਕਾ ਜੈਤੋ ਦੇ ਕੋਆਰਡੀਨੇਅਰ ਨਿਯੁਕਤ <br/> ਅਗਲੀ ਖ਼ਬਰ ਲਗਾਤਾਰ ਹੋਈ ਬਾਰਿਸ਼ ਕਾਰਨ ਸ੍ਰੀ ਮੁਕਤਸਰ ਸਾਹਿਬ ਇਲਾਕੇ ਦੇ ਕਈ ਪਿੰਡ ਪਾਣੀ ਦੀ ਮਾਰ ਹੇਠ ਆਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।