ਸ੍ਰੀ ਮੁਕਤਸਰ ਸਾਹਿਬ, 21 ਜੁਲਾਈ (ਰਣਜੀਤ ਸਿੰਘ ਢਿੱਲੋਂ)-ਕਿਰਤੀ ਕਿਸਾਨ ਯੂਨੀਅਨ ਵਲੋਂ ਪੁਲਿਸ ਜਬਰ ਦੇ ਖ਼ਿਲਾਫ਼ 25 ਜੁਲਾਈ ਦੀ ਸੰਗਰੂਰ ਰੈਲੀ ਦੇ ਸੰਬੰਧ ਵਿਚ ਪਿੰਡ ਝਬੇਲਵਾਲੀ, ਮਰਾੜ੍ਹ ਕਲਾਂ, ਤਖਤਮਲਾਣਾ ਵਿਖੇ ਮੀਟਿੰਗਾਂ ਕੀਤੀਆਂ ਗਈਆਂ, ਜਿਨ੍ਹਾਂ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ, ਜ਼ਿਲ੍ਹਾ ਸਕੱਤਰ ਹਰਪ੍ਰੀਤ ਸਿੰਘ ਝਬੇਲਵਾਲੀ, ਜ਼ਿਲ੍ਹਾ ਮੀਤ ਪ੍ਰਧਾਨ ਗੁਰਮੀਤ ਸਿੰਘ ਮਰਾੜ੍ਹ ਕਲਾਂ ਤੇ ਚਮਕੌਰ ਸਿੰਘ ਤਖਤਮਲਾਣਾ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਹੱਕਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ, ਮਜ਼ਦੂਰਾਂ, ਬੇਰੁਜ਼ਗਾਰਾਂ ਦੇ ਸੰਘਰਸ਼ਾਂ ਨੂੰ ਕੁਚਲਣ ਤੋਂ ਇਲਾਵਾ ਕਥਿਤ ਝੂਠੇ ਪੁਲਿਸ ਮੁਕਾਬਲੇ ਹਿਰਾਸਤੀ ਕਤਲ, ਬੁਲਡੋਜ਼ਰ ਕਾਰਵਾਈਆਂ ਆਮ ਵਰਤਾਰਾ ਬਣਦਾ ਜਾ ਰਿਹਾ ਹੈ | ਪੰਜਾਬ ਅੰਦਰ ਜਮਹੂਰੀਅਤ ਨਾਂਅ ਦੀ ਕੋਈ ਚੀਜ਼ ਬਾਕੀ ਨਹੀਂ ਹੈ | ਪੁਲਸੀਆ ਦਹਿਸ਼ਤ ਰਾਹੀਂ ਲੋਕਾਂ ਦੀ ਜਵਾਨਬੰਦੀ ਕੀਤੀ ਜਾ ਰਹੀ ਹੈ | ਪੰਜਾਬ ਸਰਕਾਰ ਵਲੋਂ ਲੈਂਡ ਪੂਲਿੰਗ ਨੀਤੀ ਦੇ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਧੱਕੇ ਨਾਲ ਕਬਜ਼ਾ ਕਰਕੇ ਪਿੰਡਾਂ 'ਚ ਵਸਦੇ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ, ਦੁਕਾਨਦਾਰਾਂ ਨੂੰ ਉਜਾੜਿਆ ਜਾ ਰਿਹਾ ਹੈ | ਪੰਜਾਬ ਦੇ ਲੋਕ ਸੰਘਰਸ਼ਾਂ ਲਈ ਉਠ ਖੜ੍ਹੇ ਨਾ ਹੋਣ ਇਸ ਲਈ ਪੰਜਾਬ ਨੂੰ ਪੁਲਿਸ ਰਾਜ ਬਣਾ ਦਿੱਤਾ ਗਿਆ ਹੈ, ਜਿਸ ਖ਼ਿਲਾਫ਼ ਲੋਕਾਂ 'ਚ ਭਾਰੀ ਰੋਸ ਹੈ | ਇਸ ਮੌਕੇ ਪਰਗਟ ਸਿੰਘ ਝਬੇਲਵਾਲੀ, ਬਲਜੀਤ ਸਿੰਘ ਫ਼ੌਜੀ, ਜਸਵੰਤ ਸਿੰਘ ਡੋਡਾਂਵਾਲੀ ਨੇ ਕਿ ਮੋਦੀ ਸਰਕਾਰ ਅਮਰੀਕਾ ਤੇ ਯੂਰਪੀਅਨ ਦੇਸ਼ਾਂ ਨਾਲ ਮੁਕਤ ਵਪਾਰ ਸਮਝੌਤਾ ਕਰ ਰਹੀ ਹੈ, ਜਿਸ ਕਰਕੇ ਬਾਹਰਲੇ ਦੇਸ਼ਾਂ ਤੋਂ ਖੇਤੀ ਨਾਲ ਸੰਬੰਧਿਤ ਵਸਤੂਆਂ ਦੀਆਂ ਕੀਮਤਾਂ ਬਹੁਤ ਸਸਤੀਆਂ ਹੋ ਜਾਣੀਆਂ | ਆਗੂਆਂ ਨੇ ਕਿਹਾ ਕਿ ਜ਼ਮੀਨਾਂ ਬਚਾਉਣ ਤੇ ਲਗਾਤਾਰ ਖ਼ਤਮ ਕੀਤੀ ਜਾ ਰਹੀ ਜਮਹੂਰੀਅਤ ਨੂੰ ਬਚਾਉਣ ਲਈ ਪੰਜਾਬ ਦੇ ਲੋਕਾਂ ਨੂੰ ਕਾਫ਼ਲੇ ਬੰਨ੍ਹ ਕੇ ਵੱਡੀ ਗਿਣਤੀ ਵਿਚ 25 ਜੁਲਾਈ ਨੂੰ ਸੰਗਰੂਰ ਵਿਚ ਕੀਤੀ ਜਾ ਰਹੀ ਜਬਰ ਵਿਰੋਧੀ ਰੈਲੀ ਸ਼ਾਮਿਲ ਹੋਣ ਦੀ ਅਪੀਲ ਕੀਤੀ |