ਮਲੋਟ, 17 ਜੁਲਾਈ (ਪਾਟਿਲ)-ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਨਸ਼ਿਆ ਖ਼ਿਲਾਫ਼ ਵਿੱਢੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਅਧਿਆਪਕਾਂ ਨੂੰ ਸਿਖਲਾਈ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ | ਇਸੇ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਪਾਲ ਮੋਂਗਾ ਦੀ ਅਗਵਾਈ ਹੇਠ ਮਲੋਟ ਬਲਾਕ ਦੇ ਅਧਿਆਪਕਾਂ ਦਾ ਦੋ ਰੋਜ਼ਾ ਸਿਖਲਾਈ ਕੈਂਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਮਲੋਟ ਵਿਖੇ ਲਗਾਇਆ | ਇਸ ਬਾਬਤ ਜਾਣਕਾਰੀ ਸਾਂਝੀ ਕਰਦਿਆਂ ਬਲਾਕ ਰਿਸੋਰਸ ਪਰਸਨ ਜਗਜੀਤ ਸਿੰਘ ਨੇ ਦੱਸਿਆ ਕਿ ਕੈਂਪ 'ਚ ਮਲੋਟ ਬਲਾਕ ਦੇ ਵੱਖ-ਵੱਖ ਸਕੂਲਾਂ ਦੇ ਕਰੀਬ 100 ਅਧਿਆਪਕਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ | ਸਾਇੰਸ ਅਧਿਆਪਕ ਗੁਰਦੀਪ ਸਿੰਘ ਵਲੋਂ ਨਸ਼ਿਆਂ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਦੇ ਮਾੜੇ ਪ੍ਰਭਾਵ ਤੋਂ ਹੋ ਰਹੇ ਨੁਕਸਾਨ ਬਾਰੇ ਵਿਸਥਾਰ ਨਾਲ ਦੱਸਿਆ ਗਿਆ | ਸਿਵਲ ਹਸਪਤਾਲ ਮਲੋਟ ਤੋਂ ਪਹੁੰਚੇ ਐੱਸ. ਐੱਮ. ਓ. ਡਾ. ਸੁਨੀਲ ਬਾਂਸਲ ਨੇ ਕਿਹਾ ਕਿ ਜੇਕਰ ਕਿਸੇ ਵੀ ਸਕੂਲ ਦਾ ਕੋਈ ਵਿਦਿਆਰਥੀ ਨਸ਼ਿਆਂ ਵੱਲ ਜਾ ਰਿਹਾ ਹੈ ਤਾਂ ਅਧਿਆਪਕ ਤੁਰੰਤ ਇਹੋ ਜਿਹੇ ਵਿਦਿਆਰਥੀ ਦੀ ਪਛਾਣ ਕਰਕੇ ਬੱਚੇ ਦੇ ਪਰਿਵਾਰ ਤੇ ਡਾਕਟਰ ਨਾਲ ਸੰਪਰਕ ਕਰਨ | ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਨਸ਼ਿਆਂ ਵਿਰੁੱਧ ਪ੍ਰੇਰਿਤ ਕਰਨ 'ਚ ਅਧਿਆਪਕ ਬਹੁਤ ਅਹਿਮ ਰੋਲ ਅਦਾ ਕਰ ਸਕਦਾ ਹੈ | ਲੈਕਚਰਾਰ ਵਰਿੰਦਰ ਬਜਾਜ ਨੇ ਕਿਹਾ ਕਿ ਸਾਨੂੰ ਨਸ਼ਿਆਂ ਵਿਰੁੱਧ ਸਹੀ ਦਿਸ਼ਾ 'ਚ ਜਾਣ ਲਈ ਇਸ ਦੀ ਜੜ੍ਹ ਲੱਭਣ ਦੀ ਲੋੜ ਹੈ | ਬੀ. ਆਰ. ਸੀ. ਮਹਿਮਾ ਸਿੰਘ ਨੇ ਆਏ ਮਹਿਮਾਨਾਂ ਤੇ ਅਧਿਆਪਕਾਂ ਦਾ ਧੰਨਵਾਦ ਕੀਤਾ | ਇਸ ਮੌਕੇ ਬਲਾਕ ਨੋਡਲ ਅਫ਼ਸਰ ਮੁੱਖ ਅਧਿਆਪਕਾ ਦੀਪਿਕਾ ਗਰਗ ਤੇ ਹੋਰਨਾਂ ਵਲੋਂ ਡਾ. ਬਾਂਸਲ ਅਤੇ ਉਨ੍ਹਾਂ ਦੀ ਟੀਮ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ |