02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਮੀਂਹ ਕਾਰਨ ਸੈਂਕੜੇ ਏਕੜ ਫ਼ਸਲ ਖ਼ਰਾਬ ਸਰਕਾਰ ਕਿਸਾਨਾਂ ਦੀ ਇਸ ਮੁਸ਼ਕਿਲ ਸਮੇਂ ਬਾਂਹ ਫ਼ੜੇ-ਹਰਬੰਸ ਸਿੰਘ ਕੋਟਲੀ

ਅਜੀਤ ਡੈਸਕ 18-07-2025
ਗਿੱਦੜਬਾਹਾ, 17 ਜੁਲਾਈ (ਪਰਮਜੀਤ ਸਿੰਘ ਥੇੜ੍ਹੀ)-ਬੀਤੇ ਦਿਨੀਂ ਹੋਈ ਭਰਵੀਂ ਬਰਸਾਤ ਕਾਰਨ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉਥੇ ਹੀ ਬਰਸਾਤ ਨੇ ਫ਼ਸਲਾਂ ਦਾ ਭਾਰੀ ਨੁਕਸਾਨ ਵੀ ਕੀਤਾ ਹੈ | ਗਿੱਦੜਬਾਹਾ ਹਲਕੇ ਦੇ ਪਿੰਡ ਕੋਟਲੀ ਤੇ ਆਸਪਾਸ ਦੇ ਪਿੰਡਾਂ ਕੋਠੇ ਕੇਸਰ ਸਿੰਘ ਵਾਲੇ, ਕੋਠੇ ਨਾਈ ਵਾਲੇ, ਕੋਠੇ ਚੀਦਿਆਂ ਵਾਲੇ ਆਦਿ ਪਿੰਡਾਂ 'ਚ ਮੀਂਹ ਨੇ ਕਿਸਾਨਾਂ ਦੀ ਮੱਕੀ, ਮੂੰਗੀ ਤੇ ਝੋਨੇ ਦੀ ਫ਼ਸਲ ਦਾ ਵੱਡਾ ਨੁਕਸਾਨ ਕੀਤਾ ਹੈ | ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਨੇ ਦੱਸਿਆ ਕਿ ਕੋਟਲੀ ਅਤੇ ਇਸ ਦੇ ਆਸ-ਪਾਸ ਦੇ ਕੋਠਿਆਂ 'ਚ ਮੀਂਹ ਕਾਰਨ ਸੈਂਕੜੇ ਏਕੜ ਫ਼ਸਲ ਖ਼ਰਾਬ ਹੋ ਗਈ | ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਖੇਤਾਂ ਵਿਚ ਭਰੇ ਪਾਣੀ ਦੀ ਨਿਕਾਸੀ ਲਈ ਪਾਣੀ ਨੂੰ ਬੋਰਾਂ 'ਚ ਪਾਇਆ ਜਾ ਰਿਹਾ ਹੈ, ਇਸ ਕਾਰਨ ਇਹ ਡਰ ਵੀ ਬਣਿਆ ਹੋਇਆ ਹੈ ਕਿ ਮੀਂਹ ਤੋਂ ਬਾਅਦ ਜਦ ਉਹ ਆਪਣੇ ਬੋਰ ਚਲਾਉਣਗੇ ਤਾਂ ਉਹ ਚੱਲਣਗੇ ਜਾਂ ਨਹੀਂ | ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਆਰਥਿਕ ਮੰਦਹਾਲੀ ਨਾਲ ਜੂਝ ਰਹੇ ਹਨ, ਉੱਪਰੋਂ ਆਏ ਭਾਰੀ ਮੀਂਹ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਤੇ ਚਿੰਤਾ ਹੋਰ ਵਧਾ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਪਿੰਡ ਦੇ ਸਤਨਾਮ ਸਿੰਘ ਨਾਮਕ ਕਿਸਾਨ ਦੀ ਝੋਨੇ ਦੀ ਪੂਰੀ ਫ਼ਸਲ ਹੀ ਬਰਬਾਦ ਹੋ ਗਈ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਹ ਇਸ ਮੁਸ਼ਕਿਲ ਘੜੀ ਵਿਚ ਕਿਸਾਨਾਂ ਦੀ ਬਾਂਹ ਫ਼ੜੇ ਤਾਂ ਜੋ ਕਿਸਾਨ ਫਿਰ ਤੋਂ ਫ਼ਸਲ ਦੀ ਬਿਜਾਈ ਕਰ ਸਕਣ | ਇਸ ਮੌਕੇ ਸਤਨਾਮ ਸਿੰਘ, ਸੁਖਦੀਪ ਸਿੰਘ, ਖ਼ੁਸ਼ਦੀਪ ਸਿੰਘ, ਮਨਦੀਪ ਸਿੰਘ, ਗੁਰਮੀਤ ਸਿੰਘ, ਪਰਗਟ ਸਿੰਘ ਤੇ ਪਿ੍ਤਪਾਲ ਸਿੰਘ ਆਦਿ ਕਿਸਾਨ ਹਾਜ਼ਰ ਸਨ |
ਪਿਛਲੀ ਖ਼ਬਰ ਦੇਸ਼ ਭਗਤ ਗਲੋਬਲ ਸਕੂਲ ਵਿਖੇ ਪੇਪਰ ਬੈਗ ਮੇਕਿੰਗ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਨੌਜਵਾਨ ਭਾਰਤ ਸਭਾ ਤੇ ਪੰਜਾਬ ਸਟੂਡੈਂਟਸ ਯੂਨੀਅਨ ਨੇ ਇਨਕਲਾਬੀ ਜਾਗੋ ਕੱਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।