ਦੋਦਾ, 16 ਜੁਲਾਈ (ਰਵੀਪਾਲ)-ਪਿਛਲੇ ਦਿਨਾਂ ਤੋਂ ਮੌਨਸੂਨ ਦੀ ਲਗਾਤਾਰ ਹੋਈ ਜ਼ੋਰਦਾਰ ਬਾਰਿਸ਼ ਨਾਲ ਜਿੱਥੇ ਮੌਸਮ ਖ਼ੁਸ਼ਗਵਾਰ ਹੋ ਗਿਆ, ਉੱਥੇ ਦੋਦਾ ਤੇ ਅਸਪਾਸ ਪਿੰਡਾਂ ਦੇ ਛੱਪੜਾਂ ਤੋਂ ਇਲਾਵਾ ਸੜਕਾਂ ਪਾਣੀ 'ਚ ਡੁੱਬ ਗਈਆਂ | ਅੱਜ ਦੀ ਬਾਰਿਸ਼ ਨਾਲ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪਿਆ, ਉੱਥੇ ਹੀ ਪਿੰਡ ਕਾਉਣੀ 'ਚ ਪਿੰਡ ਸੂਰੇਵਾਲਾ ਤੋਂ ਜ਼ਿਆਦਾ ਪਾਣੀ ਆਉਣ ਕਰਕੇ ਕਿਸਾਨਾਂ ਨੇ ਸੜਕ ਤੋੜ ਕੇ ਪਾਣੀ ਚੰਦਭਾਨ ਡਰੇਨ 'ਚ ਪਾਇਆ | ਇਸ ਮੌਕੇ ਜਿਨ੍ਹਾਂ ਕਿਸਾਨਾਂ ਦੇ ਖੇਤ 'ਚ ਪਾਣੀ ਨੇ ਨੁਕਸਾਨ ਕੀਤਾ, ਉੱਥੇ ਆਪਸ 'ਚ ਤਕਰਾਰ ਵਧਣ ਲੱਗੇ ਹਨ | ਪੰਚਾਇਤ ਕਾਉਣੀ ਤੇ ਸਰਪੰਚ ਅੰਗਰੇਜ਼ ਸਿੰਘ ਨੇ ਦੱਸਿਆ ਕਿ ਐੱਸ.ਡੀ.ਐੱਮ. ਗਿੱਦੜਬਾਹਾ ਨੇ ਮੌਕੇ 'ਤੇ ਪਹੁੰਚ ਸਥਿਤੀ ਦਾ ਜਾਇਜ਼ਾ ਲਿਆ ਅਤੇ ਬਾਰਿਸ਼ ਦਾ ਪਾਣੀ ਡਰੇਨ 'ਚ ਕਢਵਾਇਆ ਅਤੇ ਹੁਣ ਪੰਚਾਇਤ ਵਲੋਂ ਜੋ ਰਸਤੇ ਕੱਟੇ ਸਨ, ਚਾਲੂ ਕਰਵਾਏ ਜਾ ਰਹੇ ਹਨ | ਅੰਗਰੇਜ਼ ਸਿੰਘ ਨੇ ਦੱਸਿਆ ਕਿ ਕਈ ਜਗ੍ਹਾ ਫ਼ਸਲ ਦਾ ਵੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ | ਦੋਦਾ ਦੇ ਛੱਪੜਾਂ 'ਚ ਜ਼ਿਆਦਾ ਪਾਣੀ ਕਾਰਨ ਨਵੀਂ ਬਣੀ ਸੜਕ ਪਾਣੀ 'ਚ ਡੁੱਬ ਗਈ ਤੇ ਰਸਤਾ ਬੰਦ ਹੋ ਗਿਆ | ਗੁਰਦੁਆਰਾ ਨਾਨਕ ਪਾਤਸ਼ਾਹੀ ਨੂੰ ਜਾਣ ਵਾਲੀ ਸੜਕ ਤੇ ਡੇਰਾ ਬਾਬਾ ਧਿਆਨਦਾਸ ਜੀ ਦਾ ਪਿੰਡ ਵਾਲੇ ਪਾਸੇ ਵਾਲਾ ਗੇਟ 'ਚ ਪਾਣੀ ਭਰ ਗਿਆ | ਕਿਸਾਨਾਂ ਨੇ ਦੱਸਿਆ ਕਿ ਬਾਰਿਸ਼ ਨਾਲ ਮੂੰਗੀ ਦੀ ਫ਼ਸਲ ਬਰਬਾਦ ਹੋ ਗਈ ਅਤੇ ਜਿਥੇ ਸਬਜ਼ੀਆਂ ਦਾ ਵੱਡਾ ਨੁਕਸਾਨ ਹੋਇਆ, ਉੱਥੇ ਹਰੇ ਚਾਰਾ ਵੀ ਨੁਕਸਾਨਿਆ ਗਿਆ |