ਮੰਡੀ ਕਿੱਲਿਆਂਵਾਲੀ, 16 ਜੁਲਾਈ (ਇਕਬਾਲ ਸਿੰਘ ਸ਼ਾਂਤ)-ਸੂਬਾ ਸਰਕਾਰ ਨੇ ਮੰਡੀ ਕਿੱਲਿਆਂਵਾਲੀ ਵਿਖੇ ਮਾਰਕੀਟ ਕਮੇਟੀ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ | ਇਹ ਮਾਮਲਾ ਕੈਪਟਨ ਸਰਕਾਰ ਵੇਲੇ ਤੋਂ ਤਜਵੀਜ਼ਸ਼ੁਦਾ ਸੀ, ਜਿਸ ਨੂੰ ਹੁਣ ਹਕੀਕਤ ਮਿਲ ਸਕੀ ਹੈ | ਪੰਜਾਬ ਖੇਤੀਬਾੜੀ ਉਪਜ ਮੰਡੀ ਐਕਟ 1961 (ਪੰਜਾਬ ਐਕਟ ਨੰਬਰ 23) ਦੀ ਧਾਰਾ 6 ਤਹਿਤ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਹੈ | ਨਵੀਂ ਗਠਿਤ ਮਾਰਕੀਟ ਕਮੇਟੀ ਕਿੱਲਿਆਂਵਾਲੀ ਵਿਚ 43 ਪਿੰਡ ਹੋਣਗੇ, ਜਿਨ੍ਹਾਂ ਵਿਚੋਂ 42 ਪਿੰਡ ਮਾਰਕੀਟ ਕਮੇਟੀ ਮਲੋਟ ਤੇ ਮਾਰਕੀਟ ਕਮੇਟੀ ਗਿੱਦੜਬਾਹਾ ਦਾ ਇਕ ਪਿੰਡ ਬੀਦੋਵਾਲੀ ਸ਼ਾਮਿਲ ਕੀਤਾ ਗਿਆ ਹੈ | ਮਲੋਟ ਤੇ ਮੰਡੀ ਕਿਲਿਆਂਵਾਲੀ ਵਿਚ ਕਰੀਬ 31 ਕਿੱਲੋਮੀਟਰ ਦੂਰੀ ਹੈ | ਕਾਂਗਰਸ ਸਰਕਾਰ ਸਮੇਂ ਤੋਂ ਪੰਜਾਬ ਮੰਡੀ ਬੋਰਡ ਦੀ ਤਜਵੀਜ਼ ਤਹਿਤ ਮੰਡੀ ਕਿੱਲਿਆਂਵਾਲੀ ਦਾਣਾ ਮੰਡੀ ਦੇ ਸਬ ਯਾਰਡ ਵਿਖੇ ਬਕਾਇਦਾ ਤੌਰ 'ਤੇ ਮਾਰਕੀਟ ਕਮੇਟੀ ਦਾ ਸਬ ਦਫ਼ਤਰ ਚੱਲ ਰਿਹਾ ਹੈ | ਜ਼ਿਕਰਯੋਗ ਹੈ ਕਿ ਪੰਜਾਬ ਮੰਡੀ ਬੋਰਡ ਵਲੋਂ ਪਿੱਛੇ ਜਿਹੇ ਮਤਾ ਪਾਸ ਕਰਕੇ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਸੀ | ਜ਼ਿਕਰਯੋਗ ਹੈ ਕਿ ਹੁਣ ਤੱਕ ਮਾਰਕੀਟ ਕਮੇਟੀ ਮਲੋਟ ਦੇ ਅਧੀਨ 91 ਪਿੰਡ ਸਨ, ਇਸ ਨਵੇਂ ਗਠਨ ਨਾਲ ਦਬਾਅ ਲਗਪਗ ਅੱਧਾ ਰਹਿ ਜਾਵੇਗਾ | ਪਿਛਲੇ ਵਰਿ੍ਹਆਂ ਤੋਂ ਲੰਬੀ ਹਲਕੇ ਵਿਚ ਸ਼ੈਲਰਾਂ ਤੇ ਕਾਟਨ ਫ਼ੈਕਟਰੀਆਂ ਦੀ ਤਾਦਾਦ ਵਧ ਰਹੀ ਹੈ | ਲਗਪਗ ਸੌ ਫ਼ੀਸਦੀ ਖੇਤੀ ਆਧਾਰਿਤ ਖੇਤਰ ਵਿਚ ਕਿਸਾਨਾਂ ਤੇ ਆੜ੍ਹਤੀਆਂ ਵਲੋਂ ਮਾਰਕੀਟ ਕਮੇਟੀ ਗਠਨ 'ਤੇ ਖ਼ੁਸ਼ੀ ਪ੍ਰਗਟਾਈ ਜਾ ਰਹੀ ਹੈ | ਵੇਰਵਿਆਂ ਮੁਤਾਬਕ ਨਵੀਂ ਮਾਰਕੀਟ ਕਮੇਟੀ ਵਿਚ ਕਰੀਬ 20 ਖਰੀਦ ਕੇਂਦਰ ਹੋਣਗੇ ਅਤੇ ਇੱਥੋਂ ਪੰਜਾਬ ਮੰਡੀ ਬੋਰਡ ਨੂੰ ਸਾਲਾਨਾ ਆਮਦਨ 18-19 ਕਰੋੜ ਰੁਪਏ ਦੀ ਉਮੀਦ ਹੈ | ਮਾਰਕੀਟ ਕਮੇਟੀ ਕਿੱਲਿਆਂਵਾਲੀ ਦੇ ਅਧੀਨ ਪਿੰਡ ਲੰਬੀ, ਖਿਉਵਾਲੀ, ਮਹਿਣਾ, ਬਾਦਲ, ਮਾਨ, ਮਿਠੜੀ ਬੁੱਧਗਿਰ, ਗੱਗੜ, ਫਤੂਹੀਵਾਲਾ, ਸਿੰਘੇਵਾਲਾ, ਕਿੱਲਿਆਂਵਾਲੀ, ਲੁਹਾਰਾ, ਭਾਗੂ, ਬਨਵਾਲਾ ਅਨੂੰ, ਘੁਮਿਆਰਾ, ਵੜਿੰਗਖੇੜਾ, ਫੱਤਾਕੇਰਾ, ਮਿੱਡੂਖੇੜਾ, ਹਾਕੂਵਾਲਾ, ਭੁੱਲਰਵਾਲਾ, ਕੰਦੂਖੇੜਾ, ਤਰਮਾਲਾ, ਰੋੜਾਂਵਾਲੀ, ਭੀਟੀਵਾਲਾ, ਕੱਖਾਂਵਾਲੀ, ਪੰਜਾਵਾ, ਸਿੱਖਵਾਲਾ, ਸ਼ੇਰਾਂਵਾਲਾ, ਖੁੱਡੀਆਂ ਗੁਲਾਬ ਸਿੰਘ, ਖੁੱਡੀਆਂ ਮਹਾਂ ਸਿੰਘ, ਸਹਿਣਾਖੇੜਾ, ਆਧਨੀਆਂ, ਖੇਮਾਖੇੜਾ, ਮਾਹੂਆਣਾ, ਮਹਿਮੂਦਕੇਰਾ, ਫਤੂਹੀਖੇੜਾ, ਫੁੱਲੂਖੇੜਾ, ਅਰਨੀਵਾਲਾ ਵਜ਼ੀਰਾ, ਫਤਿਹਪੁਰ ਮਨੀਆਂਵਾਲਾਂ, ਦਿਉਣਖੇੜਾ, ਕੰਗਣਖੇੜਾ, ਫਰੀਦਕੇਰਾ, ਡੱਬਵਾਲੀ ਰਹੂੜਿਆਂਵਾਲੀ ਅਤੇ ਬੀਦੋਵਾਲੀ (ਮਾਰਕੀਟ ਕਮੇਟੀ ਗਿੱਦੜਬਾਹਾ) ਸ਼ਾਮਿਲ ਹਨ |