11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਗ਼ਜ਼ਲ ਉਸ ਨੇ ਛੇੜੀ-45 * ਗੁਰਦਿਆਲ ਰੌਸ਼ਨ *

ਅਜੀਤ ਡੈਸਕ 19-10-2025

ਕੁਲਵਿੰਦਰ ਲੋਕ ਕਵੀ ਗੁਰਦਾਸ ਰਾਮ ਆਲਮ ਦੇ ਗੁਰਾਇਆ ਦੇ ਨੇੜਲੇ ਪਿੰਡ ਬੰਡਾਲਾ ਤੋਂ ਹੈ ਪਰ ਖ਼ੁਦ ਨੂੰ ਪੱਕੇ ਪੈਰੀਂ ਕਰਨ ਦੀ ਖ਼ਾਹਿਸ਼ ਉਸ ਨੂੰ ਕੈਲੀਫ਼ੋਰਨੀਆ ਲੈ ਗਈ। ਕਲਮ ਦੇ ਮੁੱਢਲੇ ਸਫ਼ਰ ਦੌਰਾਨ ਉਸ ਨੂੰ ਪਿੰ. ਤਖ਼ਤ ਸਿੰਘ, ਡਾ. ਜਗਤਾਰ, ਤ੍ਰਿਲੋਕ ਸਿੰਘ ਕਾਲੜਾ ਤੇ ਉਲਫ਼ਤ ਬਾਜਵਾ ਦੀ ਨੇੜਤਾ ਹਾਸਿਲ ਰਹੀ, ਜਿਸ ਨੇ ਉਸ ਦੀ ਗ਼ਜ਼ਲਕਾਰੀ ਨੂੰ ਨਵੀਂ ਊਰਜਾ ਦਿੱਤੀ। ਕੁਲਵਿੰਦਰ ਕਿੱਤੇ ਵਜੋਂ ਇੰਜੀਨੀਅਰ ਹੈ ਤੇ ਇਸ ਖ਼ੇਤਰ ਵਿਚ ਵੀ ਉਸ ਨੇ ਵੱਡੀਆਂ ਪ੍ਰਾਪਤੀਆਂ ਹਾਸਿਲ ਕੀਤੀਆਂ ਹਨ। ਰੁਝੇਵੇਂ ਭਰੀ ਜ਼ਿੰਦਗੀ ਦੇ ਹੁੰਦਿਆਂ ਹੋਇਆਂ ਵੀ ਉਸ ਨੇ ਆਪਣੀ ਸਮਾਂ ਸਾਰਣੀ ਵਿਚ ਗ਼ਜ਼ਲ ਨੂੰ ਵਿਸ਼ੇਸ਼ ਸਥਾਨ ਦਿੱਤਾ ਹੈ। ਕੁਲਵਿੰਦਰ ਨੇ ਆਪਣੀ ਕਿਸਮ ਦੀ ਗ਼ਜ਼ਲ ਸ਼ੈਲੀ ਵਿਕਸਤ ਕੀਤੀ ਹੈ ਜਿਸ ਦੀਆਂ ਪਰਤਾਂ ਫਰੋਲਦਿਆਂ ਕੁਝ ਨਾ ਕੁਝ ਹੋਰ ਨਵਾਂ ਨਿਕਲਦਾ ਹੈ। ਉਸ ਦੇ ਤਿੰਨ ਗ਼ਜ਼ਲ ਸੰਗ੍ਰਹਿ 'ਬਿਰਛਾਂ ਅੰਦਰ ਉੱਗੇ ਖੰਡਰ', 'ਨੀਲੀਆਂ ਲਾਟਾਂ ਦਾ ਸੇਕ' ਤੇ 'ਸ਼ਾਮ ਦੀ ਸ਼ਾਖ 'ਤੇ' ਪ੍ਰਕਾਸ਼ਿਤ ਹੋ ਚੁੱਕੇ ਹਨ, ਇਹ ਸਾਰੇ ਦੇ ਸਾਰੇ ਪਰਵਾਸ ਦੌਰਾਨ ਹੀ ਛਪੇ ਹਨ। ਪਾਠਕਾਂ ਦੀ ਨਜ਼ਰ ਹਨ ਇਸ ਗ਼ਜ਼ਲਕਾਰ ਦੀਆਂ ਦੋ ਗ਼ਜ਼ਲਾਂ- ਮੋਬਾਈਲ : 99884-44002


ਮਿਲੇਗਾ ਪੱਥਰਾਂ ਦੀ ਰੂਹ ਨੂੰ ਅਰਾਮ ਕਦੇ।
ਨਗਰ ਦੇ ਬੁੱਤ ਸੁਣਨਗੇ ਮੇਰਾ ਕਲਾਮ ਕਦੇ।

ਮੇਰੇ ਖ਼ਿਆਲ ਦੇ ਗੁੰਬਦ 'ਚ ਗੂੰਜਦਾ ਹਾਲੇ,
ਨਦੀ ਤੋਂ ਪਾਰ ਸੁਣੇਗਾ ਮੇਰਾ ਕਲਾਮ ਕਦੇ।

ਵਿਰਾਨਿਆਂ 'ਚ ਮੈਂ ਕਿਉਂ ਸੋਚਦਾ ਹਾਂ ਹੁਣ ਉਸ ਨੂੰ,
ਮੈਂ ਜਿਸ ਨੂੰ ਵਾਦੀਆਂ ਵਿਚ ਨਾ ਕਹੀ ਸਲਾਮ ਕਦੇ।

ਸਦੀ ਦੇ ਵਾਂਗ ਗੁਜ਼ਰਦਾ ਕਦੇ ਤਾਂ ਪਲ ਕੋਈ,
ਪਲਾਂ 'ਚ ਬੀਤਦੀ ਹੈ ਜ਼ਿੰਦਗੀ ਤਮਾਮ ਕਦੇ।

ਕਦੋਂ ਕੁ ਤੀਕ ਭਲਾ ਜੀ ਸਕੇਗਾ ਜ਼ਹਿਰਾਂ 'ਤੇ,
ਪਿਲਾਓ ਸ਼ਹਿਰ ਨੂੰ ਸੰਵੇਦਨਾ ਦਾ ਜਾਮ ਕਦੇ।

ਕਿਸੇ ਦੇ ਗ਼ਮ 'ਚ ਗੁਲਾਬਾਂ ਦੇ ਵਾਂਗ ਮਹਿਕ ਉੱਠੇ,
ਕਿਸੇ ਦੇ ਦਰਦ 'ਚ ਡੁੱਬੇ ਉਦਾਸ ਸ਼ਾਮ ਕਦੇ।

 

*
ਭਟਕਦੀ ਰੂਹ, ਪਿੰਜਰ ਨੂੰ ਮਿਲਾ ਕੇ ਕੀ ਕਰੋਗੇ?
ਨਦੀ ਨੂੰ ਹੁਣ ਥਲਾਂ ਤੀਕਰ ਪੁਚਾ ਕੇ ਕੀ ਕਰੋਗੇ?

ਜੇ ਸੁੱਕੇ ਬਿਰਖ ਹਨ, ਤਾਂ ਹਨ ਹਰੇ ਬੂਟੇ ਵੀ ਏਥੇ,
ਤੁਸੀਂ ਸਾਰੇ ਹੀ ਜੰਗਲ ਨੂੰ ਜਲਾ ਕੇ ਕੀ ਕਰੋਗੇ?

ਬਦਨ ਸ਼ੀਸ਼ੇ ਦਾ ਹੈ, ਐਪਰ ਹੈ ਦਿਲ ਪੱਥਰ ਦਾ ਜਿਸਦਾ,
ਤੁਸੀਂ ਉਸ ਸ਼ਖ਼ਸ ਨੂੰ ਅਪਣਾ ਬਣਾ ਕੇ ਕੀ ਕਰੋਗੇ?

ਜਲਨ ਪਹੁੰਚੇਗੀ ਏਨ੍ਹਾਂ ਦੀ ਸੁਲਗਦੇ ਸੀਨਿਆਂ ਤਕ,
ਇਹ ਧੁਖਦੇ ਹਰਫ਼ ਸਫ਼ਿਆਂ 'ਤੇ ਵਿਛਾ ਕੇ ਕੀ ਕਰੋਗੇ?

ਮਿਲਣ ਦਾ ਵਕਤ ਹੈ, ਬੇਚੈਨ ਹੈ ਮਾਂ ਬੇਵਸੀ ਵਿਚ,
ਤੁਸੀਂ ਫਿਰ ਕਬਰ 'ਤੇ ਹਰ ਸਾਲ ਜਾ ਕੇ ਕੀ ਕਰੋਗੇ?

ਹੈ ਕਮ ਏਥੇ ਹਜ਼ਾਰਾਂ ਸੂਰਜਾਂ ਦੀ ਰੌਸ਼ਨੀ ਵੀ,
ਇਸ ਉਜੜੇ ਘਰ 'ਚ ਇਕ ਦੀਵਾ ਜਗਾ ਕੇ ਕੀ ਕਰੋਗੇ?

ਤੁਸੀਂ ਵੀ ਰੇਤ ਹੋ ਜੇ ਆਖ਼ਰੀ ਤਹਿ ਤੀਕ ਯਾਰੋ,
ਤਾਂ ਅਪਣੇ ਥਲ 'ਤੇ ਫਿਰ ਹੰਝੂ ਵਹਾ ਕੇ ਕੀ ਕਰੋਗੇ?

ਪਿਛਲੀ ਖ਼ਬਰ ਗ਼ਜ਼ਲ ਅਗਲੀ ਖ਼ਬਰ ਭੁਲੱਕੜਨਾਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।