12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਸ਼ਾਹਕੋਟ ਦੇ ਖ਼ਜ਼ਾਨਾ ਦਫ਼ਤਰ 'ਚ ਲਗਾਇਆ ਤਿੰਨ ਰੋਜ਼ਾ 'ਪੈਨਸ਼ਨਰ ਸੇਵਾ ਮੇਲਾ'

ਅਜੀਤ ਡੈਸਕ 07-12-2025
ਸ਼ਾਹਕੋਟ, 6 ਦਸੰਬਰ (ਦਲਜੀਤ ਸਿੰਘ ਸਚਦੇਵਾ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖ਼ਜ਼ਾਨਾਂ ਦਫ਼ਤਰ ਸ਼ਾਹਕੋਟ ਵਿਖੇ ਪੈਨਸ਼ਨਰਾਂ ਦੀ ਸਹੂਲਤ ਲਈ ਤਿੰਨ ਰੋਜ਼ਾ ਪੈਨਸ਼ਨਰ ਸੇਵਾ ਮੇਲਾ ਖ਼ਜ਼ਾਨਾਂ ਅਫ਼ਸਰ ਸ਼ਾਹਕੋਟ ਮਨਪ੍ਰੀਤ ਸਿੰਘ ਤੇ ਸੰਦੀਪ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ | ਪੰਜਾਬ ਸਰਕਾਰ ਵਲੋਂ ਹਾਲ ਹੀ ਵਿਚ ਲਾਂਚ ਕੀਤੇ ਗਏ ਪੈਨਸ਼ਨਰ ਸੇਵਾ ਪੋਰਟਲ ਦਾ ਲਾਭ ਪੈਨਸ਼ਨਰਾਂ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਲਗਾਏ ਗਏ ਇਸ ਮੇਲੇ ਦਾ ਇਲਾਕੇ ਦੇ ਵੱਡੀ ਗਿਣਤੀ ਪੈਨਸ਼ਨਰਾਂ ਤੇ ਫੈਮਿਲੀ ਪੈਨਸ਼ਨਰਾਂ ਨੇ ਲਾਭ ਲਿਆ | ਖ਼ਜ਼ਾਨਾਂ ਅਫ਼ਸਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪੋਰਟਲ ਦੀਆਂ ਸਹੂਲਤਾਂ ਦਾ ਪੂਰਾ ਲਾਭ ਲੈਣ ਲਈ ਈ-ਕੇ.ਵਾਈ.ਸੀ ਕਰਵਾਉਣਾ ਲਾਜ਼ਮੀ ਹੈ, ਜਿਸ ਲਈ ਪੰਜਾਬ ਸਰਕਾਰ ਵਲੋਂ ਸੂਬੇ ਭਰ ਵਿਚ ਪੈਨਸ਼ਨਰ ਸੇਵਾ ਮੇਲਿਆਂ ਦਾ ਆਯੋਜਨ ਕੀਤਾ ਗਿਆ ਹੈ | ਪੰਜਾਬ ਸਰਕਾਰ ਨੇ ਪੈਨਸ਼ਨ ਸਬੰਧੀ ਸੇਵਾਵਾਂ ਨੂੰ ਹੋਰ ਆਸਾਨ, ਪਾਰਦਰਸ਼ੀ ਤੇ ਡਿਜ਼ੀਟਲ ਬਣਾਉਣ ਲਈ ਪੋਰਟਲ ਦੀ ਸ਼ੁਰੂਆਤ ਕੀਤੀ ਹੈ | ਇਸ ਪੋਰਟਲ 'ਤੇ ਰਜਿਸਟ੍ਰੇਸ਼ਨ ਕਰਵਾ ਕੇ ਪੈਨਸ਼ਨਰ ਘਰ ਬੈਠੇ ਹੀ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣ, ਪੈਨਸ਼ਨ ਨੂੰ ਪਰਿਵਾਰਕ ਪੈਨਸ਼ਨ ਵਿਚ ਤਬਦੀਲ ਕਰਨ, ਸ਼ਿਕਾਇਤਾਂ ਦਰਜ ਕਰਨ ਵਰਗੀਆਂ ਸੇਵਾਵਾਂ ਦਾ ਲਾਭ ਲੈ ਸਕਦੇ ਹਨ | ਮੌਕੇ 'ਤੇ ਪੁੱਜੇ ਪੈਨਸ਼ਨਰਾਂ ਨੇ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਡਿਜ਼ੀਟਲ ਪੋਰਟਲ ਨਾਲ ਹੁਣ ਉਨ੍ਹਾਂ ਨੂੰ ਪੈਨਸ਼ਨ ਸੇਵਾਵਾਂ ਲਈ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ | ਇਸ ਮੌਕੇ ਸੁਖਦੇਵ ਸਿੰਘ ਮੁਲਾਜ਼ਮ ਖ਼ਜ਼ਾਨਾਂ ਦਫ਼ਤਰ ਸ਼ਾਹਕੋਟ, ਸ਼੍ਰੀਮਤੀ ਅਮਰਜੀਤ ਕੌਰ ਸਚਦੇਵਾ ਸੇਵਾ ਮੁਕਤ ਸਕੂਲ ਮੁਖੀ, ਸੁਖਦੇਵ ਸਿੰਘ ਦਰਦੀ ਸੇਵਾ ਮੁਕਤ ਸਿਹਤ ਨਿਗਰਾਨ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਦ ਓਪਨ ਡੋਰ ਚਰਚ ਖੋਜੇਵਾਲਾ ਕਪੂਰਥਲਾ ਵਿਖੇ ਮਨਾਇਆ ਜਾਵੇਗਾ ਪ੍ਰਭੂ ਯੀਸ਼ੂ ਮਸੀਹ ਦਾ ਜਨਮ ਦਿਹਾੜਾ ਅਗਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਪਹਿਲਵਾਨ ਨੇ ਖੇਲੋ ਇੰਡੀਆ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।