ਅੱਪਰਾ, 19 ਨਵੰਬਰ (ਦਲਵਿੰਦਰ ਸਿੰਘ ਅੱਪਰਾ)- ਅੱਪਰਾ-ਫਿਲੌਰ ਮੁੱਖ ਮਾਰਗ 'ਤੇ ਸੀਕੋ ਪੈਲੇਸ ਦੇ ਨਜ਼ਦੀਕ ਤੇਜ਼ ਰਫ਼ਤਾਰ ਟਰੈਕਟਰ ਟਰਾਲੀ ਦੀ ਸਵਾਰੀਆਂ ਨਾਲ ਭਰੀ ਟੈਂਪੂ ਟਰੈਵਲਰ ਨਾਲ ਟੱਕਰ ਹੋ ਗਈ, ਪਰ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਟੈਂਪੋ ਟਰੈਵਲਰ ਦੇ ਡਰਾਈਵਰ ਡਿੰਪੀ ਨੇ ਦੱਸਿਆ ਕਿ ਉਹ ਪੀ ਬੀ 01 ਬੀ 0385 ਨੰਬਰ ਟੈਂਪੋ ਟਰੈਵਲਰ 'ਚ ਸਵਾਰੀਆਂ ਲੈ ਕੇ ਫਿਲੌਰ ਸਾਈਡ ਤੋਂ ਅੱਪਰਾ ਵੱਲ ਆ ਰਿਹਾ ਸੀ | ਸੀਕੋ ਪੈਲੇਸ ਦੇ ਨਜ਼ਦੀਕ ਅਚਾਨਕ ਹੀ ਅੱਪਰੇ ਵਲੋਂ ਆ ਰਿਹਾ ਤੇਜ਼ ਰਫ਼ਤਾਰ ਟਰੈਕਟਰ ਗੁਰਤੇਗ ਰਾਈਸ ਮਿੱਲ ਦੇ ਟਰੱਕ ਪੀ ਬੀ 08 ਏ ਕਿਯੂ 7585 ਨਾਲ ਟਕਰਾਉਣ ਤੋਂ ਬਾਅਦ ਬੇਕਾਬੂ ਹੋ ਕੇ ਟਰੈਵਲਰ ਨਾਲ ਟਕਰਾ ਗਿਆ | ਟਰੈਕਟਰ ਇੰਨਾ ਤੇਜ਼ ਰਫ਼ਤਾਰ ਸੀ ਕਿ ਟੱਕਰ ਹੋਣ ਉਪਰੰਤ ਟਰੈਕਟਰ ਦਾ ਅਗਲਾ ਹਿੱਸਾ ਅਤੇ ਟਰੈਵਲਰ ਦੀ ਇੱਕ ਸਾਈਡ ਭਿਆਨਕ ਰੂਪ 'ਚ ਨੁਕਸਾਨੇ ਗਏ | ਟਰੈਵਲਰ ਸੜਕ ਤੋਂ ਹੇਠਾਂ ਉਤਰ ਗਈ, ਪਰ ਸਵਾਰੀਆਂ ਦੇ ਮਮੂਲੀ ਸੱਟਾਂ ਲੱਗੀਆਂ ਤੇ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਜ਼ਿਕਰਯੋਗ ਹੈ ਕਿ ਇਹ ਓਵਰਲੋਡ ਟਰੈਕਟਰ ਟਰਾਲੀਆਂ ਹਰ ਰੋਜ਼ ਰਾਤ ਨੂੰ ਲੁਧਿਆਣਾ ਵਾਲੇ ਪਾਸੇ ਤੋਂ ਤੂੜੀ ਲੈ ਕੇ ਸੈਲਾ ਖੁਰਦ ਵੱਲ ਜਾਂਦੀਆਂ ਹਨ | ਦਿਨ ਸਮੇਂ ਜਦੋਂ ਇਹ ਟਰੈਕਟਰ ਟਰਾਲੀਆਂ ਵਾਲੇ ਵਾਪਸ ਆਉਂਦੇ ਹਨ ਤਾਂ ਤੇਜ਼ ਰਫ਼ਤਾਰੀ ਨਾਲ ਮੌਤ ਨੂੰ ਮਖੌਲਾਂ ਕਰਦੇ ਲੰਘਦੇ ਹੋਏ ਹਨ ਅਤੇ ਆਏ ਦਿਨ ਹੀ ਕਿਸੇ ਨਾ ਕਿਸੇੇ ਹਾਦਸੇ ਦਾ ਕਾਰਨ ਵੀ ਬਣਦੇ ਹਨ | ਪ੍ਰਸਾਸ਼ਨ ਵਲੋਂ ਇਹਨਾਂ ਦੀ ਤੇਜ਼ ਰਫ਼ਤਾਰੀ ਅਤੇ ਓਵਰਲੋਡ ਚੱਲਣ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ | ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਚੌਕੀ ਅੱਪਰਾ ਤੋਂ ਪੁਲਿਸ ਪਾਰਟੀ ਨੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ |