ਜਲੰਧਰ ਛਾਉਣੀ, 18 ਨਵੰਬਰ (ਪਵਨ ਖਰਬੰਦਾ)-ਨਗਰ ਨਿਗਮ ਦੇ ਅਧੀਨ ਆਉਂਦੇ ਵਾਰਡਾਂ 'ਚ ਸ਼ਾਇਦ ਹੀ ਕੋਈ ਐਸਾ ਖੇਤਰ ਹੋਵੇਗਾ, ਜਿੱਥੇ ਨਗਰ ਦੇ ਕੁਝ ਭਿ੍ਸ਼ਟ ਅਧਿਕਾਰੀਆਂ ਅਤੇ ਸੱਤਾਧਾਰੀ ਪਾਰਟੀ ਦੇ ਕੁਝ ਆਗੂਆਂ ਦੀ ਸ਼ਹਿ 'ਤੇ ਨਿਯਮਾਂ ਦੀ ਉਲੰਘਣਾ ਕਰਕੇ ਨਾਜਾਇਜ਼ ਉਸਾਰੀਆਂ ਨਾ ਹੋ ਰਹੀਆਂ ਹੋਣ ਪ੍ਰੰਤੂ ਇੱਥੇ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕੇਂਦਰੀ ਹਲਕੇ ਦੇ ਅਧੀਨ ਆਉਂਦੇ ਰਾਮਾ ਮੰਡੀ ਖੇਤਰ 'ਚ ਬੀਤੇ ਕੁਝ ਸਮੇਂ ਤੋਂ ਨਾਜਾਇਜ਼ ਉਸਾਰੀਆਂ ਦਾ ਹੜ੍ਹ ਹੀ ਆਇਆ ਪਿਆ ਹੈ ਤੇ ਇੰਨ੍ਹਾਂ ਨਾਜਾਇਜ਼ ਉਸਾਰੀਆਂ 'ਤੇ ਨਗਰ ਨਿਗਮ ਦੀ ਬਿਲਡਿੰਗ ਵਿਭਾਗ ਦੇ ਅਧਿਕਾਰੀਆਂ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਤੇ ਨਾਜਾਇਜ਼ ਉਸਾਰੀਆਂ ਕਰਨ ਵਾਲੇ ਲੋਕਾਂ ਵਲੋਂ ਕੁਝ ਸੱਤਾਧਾਰੀ ਪਾਰਟੀ ਦੇ ਆਗੂਆਂ ਦੀ ਸ਼ਹਿ 'ਤੇ ਇਹ ਨਾਜਾਇਜ਼ ਉਸਾਰੀਆਂ ਰਾਤੋ-ਰਾਤ ਤਿਆਰ ਕਰ ਦਿੱਤੀਆਂ ਜਾ ਰਹੀ ਹਨ ਤੇ ਇੱਥ ਹੋਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਨਾਜਾਇਜ਼ ਉਸਾਰੀਆਂ ਕਰਨ ਵਾਲੇ ਵਿਅਕਤੀ ਮਿਲੀਭੁਗਤ ਨਾਲ ਪਾਣੀ ਤੇ ਸੀਵਰੇਜ ਦਾ ਕੁਨੈਕਸ਼ਨ ਵੀ ਖੁੱਦ ਹੀ ਸੜਕ ਤੋੜ ਕੇ ਰਾਤੋ-ਰਾਤ ਜੋੜ ਰਹੇ ਹਨ, ਜੋ ਕਿ ਪੂਰੇ ਖੇਤਰ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਜਦੋਂ 'ਅਜੀਤ' ਦੀ ਟੀਮ ਵਲੋਂ ਲੱਧੇਵਾਲੀ, ਢਿੱਲਵਾਂ ਅਤੇ ਦਕੋਹਾ ਖੇਤਰ ਦਾ ਦੌਰਾ ਕੀਤਾ ਗਿਆ ਤਾਂ ਦੇਖਣ 'ਚ ਆਇਆ ਕਿ ਕੁਝ ਵਿਅਕਤੀਆਂ ਵਲੋਂ ਕੁਝ ਸੱਤਾਧਾਰੀਆਂ ਆਗੂਆਂ ਦੀ ਸ਼ਹਿ ਅਤੇ ਨਗਰ ਨਿਗਮ ਦੀ ਬਿਲਡਿੰਗ ਵਿਭਾਗ ਦੇ ਕੁਝ ਭਿ੍ਸ਼ਟ ਅਧਿਕਾਰੀਆਂ ਦੀ ਸ਼ਹਿ 'ਤੇ ਨਾਜਾਇਜ਼ ਉਸਾਰੀਆਂ ਕਰਕੇ ਸ਼ਰੇਆਮ ਡਲਬ ਸਟੋਰੀ ਕਮਰਸ਼ੀਅਲ ਉਸਾਰੀਆਂ ਕੀਤੀ ਜਾ ਰਹੀਆਂ ਸਨ ਤੇ ਇੰਨ੍ਹਾਂ ਉਸਾਰੀਆਂ ਦੇ ਬਾਹਰ ਸ਼ਟਰ ਲਾਉਣ ਦੀ ਥਾਂ ਘਰੇਲੂ ਦਰਵਾਜੇ ਲਾਏ ਗਏ ਸਨ ਤਾਂ ਜੋ ਦੇਖਣ 'ਚ ਇਹ ਘਰੇਲੂ ਉਸਾਰੀ ਹੀ ਲੱਗੇ ਪ੍ਰੰਤੂ ਅੰਦਰੋ ਪੂਰੀ ਤਰ੍ਹਾਂ ਇਹ ਕਮਰਸ਼ੀਅਲ ਬਿਲਡਿੰਗ ਤਿਆਰ ਕੀਤੀ ਜਾ ਰਹੀ ਹੈ | ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਸਾਰੀਆਂ ਉਸਾਰੀਆਂ ਬਿਨ੍ਹਾਂ ਕੋਈ ਨਕਸ਼ਾ ਪਾਸ ਕਰਵਾਏ ਹੀ ਤਿਆਰ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਨਗਰ ਨਿਗਮ ਦੇ ਕਈ ਅਧਿਕਾਰੀਆਂ ਦੀਆਂ ਕਾਰਗੁਜ਼ਾਰੀਆਂ 'ਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ | ਹੁਣ ਦੇਖਣਾ ਇਹ ਹੈ ਕਿ ਇਮਾਨਦਾਰੀ ਅਤੇ ਭਿ੍ਸ਼ਟਾਚਾਰ ਮੁਕਤ ਦੇ ਵੱਡੇ ਵੱਡੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕੋਈ ਠੋਸ ਕਾਰਵਾਈ ਕੀਤੀ ਜਾਵੇਗੀ ਜਾ ਇਹ ਨਾਜਾਇਜ਼ ਉਸਾਰੀਆਂ ਇਸ ਤਰ੍ਹਾਂ ਹੀ ਹੁੰਦੀਆਂ ਰਹਿਣਗੀਆਂ ਤੇ ਭਿ੍ਸ਼ਟਾਚਾਰੀ ਨਿਗਮ ਅਧਿਕਾਰੀ ਤੇ ਕੁਝ ਸੱਤਾਧਾਰੀ ਪਾਰਟੀ ਦੇ ਆਗੂ ਆਪਣੀਆਂ ਜੇਬਾਂ ਭਰਦੇ ਰਹਿਣਗੇ |