18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਭਾਰੀ ਮੀਂਹ ਤੇ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਪਿੰਡ ਬੰਬੀਆਂਵਾਲ 'ਚ ਲੋੜਵੰਦਾਂ ਲਈ ਲੰਗਰ

ਅਜੀਤ ਡੈਸਕ 02-09-2025
ਜਲੰਧਰ, 1 ਸਤੰਬਰ (ਜਸਪਾਲ ਸਿੰਘ)-ਪਿਛਲੇ ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਅਤੇ ਬਣੀ ਹੜ੍ਹਾਂ ਵਰਗੀ ਸਥਿਤੀ ਦੇ ਮੱਦੇਨਜ਼ਰ ਲੋੜਵੰਦ ਲੋਕਾਂ ਦੀ ਮਦਦ ਲਈ ਪਿੰਡ ਬੰਬੀਆਂਵਾਲ ਵਿਖੇ ਸਮੂਹ ਪਿੰਡ ਵਾਸੀਆਂ ਵਲੋਂ ਸਾਬਕਾ ਸਰਪੰਚ ਸਰਜੀਵਨ ਸਿੰਘ ਡੋਗਰਾ ਦੀ ਅਗਵਾਈ ਹੇਠ ਜ਼ਾਹਰਾ ਪੀਰ ਦੇ ਅਸਥਾਨ 'ਤੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਾਬਕਾ ਸਰਪੰਚ ਸਰਜੀਵਨ ਸਿੰਘ ਡੋਗਰਾ ਨੇ ਦੱਸਿਆ ਕਿ ਇਹ ਲੰਗਰ ਹਾਲਾਤ ਆਮ ਵਾਂਗ ਹੋਣ ਤੱਕ ਲਗਾਤਾਰ ਇਸੇ ਤਰ੍ਹਾਂ ਜਾਰੀ ਰਹੇਗਾ ਤੇ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਇਸ ਸੰਕਟ ਦੇ ਸਮੇਂ ਕੋਈ ਵੀ ਵਿਅਕਤੀ ਭੁੱਖਾ ਨਾ ਰਹੇ | ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਮੀਂਹ ਪੈਣ ਕਾਰਨ ਲੋਕਾਂ ਦੇ ਕੰਮ ਕਾਰ ਬੰਦ ਹਨ ਤੇ ਖਾਸ ਕਰਕੇ ਦਿਹਾੜੀਦਾਰ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਅਜਿਹੇ 'ਚ ਇਨ੍ਹਾਂ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਇਹ ਲੰਗਰ ਦੀ ਸੇਵਾ ਸ਼ੁਰੂ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਇਸ ਲੰਗਰ 'ਚ ਪਿੰਡ ਦੇ ਸਰਪੰਚ ਮੁਖਤਿਆਰ ਸਿੰਘ ਪੋਸ਼ਾ, ਉੱਘੇ ਕਾਰੋਬਾਰੀ ਤੇ ਸਮਾਜ ਸੇਵਕ ਦੀਪਕ ਗੋਇਲ (ਐਮ. ਡੀ. ਰਾਇਲ ਗਰੀਨਸ) ਤੇ ਐਨ.ਆਰ.ਆਈ. ਬਿੰਦੂ ਡੋਗਰਾ, ਦਰਸ਼ਨ ਸਿੰਘ ਹੈਪੀ (ਯੂ. ਕੇ.) ਤੇ ਹੋਰਨਾਂ ਪਿੰਡ ਵਾਸੀਆਂ ਤੇ ਖਾਸ ਕਰਕੇ ਐਨ.ਆਰ.ਆਈ. ਵੀਰਾਂ ਵਲੋਂ ਵੀ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ | ਇਸ ਮੌਕੇ ਸਰਜੀਵਨ ਸਿੰਘ ਨੇ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਤੇ ਐਨ.ਆਰ.ਆਈ. ਵੀਰਾਂ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਆਪੋ-ਆਪਣੇ ਪਿੰਡਾਂ 'ਚ ਵੀ ਇਸੇ ਤਰ੍ਹਾਂ ਲੋਕਾਂ ਨੂੰ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਲੰਗਰ ਸੇਵਾ ਦੇ ਨਾਲ-ਨਾਲ ਜਿਨ੍ਹਾਂ ਲੋਕਾਂ ਨੂੰ ਤਰਪਾਲਾਂ ਆਦਿ ਦੀ ਲੋੜ ਹੋਵੇਗੀ, ਉਨ੍ਹਾਂ ਦੀ ਵੀ ਪੂਰੀ ਮਦਦ ਕੀਤੀ ਜਾਵੇਗੀ |
ਪਿਛਲੀ ਖ਼ਬਰ ਸਿੱਧ ਸ੍ਰੀ ਬਾਬਾ ਸੋਢਲ ਦੇ ਮੇਲੇ ਦੌਰਾਨ ਸੁਰੱਖਿਆ ਨੂੰ ਲੈ ਕੇ ਚੱਢਾ ਬਰਾਦਰੀ ਵਲੋਂ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗ <br... ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਜ਼ਮੀਨੀ ਪੱਧਰ 'ਤੇ ਡਟੀ ਪੰਜਾਬ ਸਰਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।