ਰਤੀਆ, 7 ਨਵੰਬਰ (ਬੇਅੰਤ ਕੌਰ ਮੰਡੇਰ)- ਕੇਂਦਰ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਰਾਸ਼ਟਰੀ ਗੀਤ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਮਨਾਉਣ ਲਈ ਮਿੰਨੀ ਸਕੱਤਰੇਤ ਦੇ ਆਡੀਟੋਰੀਅਮ ਵਿਚ ਸਬ-ਡਵੀਜ਼ਨ ਪੱਧਰ 'ਤੇ ਯਾਦਗਾਰੀ ਸਮਾਰੋਹ ਦਾ ਆਯੋਜਨ ਕੀਤਾ ਗਿਆ | ਸਮਾਰੋਹ ਵਿਚ ਵੰਦੇ ਮਾਤਰਮ ਦਾ ਸਮੂਹਿਕ ਗਾਇਨ ਸ਼ਾਮਲ ਸੀ, ਅਤੇ ਦਰਸ਼ਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਪ੍ਰੇਰਨਾਦਾਇਕ ਲਾਈਵ ਸੰਦੇਸ਼ਾਂ ਨੂੰ ਧਿਆਨ ਨਾਲ ਸੁਣਿਆ | ਸਾਰੇ ਹਾਜ਼ਰੀਨ ਨੇ ਦੇਸ਼ ਭਗਤੀ, ਰਾਸ਼ਟਰੀ ਏਕਤਾ ਅਤੇ ਸਮਾਜਿਕ ਸਦਭਾਵਨਾ ਦਾ ਪ੍ਰਣ ਲਿਆ | ਸਬ-ਡਵੀਜ਼ਨਲ ਮੈਜਿਸਟਰੇਟ ਸੁਰੇਂਦਰ ਸਿੰਘ ਨੇ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਲੇ ਅਤੇ ਦੇਸ਼ ਭਗਤੀ ਦਾ ਪ੍ਰਤੀਕ ਬਣਨ ਵਾਲੇ ਗੀਤ 'ਵੰਦੇ ਮਾਤਰਮ' ਦੀ 150ਵੀਂ ਵਰ੍ਹੇਗੰਢ ਦੇ ਸੰਪੂਰਨ ਹੋਣ 'ਤੇ ਸਾਰਿਆਂ ਨੂੰ ਦਿਲੋਂ ਵਧਾਈ ਦਿੱਤੀ | ਐਸ.ਡੀ.ਐਮ. ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਵੰਦੇ ਮਾਤਰਮ ਨੂੰ ਸਿਰਫ਼ ਇੱਕ ਗੀਤ ਨਾ ਬਣਾਉਣ, ਸਗੋਂ ਆਪਣੇ ਜੀਵਨ ਦਾ ਆਦਰਸ਼ ਬਣਾਉਣ | ਆਓ ਅਸੀਂ ਸਾਰੇ ਆਉਣ ਵਾਲੇ ਸਾਲਾਂ ਵਿਚ ਭਾਰਤ ਨੂੰ ਇੱਕ ਵਿਕਸਤ, ਮਜ਼ਬੂਤ ਅਤੇ ਸੰਸਕਿ੍ਤ ਰਾਸ਼ਟਰ ਬਣਾਉਣ ਲਈ ਆਪਣਾ ਸਭ ਤੋਂ ਵਧੀਆ ਯੋਗਦਾਨ ਪਾਉਣ ਦਾ ਪ੍ਰਣ ਕਰੀਏ | ਡੀ.ਐਸ.ਪੀ. ਨਰ ਸਿੰਘ, ਨਾਇਬ ਤਹਿਸੀਲਦਾਰ ਵਿਚਿੱਤਰ ਨੰਦ, ਐਸ.ਐਚ.ਓ. ਰਣਜੀਤ ਸਿੰਘ, ਬੀ.ਬੀ.ਓ. ਸ਼ਸ਼ੀ ਪ੍ਰਕਾਸ਼, ਐਸ.ਡੀ.ਓ. ਕੁਲਦੀਪ ਸਿੰਘ, ਬੀ.ਐਲ. ਬੱਤਰਾ, ਕਾਨੂੰਗੋ ਸ਼ੇਰ ਸਿੰਘ, ਜੱਗਾ ਸਿੰਘ, ਪੀ.ਟੀ. ਓਮ ਪ੍ਰਕਾਸ਼, ਸਕੂਲੀ ਬੱਚੇ ਅਤੇ ਪਤਵੰਤੇ ਮੌਜੂਦ ਸਨ |