ਕਾਲਾਂਵਾਲੀ/ਸਿਰਸਾ, 19 ਜੁਲਾਈ (ਭੁਪਿੰਦਰ ਪੰਨੀਵਾਲੀਆ)- ਬਿਸ਼ਨਾ ਮੱਲ ਜੈਨ ਸਰਸਵਤੀ ਵਿਦਿਆ ਮੰਦਰ ਕਾਲਾਂਵਾਲੀ ਵਿੱਚ ਵਿਗਿਆਨ, ਕੰਪਿਊਟਰ ਗਣਿਤ ਅਤੇ ਸਮਾਜਿਕ ਅਧਿਐਨ ਦੇ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ ਗਈ | ਜਿਸ ਵਿੱਚ ਸੂਰਜੀ ਊਰਜਾ, ਰਾਕੇਟ ਲਾਂਚਰ ਵਰਗੇ ਵਿਗਿਆਨ ਪ੍ਰੋਜੈਕਟ ਵੀ ਸ਼ਾਮਲ ਸਨ | ਵਿਦਿਆਰਥੀਆਂ ਨੇ ਰਹਿੰਦ-ਖੂੰਹਦ ਪ੍ਰਬੰਧਨ, ਸਫਾਈ ਅਤੇ ਪੌਸ਼ਟਿਕ ਭੋਜਨ, ਆਵਾਜਾਈ ਅਤੇ ਸੰਚਾਰ, ਜੈਵਿਕ ਖੇਤੀ, ਆਫ਼ਤ ਪ੍ਰਬੰਧਨ, ਗਣਿਤਿਕ ਜਿਓਮੈਟਰੀ ਆਦਿ 'ਤੇ ਮਾਡਲ ਪੇਸ਼ ਕੀਤੇ | ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਸੰਸਦ ਭਵਨ, ਹੋਟਲ-ਰਿਜ਼ੋਰਟ, ਮਾਲ ਵਰਗੇ ਵਪਾਰਕ ਅਤੇ ਰਚਨਾਤਮਕ ਮਾਡਲ ਵੀ ਪੇਸ਼ ਕੀਤੇ | ਇਸ ਦੌਰਾਨ ਵਿਦਿਆਰਥੀਆਂ ਦਾ ਮਾਰਗਦਰਸ਼ਨ ਕਰਨ ਪਹੁੰਚੇ ਪ੍ਰਬੰਧਨ ਕਮੇਟੀ ਦੇ ਮੈਂਬਰ ਸੁਭਾਸ਼ ਚੰਦਰ ਅਰੋੜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਆਤਮਨਿਰਭਰ ਬਣਾਉਣ ਲਈ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਹੁਨਰ ਸਿੱਖਿਆ ਦੇਣ 'ਤੇ ਜ਼ੋਰ ਦਿੱਤਾ ਹੈ | ਇਸ ਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ, ਸਕੂਲ ਵਿੱਚ ਕਿੱਤਾਮੁਖੀ ਅਤੇ ਹੁਨਰਮੰਦ ਸਿੱਖਿਆ ਦੇਣ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ | ਸਕੂਲ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਕਿੱਤਾਮੁਖੀ ਸਿੱਖਿਆ ਦਿੰਦੇ ਹੋਏ ਹੁਨਰਮੰਦ ਬਣਾ ਕੇ ਆਤਮ ਨਿਰਭਰ ਬਣਾਉਣਾ ਹੈ | ਸਕੂਲ ਦੇ ਪਿ੍ੰਸੀਪਲ ਸੰਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਅਜਿਹੇ ਸਮਾਗਮ ਨਾ ਸਿਰਫ਼ ਵਿਦਿਆਰਥੀਆਂ ਵਿੱਚ ਵਿਗਿਆਨਕ ਦਿ੍ਸ਼ਟੀਕੋਣ ਵਿਕਸਤ ਕਰਦੇ ਹਨ, ਸਗੋਂ ਉਹ ਵਿਗਿਆਨ ਬਾਰੇ ਹੋਰ ਗੰਭੀਰਤਾ ਨਾਲ ਸੋਚਣਾ ਵੀ ਸ਼ੁਰੂ ਕਰਦੇ ਹਨ | ਇਸ ਮੌਕੇ ਕੋਆਰਡੀਨੇਟਰ ਸਰਿਤਾ ਮੁੰਜਾਲ, ਗਗਨ ਸਿੰਘ, ਜਤਿਨ ਮੁੰਜਾਲ, ਪਵਨ ਬਜਾਜ, ਰਮਨਦੀਪ ਕੌਰ, ਸਤਪਾਲ ਸ਼ਰਮਾ ਅਤੇ ਹੋਰ ਅਧਿਆਪਕ ਮੌਜੂਦ ਸਨ |