ਕਾਲਾਂਵਾਲੀ/ ਸਿਰਸਾ, 16 ਜੁਲਾਈ (ਭੁਪਿੰਦਰ ਪੰਨੀਵਾਲੀਆ)- ਕਾਲਾਂਵਾਲੀ ਖੇਤਰ 'ਚ ਪਿਛਲੇ ਚਾਰ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਭਾਰੀ ਮੀਂਹ ਕਾਰਨ ਕਈ ਪਿੰਡਾਂ 'ਚ ਖੜ੍ਹੀਆਂ ਫਸਲਾਂ ਵਿੱਚ ਜ਼ਿਆਦਾ ਪਾਣੀ ਜਮ੍ਹਾ ਹੋ ਜਾਣ ਕਰਕੇ ਕਿਸਾਨ ਕਾਫੀ ਚਿੰਤਤ ਹਨ। ਖੇਤਰ ਦੇ ਬੜਾਗੁੜ੍ਹਾ ਇਲਾਕੇ ਵਿੱਚ ਪਿੰਡ ਸੁਖਚੈਨ ਦੇ ਕਿਸਾਨਾਂ ਬਲਕੌਰ ਸਿੰਘ, ਕੁਲਦੀਪ ਸਿੰਘ, ਗੁਰਤੇਜ ਸਿੰਘ ਦੀ ਸੱਤ ਏਕੜ ਨਰਮਾ, ਜਸਪਾਲ ਸਿੰਘ ਦੀ ਦੋ ਏਕੜ ਨਰਮਾ, ਸੁੱਖਾ ਸਿੰਘ ਦੀ ਸੱਤ ਏਕੜ, ਜਗਤਾਰ ਸਿੰਘ ਦੀ ਤਿੰਨ ਏਕੜ, ਮਨਜੀਤ ਸਿੰਘ ਦੀ ਦੋ ਏਕੜ, ਗੁਰਮੀਤ ਸਿੰਘ ਦੀ ਤਿੰਨ ਏਕੜ, ਜਲੌਰ ਸਿੰਘ, ਜਗ ਸਿੰਘ, ਸਤਿਗੁਰ ਸਿੰਘ ਦੀ 12 ਏਕੜ, ਬਲਜੀਤ ਸਿੰਘ ਦੀ ਤਿੰਨ ਏਕੜ, ਦਿਆਲ ਸਿੰਘ ਦੀ ਚਾਰ ਏਕੜ, ਜਗਸੀਰ ਸਿੰਘ ਦੀ ਅੱਠ ਏਕੜ ਗੁਆਰ ਦੀ ਫ਼ਸਲ ਪਿੰਡ ਦੇ ਨੇੜੇ ਖੇਤਾਂ ਵਿੱਚ ਪਾਣੀ ਭਰਨ ਕਾਰਨ ਪਾਣੀ 'ਚ ਡੁੱਬ ਗਈ। ਦਿਨ ਵੇਲੇ ਤੇਜ਼ ਧੁੱਪ ਕਾਰਨ ਪਾਣੀ ਵਿੱਚ ਖੜ੍ਹੀਆਂ ਫਸਲਾਂ ਮੁਰਝਾਉਣ ਲੱਗ ਪਈਆਂ ਹਨ, ਜਿਸ ਨੂੰ ਦੇਖ ਕੇ ਕਿਸਾਨ ਚਿੰਤਤ ਹਨ।
ਇਸ ਤਰ੍ਹਾਂ ਹੀ ਪਿੰਡ ਝਿੜੀ ਦੇ ਕਿਸਾਨਾਂ ਮਾਸ਼ਾ ਸਿੰਘ, ਬੇਅੰਤ ਸਿੰਘ, ਜਗਸੀਰ ਸਿੰਘ, ਲਖਵਿੰਦਰ ਸਿੰਘ, ਗੁਰਦੀਪ ਸਿੰਘ, ਮੱਘਰ ਸਿੰਘ, ਗੁਲਾਬ ਸਿੰਘ, ਰਾਜਵਿੰਦਰ, ਬਿੱਕਰ ਸਿੰਘ, ਕੁਲਦੀਪ ਸਿੰਘ ਨੇ ਦੱਸਿਆ ਕਿ ਝਿੜੀ ਪਿੰਡ ਵਿਚ ਬੜਾਗੁੜ੍ਹਾ ਨਹਿਰ ਦੇ ਆਲੇ-ਦੁਆਲੇ ਅਤੇ ਪਿੰਡ ਝੋਰੜਰੋਹੀ ਵਾਲੇ ਪਾਸੇ ਨੀਵੇਂ ਹਿੱਸਿਆਂ ਵਿੱਚ ਕਈ ਏਕੜ ਵਿਚ ਪਾਣੀ ਖੜ੍ਹਾ ਹੈ, ਜਿਸ ਦਾ ਪੱਧਰ ਡੇਢ ਫੁੱਟ ਹੈ। ਕਿਸਾਨ ਵਰਮੇ ਦੀ ਵਰਤੋਂ ਕਰਕੇ ਆਪਣੇ ਖੇਤਾਂ ਵਿੱਚੋਂ ਪਾਣੀ ਕੱਢ ਰਹੇ ਹਨ। ਪਿੰਡ ਅਲੀਕਾਂ ਦੇ ਕਿਸਾਨਾਂ ਲੱਖਾ ਸਿੰਘ, ਕੁਲਦੀਪ ਸਿੰਘ, ਜਸਪਾਲ ਸਿੰਘ, ਜਰਨੈਲ ਸਿੰਘ, ਮੱਖਣ ਸਿੰਘ, ਬਲਵੀਰ ਸਿੰਘ, ਤਿਰਲੋਚਨ ਸਿੰਘ ਆਦਿ ਨੇ ਦੱਸਿਆ ਕਿ ਸਾੳਣ ਦੇ ਮਹੀਨੇ ਦੀ ਪਹਿਲੀ ਬਾਰਿਸ਼ ਉਹਨਾਂ ਲਈ ਇੱਕ ਵੱਡੀ ਆਫ਼ਤ ਬਣ ਗਈ ਹੈ। ਭਾਰੀ ਮੀਂਹ ਕਾਰਨ ਕਪਾਹ, ਗੁਆਰ ਅਤੇ ਮੂੰਗੀ ਦੀਆਂ ਫਸਲਾਂ ਪਾਣੀ ਭਰਨ ਕਾਰਨ ਮੁਰਝਾਉਣ ਲੱਗ ਪਈਆਂ ਹਨ।
ਖੇਤਰ ਦੇ ਪਿੰਡ ਬੱਪਾਂ, ਮੱਲੇਵਾਲਾ, ਨੇਜਾਡੇਲਾ, ਨਾਗੋਕੀ ਆਦਿ ਵਿੱਚ ਝੋਨਾ ਪੈਦਾ ਕਰਨ ਵਾਲੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਮੂੰਗੀ, ਝੋਨਾ ਅਤੇ ਮੱਕੀ ਦੀਆਂ ਫ਼ਸਲਾਂ ਬੀਜੀਆਂ ਹਨ, ਪਰ ਜੇਕਰ ਇਸੇ ਤਰ੍ਹਾਂ ਮੀਂਹ ਪੈਂਦਾ ਰਿਹਾ ਤਾਂ ਪਾਣੀ ਭਰਨ ਕਾਰਨ ਸਭ ਕੁਝ ਬਰਬਾਦ ਹੋਣ ਦੇ ਕੰਢੇ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਖੇਤਾਂ ਵਿੱਚ ਪਾਣੀ ਕੱਢਣ ਲਈ ਉਹਨਾਂ ਦੀ ਮਦਦ ਕੀਤੀ ਜਾਵੇ।
ਭਾਰੀ ਮੀਂਹ ਕਾਰਨ ਕਈ ਪਿੰਡਾਂ 'ਚ ਖੜ੍ਹੀਆਂ ਫ਼ਸਲਾਂ ਪਾਣੀ 'ਚ ਡੁੱਬੀਆਂ
ਅਜੀਤ ਡੈਸਕ
17-07-2025