16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਨਗਰ ਨਿਗਮ ਨੇ ਵਰਕਸ਼ਾਪ ਰੋਡ ਤੋਂ ਨਾਜਾਇਜ਼ ਕਬਜ਼ੇ ਹਟਾਏ

ਅਜੀਤ ਡੈਸਕ 17-07-2025

ਯਮੁਨਾਨਗਰ, 16 ਜੁਲਾਈ (ਗੁਰਦਿਆਲ ਸਿੰਘ ਨਿਮਰ)-ਨਗਰ ਨਿਗਮ ਨੇ ਸੜਕਾਂ 'ਤੇ ਕਬਜ਼ੇ ਕਰਨ ਵਾਲਿਆਂ ਅਤੇ ਖੁੱਲ੍ਹੇ 'ਚ ਕੂੜਾ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਰਵੱਈਆ ਅਪਣਾਇਆ ਹੋਇਆ ਹੈ। ਇਸੇ ਲੜੀ ਤਹਿਤ ਨਗਰ ਨਿਗਮ ਕਮਿਸ਼ਨਰ ਅਖਿਲ ਪਿਲਾਨੀ ਦੇ ਨਿਰਦੇਸ਼ਾਂ 'ਤੇ ਸੀ. ਐਸ. ਆਈ. ਅਨਿਲ ਨੈਨ ਦੀ ਟੀਮ ਵਲੋਂ ਵਰਕਸ਼ਾਪ ਰੋਡ ਤੋਂ ਨਾਜਾਇਜ਼ ਕਬਜ਼ੇ ਹਟਾਏ ਗਏ ਅਤੇ ਨਾਲ ਹੀ ਖੁੱਲ੍ਹੇ 'ਚ ਕੂੜਾ ਸੁੱਟਣ ਵਾਲੇ ਤਿੰਨ ਦੁਕਾਨਦਾਰਾਂ ਦੇ ਚਲਾਨ ਕੱਟੇ ਗਏ। ਇਸ ਦੌਰਾਨ ਨਗਰ ਨਿਗਮ ਦੀ ਟੀਮ ਨੇ ਮੀਰਾ ਬਾਈ ਮਾਰਕੀਟ 'ਚ ਦੁਕਾਨਾਂ ਦੇ ਸਾਹਮਣੇ ਬਣੇ ਪਲੇਟਫਾਰਮਾਂ ਨੂੰ ਤੋੜ ਕੇ ਨਾਜਾਇਜ਼ ਕਬਜ਼ੇ ਦੂਰ ਕਰਵਾਏ। ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਸ਼ਾਮ ਨਿਗਮ ਟੀਮ ਸੀ. ਐਸ. ਆਈ. ਅਨਿਲ ਨੈਨ ਦੀ ਅਗਵਾਈ 'ਚ ਵਰਕਸ਼ਾਪ ਰੋਡ 'ਤੇ ਪਰਸ਼ੂਰਾਮ ਚੌਕ ਦੇ ਨੇੜੇ ਪੁੱਜੀ, ਜਿਥੇ ਦੁਕਾਨਦਾਰਾਂ ਨੇ ਸੜਕ 'ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ। ਜਿਵੇਂ ਹੀ ਨਿਗਮ ਟੀਮ ਨੇ ਨਾਜਾਇਜ਼ ਕਬਜ਼ਾ ਹਟਾਉਣਾ ਸ਼ੁਰੂ ਕੀਤਾ ਤਾਂ ਦੁਕਾਨਦਾਰਾਂ 'ਚ ਹਫੜਾ-ਦਫੜੀ ਮੱਚ ਗਈ। ਦੁਕਾਨਦਾਰਾਂ ਨੇ ਖੁਦ ਸੜਕ 'ਤੇ ਰੱਖਿਆ ਆਪਣਾ ਸਾਮਾਨ ਹਟਾ ਕੇ ਦੁਕਾਨਾਂ ਦੇ ਅੰਦਰ ਰੱਖ ਲਿਆ। ਇਸ ਦੌਰਾਨ ਨਿਗਮ ਨੇ ਵਾਰਡ 16 ਅਤੇ 20 ਦੇ ਖੇਤਰ 'ਚ ਸੜਕ ਦੇ ਦੋਵੇਂ ਪਾਸੇ ਤੋਂ ਕਬਜ਼ਾ ਹਟਾਏ ਗਏ ਅਤੇ ਲੋਕਾਂ ਨੂੰ ਸੜਕ 'ਤੇ ਸਾਮਾਨ ਨਾ ਰੱਖਣ ਸੰਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਨਿਗਮ ਟੀਮ ਨੇ 3 ਦੁਕਾਨਦਾਰਾਂ ਦੇ ਖੁੱਲ੍ਹੇ 'ਚ ਕੂੜਾ ਸੁੱਟਣ ਕਰਕੇ ਚਲਾਨ ਕੱਟ ਦਿੱਤੇ। ਇਸੇ ਦੌਰਾਨ ਸੀ. ਐਸ. ਆਈ. ਅਨਿਲ ਨੈਨ ਨੇ ਦੁਕਾਨਦਾਰਾਂ ਨੂੰ ਸਮਝਾਇਆ ਕਿ ਸੜਕਾਂ 'ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨਾਲ ਰਸਤੇ ਤੰਗ ਹੋ ਜਾਂਦੇ ਹਨ, ਜਿਸ ਕਾਰਨ ਸੜਕਾਂ 'ਤੇ ਜਾਮ ਦੀ ਸਥਿਤੀ ਬਣ ਜਾਂਦੀ ਹੈ ਅਤੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਆਮ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਧਿਆਨ 'ਚ ਰੱਖਦੇ ਹੋਏ ਕਿਸੇ ਵੀ ਦੁਕਾਨਦਾਰ ਨੂੰ ਸੜਕਾਂ 'ਤੇ ਨਾਜਾਇਜ਼ ਕਬਜ਼ਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੁਕਾਨਦਾਰ ਨੇ ਦੁਬਾਰਾ ਸੜਕ 'ਤੇ ਸਾਮਾਨ ਰੱਖ ਕੇ ਨਾਜਾਇਜ਼ ਕਬਜ਼ਾ ਕੀਤਾ ਤਾਂ ਉਸ ਦਾ ਸਾਮਾਨ ਜ਼ਬਤ ਕਰ ਲਿਆ ਜਾਵੇਗਾ।

ਪਿਛਲੀ ਖ਼ਬਰ ਖੂਨਦਾਨ ਕੈਂਪ ਵਿੱਚ 40 ਵਿਅਕਤੀਆਂ ਨੇ ਕੀਤਾ ਖੂਨਦਾਨ ਅਗਲੀ ਖ਼ਬਰ ਡੀ. ਸੀ. ਪਾਰਥ ਗੁਪਤਾ ਨੇ ਕਾਂਵੜ ਯਾਤਰਾ ਰੂਟ ਦੇ ਨਿਰੀਖਣ ਦੌਰਾਨ ਕੈਂਪ 'ਚ ਜਾ ਕੇ ਕਾਂਵੜੀਆਂ ਨਾਲ ਕੀਤੀ ਗੱਲਬਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।