ਕਾਲਾਂਵਾਲੀ/ ਸਿਰਸਾ, 16 ਜੁਲਾਈ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਪਿੰਡ ਜੰਡਵਾਲਾ ਜਾਟਾਨ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਤਾਲੇ ਤੋੜ ਕੇ ਚੋਰਾਂ ਨੇ ਚੋਰੀ ਕੀਤੀ ਹੈ | ਪਿੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਹੈੱਡਮਾਸਟਰ ਸੰਦੀਪ ਸਿੰਘ ਨੇ ਕਿਹਾ ਕਿ ਛੁੱਟੀਆਂ ਤੋਂ ਬਾਅਦ ਸਾਰਾ ਸਟਾਫ਼ ਘਰ ਚਲਾ ਗਿਆ ਸੀ | ਜਦੋਂ ਉਹ ਦੋ ਦਿਨਾਂ ਬਾਅਦ ਸਕੂਲ ਆਇਆ ਤਾਂ ਉਸਨੇ ਦੇਖਿਆ ਕਿ 4 ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ | ਚੋਰਾਂ ਨੇ ਸਰਕਾਰੀ ਸੈਕੰਡਰੀ ਸਕੂਲ ਦੀ ਰਸੋਈ ਵਿੱਚੋਂ ਇੱਕ ਵੱਡਾ ਪਿੱਤਲ ਦਾ ਖਾਣਾ ਪਕਾਉਣ ਵਾਲਾ ਟੱਬ, ਇੱਕ ਸਿਲੰਡਰ ਅਤੇ ਇੱਕ ਭੱਠੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚੋਂ ਇੱਕ ਸਿਲੰਡਰ ਅਤੇ ਇੱਕ ਪਿੱਤਲ ਦਾ ਟੱਬ ਚੋਰੀ ਕਰ ਲਿਆ | ਥਾਣਾ ਇੰਚਾਰਜ ਇੰਸਪੈਕਟਰ ਬ੍ਰਹਮ ਪ੍ਰਕਾਸ਼ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਚੋਰੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |