ਚੇਨਈ, 20 ਨਵੰਬਰ (ਪੀ.ਟੀ.ਆਈ.)-ਭਾਰਤ ਦਾ 'ਸਮੁੰਦਰਯਾਨ' ਡੂੰਘੇ ਸਮੁੰਦਰਾਂ ਦੀ ਖੋਜ ਲਈ ਤਿਆਰ ਹੈ | ਅਗਲੇ ਸਾਲ ਦੇ ਸ਼ੁਰੂ 'ਚ ਇਕ ਚੋਟੀ ਦੇ ਸਮੁੰਦਰੀ ਸੰਸਥਾਨ ਦੇ 2 ਵਿਗਿਆਨੀ ਚੇਨਈ ਤੱਟ ਤੋਂ 500 ਮੀਟਰ ਦੀ ਡੂੰਘਾਈ ਤੱਕ 28 ਟਨ ਦੇ ਸਵਦੇਸ਼ੀ ਤੌਰ 'ਤੇ ਬਣਾਈ ਗਈ ਮਨੁੱਖੀ ਪਣਡੁੱਬੀ ਦਾ ਪਾਇਲਟ ਕਰਨਗੇ | ਇਹ ਭਾਰਤ ਨੂੰ ਅਜਿਹਾ ਕਰਨ ਦੀ ਸਮਰੱਥਾ ਵਾਲੇ ਦੇਸ਼ਾਂ ਦੇ ਚੋਣਵੇਂ ਸਮੂਹ ਦਾ ਮੈਂਬਰ ਬਣਾ ਦੇਵੇਗਾ | ਨੈਸ਼ਨਲ ਇੰਸਟੀਚਿਊਟ ਆਫ਼ ਓਸ਼ਨ ਟੈਕਨਾਲੋਜੀ (ਐਨ.ਆਈ.ਓ.ਟੀ.) ਦੇ ਐਕੁਆਨੌਟਸ ਰਮੇਸ਼ ਰਾਜੂ ਤੇ ਜਤਿੰਦਰ ਪਾਲ ਸਿੰਘ ਭਾਰਤ ਦੇ ਡੂੰਘੇ ਸਮੁੰਦਰ ਮਿਸ਼ਨ ਦੇ ਹਿੱਸੇ ਵਜੋਂ ਡੂੰਘੇ ਸਮੁੰਦਰ ਦੇ ਰਹੱਸਾਂ ਨੂੰ ਖੋਲ੍ਹਣ ਲਈ ਮਤਸਯ-6000 ਦਾ ਸੰਚਾਲਨ ਕਰਨਗੇ | ਐਨ.ਆਈ.ਓ.ਟੀ. ਦੇ ਡਾਇਰੈਕਟਰ ਬਾਲਾਜੀ ਰਾਮਕ੍ਰਿਸ਼ਨਨ ਨੇ ਇੱਥੇ ਦੱਸਿਆ ਕਿ ਅਸੀਂ ਰਿਮੋਟਲੀ ਸੰਚਾਲਿਤ ਵਾਹਨਾਂ ਦੀ ਵਰਤੋਂ ਕਰਕੇ ਸਮੁੰਦਰੀ ਤਲ ਦੀਆਂ ਡੂੰਘਾਈਆਂ ਦੀ ਖੋਜ ਕੀਤੀ ਹੈ | ਇਹ ਪਹਿਲੀ ਵਾਰ ਹੈ ਜਦੋਂ ਅਸੀਂ ਮਨੁੱਖਾਂ ਨੂੰ 6,000 ਮੀਟਰ ਦੀ ਡੂੰਘਾਈ ਤੱਕ ਭੇਜ ਰਹੇ ਹਾਂ ਤੇ ਇਸ ਮਿਸ਼ਨ ਲਈ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ | ਧਰਤੀ ਵਿਗਿਆਨ ਮੰਤਰਾਲੇ ਦੀ ਅਗਵਾਈ ਹੇਠ ਭਾਰਤ ਦੇ ਸਮੁੰਦਰਯਾਨ ਪ੍ਰੋਜੈਕਟ ਨੂੰ ਸਵੈ-ਨਿਰਭਰਤਾ ਦੀ ਭਾਵਨਾ ਦੇ ਪ੍ਰਤੀਬਿੰਬ ਵਜੋਂ ਵੀ ਦੇਖਿਆ ਜਾਂਦਾ ਹੈ | ਮਨੁੱਖਾਂ ਵਾਲੀ ਡੂੰਘੇ ਸਮੁੰਦਰ ਵਿਚ ਪਣਡੁੱਬੀ ਖਰੀਦਣ ਲਈ 2 ਵਾਰ ਗਲੋਬਲ ਟੈਂਡਰ ਜਾਰੀ ਕੀਤੇ ਗਏ ਸਨ ਪਰ ਤਕਨਾਲੋਜੀ ਦੀ ਘਾਟ ਕਾਰਨ, ਸਰਕਾਰ ਨੂੰ ਇਸਨੂੰ ਸਵਦੇਸ਼ੀ ਤÏਰ 'ਤੇ ਵਿਕਸਤ ਕਰਨਾ ਪਿਆ |