ਬਰਨਾਲਾ, 18 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਨਗਰ ਕੌਂਸਲ ਬਰਨਾਲਾ ਦੇ ਹਾਊਸ ਦੀ ਅੱਜ ਇੱਕ ਸਪੈਸ਼ਲ ਮੀਟਿੰਗ ਹੋਈ | ਜਿਸ ਵਿਚ ਭਾਰਤ ਸਰਕਾਰ ਦੀ ਸਪੈਸ਼ਲ ਸੈਂਟਰਲ ਅਸਿਸਟੈਂਸ ਸਕੀਮ ਅਧੀਨ ਫੰਡ ਪ੍ਰਾਪਤ ਕਰਨ ਲਈ ਤਿਆਰ ਕੀਤੇ ਗਏ ਤਖਮੀਨਿਆਂ ਨੂੰ ਪ੍ਰਵਾਨਗੀ ਦਿੱਤੀ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਕੌਂਸਲ ਬਰਨਾਲਾ ਵਲੋਂ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਜਿਵੇਂਕਿ ਧਨੌਲਾ ਰੋਡ, ਸੇਖਾ ਰੋਡ, ਖੁੱਡੀ ਰੋਡ, ਠੀਕਰੀਵਾਲਾ ਚੌਂਕ ਤੋਂ ਸੰਧੂ, ਬੀ.ਡੀ.ਪੀ.ਓ. ਦਫ਼ਤਰ ਤੋਂ ਗੁਰਦੁਆਰਾ ਨਾਨਕਸਰ ਸਾਹਿਬ, ਕੱਚਾ ਕਾਲਜ ਰੋਡ, ਪੱਕਾ ਕਾਲਜ ਰੋਡ ਆਦਿ ਉਪਰ ਪ੍ਰੀਮਿਕਸ ਦੇ ਕੰਮ ਕਰਵਾਉਣ ਲਈ 10.32 ਕਰੋੜ ਰੁਪਏ ਦੇ ਤਖਮੀਨੇ ਤਿਆਰ ਕੀਤੇ ਗਏ ਹਨ ਅਤੇ ਇਨ੍ਹਾਂ ਤਖਮੀਨਿਆਂ ਦੀ ਪ੍ਰਵਾਨਗੀ ਲਈ ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆਂ ਵਲੋਂ ਅੱਜ ਸਪੈਸ਼ਲ ਮੀਟਿੰਗ ਬੁਲਾਈ ਗਈ | ਭਾਵੇਂਕਿ ਇਸ ਮੀਟਿੰਗ ਵਿਚ ਕਾਫ਼ੀ ਕੌਂਸਲਰ ਹਾਜ਼ਰ ਨਹੀਂ ਹੋਏ ਪਰ ਹਾਜ਼ਰ ਕੌਂਸਲਰਾਂ ਵਲੋਂ ਮੀਟਿੰਗ ਵਿਚ ਤਖਮੀਨਿਆਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ | ਲੇਕਿਨ ਹੈਰਾਨੀ ਹੁੰਦੀ ਹੈ ਕਿ ਨਗਰ ਕੌਂਸਲ ਦੇ ਹਾਊਸ ਵਲੋਂ ਜਿਨ੍ਹਾਂ ਤਖਮੀਨਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਇਨ੍ਹਾਂ ਵਿਚੋਂ ਬਹੁਤ ਸਾਰੇ ਕੰਮਾਂ ਸਬੰਧੀ ਟੈਂਡਰ ਅਗਸਤ ਮਹੀਨੇ ਵਿਚ ਲਗਾਏ ਵੀ ਜਾ ਚੁੱਕੇ ਹਨ | ਭਾਵੇਂਕਿ ਟੈਂਡਰਾਂ ਦੇ ਖੁੱਲ੍ਹਣ ਜਾਂ ਠੇਕੇਦਾਰਾਂ ਨੂੰ ਇਨ੍ਹਾਂ ਕੰਮਾਂ ਸਬੰਧੀ ਵਰਕ ਆਰਡਰ ਜਾਰੀ ਹੋਣ ਸਬੰਧੀ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਇਹ ਗੱਲ ਨਗਰ ਕੌਂਸਲ ਬਰਨਾਲਾ ਦੇ ਅਧਿਕਾਰੀਆਂ ਦੀ ਕਾਰਜਸ਼ੈਲੀ ਉਪਰ ਸਵਾਲ ਜਰੂਰ ਖੜ੍ਹੇ ਕਰਦੀ ਹੈ ਕਿ ਸ਼ਹਿਰ ਵਿਚ ਪ੍ਰੀਮਿਕਸ ਦੇ ਕੰਮ ਕਰਵਾਉਣ ਲਈ ਪਹਿਲਾਂ ਪ੍ਰਵਾਨਗੀ ਕਿਉਂ ਨਹੀਂ ਲਈ ਗਈ | ਇਹ ਡਾਇਰੈਕਟਰ ਸਥਾਨਕ ਸਰਕਾਰਾਂ ਪੰਜਾਬ ਦੇ ਦਫ਼ਤਰ ਵਲੋਂ ਜਾਰੀ ਕੀਤੇ ਗਏ ਪੱਤਰ ਤੋਂ ਵੀ ਸਪੱਸ਼ਟ ਹੁੰਦਾ ਹੈ ਕਿਉਂਕਿ ਕੌਂਸਲਰਾਂ ਨੂੰ ਜਾਰੀ ਕੀਤੇ ਗਏ ਏਜੰਡੇ ਵਿਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਉਕਤ ਪੱਤਰ ਰਾਹੀਂ ਪ੍ਰਾਪਤ ਹਦਾਇਤਾਂ ਅਨੁਸਾਰ ਤਖਮੀਨਿਆਂ ਦੀ ਬਣਦੀ ਪ੍ਰਵਾਨਗੀ ਪ੍ਰਸ਼ਾਸ਼ਕੀ ਹਾਊਸ/ਸਮਰੱਥ ਅਥਾਰਟੀ ਤੋਂ ਲੈਣ ਉਪਰੰਤ ਟੈਂਡਰ ਕਾਲ ਕੀਤੇ ਜਾਣ ਅਤੇ ਨਗਰ ਕੌਂਸਲ ਬਰਨਾਲਾ ਵਲੋਂ ਅੱਜ ਹੀ ਮੀਟਿੰਗ ਬੁਲਾ ਕੇ ਤੇ ਅੱਜ ਹੀ ਇਨ੍ਹਾਂ ਤਖਮੀਨਿਆਂ ਸਬੰਧੀ ਟੈਂਡਰ ਕਾਲ ਕਰਨ ਦਾ ਜ਼ਿਕਰ ਵੀ ਏਜੰਡੇ ਵਿਚ ਕੀਤਾ ਗਿਆ ਹੈ ਤਾਂ ਜੋ ਸਪੈਸ਼ਲ ਸੈਂਟਰਲ ਅਸਿਸਟੈਂਸ ਸਕੀਮ ਦੀਆਂ ਸ਼ਰਤਾਂ ਅਨੁਸਾਰ ਇਹ ਕੰਮ 31 ਮਾਰਚ 2026 ਤੋਂ ਪਹਿਲਾਂ ਮੁਕੰਮਲ ਕੀਤੇ ਜਾ ਸਕਣ | ਜ਼ਿਕਰਯੋਗ ਹੈ ਕਿ ਸਰਦੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਰਦੀ ਦੇ ਮੌਸਮ ਵਿਚ ਪ੍ਰੀਮਿਕਸ ਦਾ ਕੰਮ ਨਹੀਂ ਕਰਵਾਇਆ ਜਾ ਸਕਦਾ ਕਿਉਂਕਿ ਪੀ.ਡਬਲਿਊ.ਡੀ. ਸਪੈਸੀਫਿਕੇਸ਼ਨਾਂ ਅਨੁਸਾਰ ਪ੍ਰੀਮਿਕਸ ਦਾ ਕੰਮ ਕਰਨ ਲਈ ਤਾਪਮਾਨ 35 ਡਿਗਰੀ ਤੋਂ ਘੱਟ ਨਹੀਂ ਹੋਣਾ ਚਾਹੀਦਾ | ਇਸ ਲਈ ਜੇਕਰ ਨਗਰ ਕੌਂਸਲ ਬਰਨਾਲਾ ਵਲੋਂ ਨਵੰਬਰ ਮਹੀਨੇ ਵਿਚ ਇਹ ਟੈਂਡਰ ਕਾਲ ਕੀਤੇ ਜਾਂਦੇ ਹਨ ਤਾਂ ਕੀ ਦਸੰਬਰ-ਜਨਵਰੀ ਮਹੀਨੇ ਵਿਚ ਪੂਰੀ ਸਰਦੀ ਦੇ ਮੌਸਮ ਦੌਰਾਨ ਪ੍ਰੀਮਿਕਸ ਦੇ ਕੰਮ ਕਰਵਾਏ ਜਾਣਗੇ | ਜੇਕਰ ਸਰਦੀ ਵਿਚ ਪ੍ਰੀਮਿਕਸ ਦਾ ਕੰਮ ਕੀਤਾ ਜਾਂਦਾ ਹੈ ਤਾਂ ਥੋੜੇ ਹੀ ਸਮੇਂ ਬਾਅਦ ਸੜਕਾਂ ਦੇ ਨੁਕਸਾਨ ਲਈ ਕੌਣ ਜੁੰਮੇਵਾਰ ਹੋਵੇਗਾ | ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਜੇ.ਈ. ਨਿਖਿਲ ਕੌਸ਼ਲ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਵਲੋਂ ਫੋਨ ਨਹੀਂ ਚੁੱਕਿਆ ਗਿਆ |