ਤਪਾ ਮੰਡੀ, 6 ਨਵੰਬਰ (ਵਿਜੇ ਸ਼ਰਮਾ)-ਸਮਾਜ ਅੰਦਰ ਲੜਕੀਆਂ ਲੜਕਿਆਂ ਨਾਲੋਂ ਕਿਸੇ ਵੀ ਖੇਤਰ ਵਿਚ ਘੱਟ ਨਹੀਂ ਹਨ ਅਤੇ ਹਰ ਖੇਤਰ ਵਿਚ ਲੜਕੀਆਂ ਵੱਡੇ-ਵੱਡੇ ਅਹੁਦਿਆਂ 'ਤੇ ਬਿਰਾਜਮਾਨ ਹੋ ਕੇ ਦੇਸ਼ ਦੀ ਸੇਵਾ ਕਰ ਰਹੀਆਂ ਹਨ | ਅਜਿਹਾ ਹੀ ਕੁੱਝ ਕਰ ਵਿਖਾਇਆ ਸਥਾਨਕ ਸ਼ਹਿਰ ਦੀ ਸ਼ਿਫਾਲੀ ਬਾਂਸਲ ਪੁੱਤਰੀ ਕਿ੍ਸ਼ਨ ਲਾਲ ਬਾਂਸਲ ਲੈਕਚਰਾਰ ਜਿਸ ਵਲੋਂ ਯੂ.ਪੀ.ਐੱਸ.ਸੀ. ਸਾਇੰਟਿਸਟ ਦੀ ਪ੍ਰੀਖਿਆ 'ਚੋਂ ਪੂਰੇ ਦੇਸ਼ ਵਿਚ ਤੀਜਾ ਸਥਾਨ ਅਤੇ ਪੰਜਾਬ ਵਿਚੋਂ ਪਹਿਲਾ ਰੈਂਕ ਪ੍ਰਾਪਤ ਕਰ ਕੇ ਪੰਜਾਬ ਅਤੇ ਬਰਨਾਲਾ ਜ਼ਿਲ੍ਹਾ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਪ੍ਰਾਪਤੀ 'ਤੇ ਸਾਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿਉਂਕਿ ਕਿਸੇ ਵੀ ਕਿੱਤੇ ਵਿਚ ਲੜਕੀਆਂ ਲੜਕਿਆਂ ਨਾਲੋਂ ਘੱਟ ਨਹੀਂ ਹਨ | ਇਸ ਸਬੰਧੀ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਆਪਣੀ ਟੀਮ ਸਮੇਤ ਹੋਣਹਾਰ ਲੜਕੀ ਸ਼ਿਫਾਲੀ ਬਾਂਸਲ ਦਾ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਸਨਮਾਨ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਸਾਨੂੰ ਸਾਡੀਆਂ ਧੀਆਂ 'ਤੇ ਬਹੁਤ ਹੀ ਮਾਣ ਹੈ ਕਿਉਂਕਿ ਸਾਡੀ ਬੇਟੀ ਸਿਫਾਲੀ ਬਾਂਸਲ ਨੇ ਛੋਟੇ ਜਿਹੇ ਪਿੰਡ ਘੁੰਨਸ ਤੋਂ ਆਪਣੀ ਪੜ੍ਹਾਈ ਸ਼ੁਰੂ ਕਰ ਕੇ ਅੱਜ ਇਸ ਮੁਕਾਮ 'ਤੇ ਪਹੁੰਚੀ ਹੈ | ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਬਹੁਤ ਵਧੀਆ ਪੜ੍ਹਾਈ ਹੁੰਦੀ ਹੈ, ਜਿਸ ਕਰ ਕੇ ਸਰਕਾਰੀ ਸਕੂਲਾਂ ਦੇ ਬੱਚੇ ਵੱਡੇ-ਵੱਡੇ ਅਹੁਦਿਆਂ 'ਤੇ ਬਿਰਾਜਮਾਨ ਹੋ ਰਹੇ ਹਨ | ਉਨ੍ਹਾਂ ਵਲੋਂ ਸਮੂਹ ਬਾਂਸਲ ਪਰਿਵਾਰ ਨੂੰ ਵਧਾਈ ਦਿੰਦੇ ਹੋਇਆ ਹੋਰਾਂ ਵਿਦਿਆਰਥੀਆਂ ਨੂੰ ਸ਼ਿਫਾਲੀ ਬਾਂਸਲ ਤੋਂ ਪ੍ਰੇਰਨਾ ਲੈ ਕੇ ਅੱਗੇ ਵਧਣਾ ਚਾਹੀਦਾ ਹੈ | ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਸਿੰਘ ਚੱਠਾ, ਪਵਨ ਕੁਮਾਰ ਗਰਗ, ਯੋਗੇਸ਼ ਕੁਮਾਰ, ਦੀਪਕ ਗੱਗ, ਰਜੀਵ ਕੁਮਾਰ ਆਦਿ ਹਾਜ਼ਰ ਸਨ |