20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਡੇਰਾ ਬਾਬਾ ਨਾਨਕ ਇਲਾਕੇ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਪਿੰਡ ਪੰਡੋਰੀ, ਕੁਤਬਾ ਦੇ ਨੌਜਵਾਨਾਂ ਦਾ ਕਾਫ਼ਲਾ ਰਵਾਨਾ

ਪਿੰਡ ਕੁਤਬਾ ਤੋਂ ਹੜ੍ਹ ਪ੍ਰਭਾਵਿਤ ਇਲਾਕੇ ਡੇਰਾ ਬਾਬਾ ਨਾਨਕ ਲਈ ਰਵਾਨਾ ਹੋਣ ਸਮੇਂ ਨੌਜਵਾਨ ਕਿਸਾਨਾਂ ਦਾ ਟਰੈਕਟਰ-ਕਰਾਹ ਕਾਫ਼ਲਾ | ਤਸਵੀਰ : ਅਵਤਾਰ ਸਿੰਘ ਅਣਖੀ <br/> 26-09-2025
ਮਹਿਲ ਕਲਾਂ, 25 ਸਤੰਬਰ (ਅਵਤਾਰ ਸਿੰਘ ਅਣਖੀ)-ਭਾਕਿਯੂ ਸਿੱਧੂਪੁਰ ਬਲਾਕ ਮਹਿਲ ਕਲਾਂ ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ | ਪਿੰਡ ਕੁਤਬਾ ਅਤੇ ਪੰਡੋਰੀ ਦੇ ਕਿਸਾਨਾਂ ਵਲੋਂ ਐਨ.ਆਰ.ਆਈ ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ, ਸ਼ਹੀਦ ਬਾਬਾ ਦੀਪ ਸਿੰਘ ਕਲੱਬ ਪੰਡੋਰੀ ਦੇ ਉੱਦਮ ਸਦਕਾ 20 ਟਰੈਕਟਰ-ਕਰਾਹਿਆਂ ਸਮੇਤ ਹੜ੍ਹ ਪੀੜਤ ਇਲਾਕੇ ਡੇਰਾ ਬਾਬਾ ਨਾਨਕ ਵੱਲ ਰਵਾਨਾ ਕੀਤੇ ਗਏ | ਟਰੈਕਟਰਾਂ ਦੇ ਕਾਫ਼ਲੇ ਨੂੰ ਇਤਿਹਾਸਕ ਗੁਰਦੁਆਰਾ ਸਾਹਿਬ ਵੱਡਾ ਘੱਲੂਘਾਰਾ ਕੁਤਬਾ 'ਚ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਨ ਉਪਰੰਤ ਬਲਾਕ ਪ੍ਰਧਾਨ ਜਸਪਾਲ ਸਿੰਘ ਸਹਿਜੜਾ, ਬਲਜਿੰਦਰ ਸਿੰਘ ਕੁਤਬਾ ਨੇ ਰਵਾਨਾ ਕੀਤਾ | ਆਗੂਆਂ ਨੇ ਦੱਸਿਆ ਕਿ ਜਥੇਬੰਦੀ ਵਲੋਂ ਹੜ੍ਹ ਕਾਰਨ ਪ੍ਰਭਾਵਿਤ ਜ਼ਮੀਨਾਂ 'ਤੇ ਚੜ੍ਹੀ ਮਿੱਟੀ ਨੂੰ ਟਰੈਕਟਰ ਕਰਾਹਾਂ ਨਾਲ ਹਟਾ ਕੇ ਪੱਧਰਾ ਕੀਤਾ ਜਾਵੇਗਾ, ਤਾਂ ਜੋ ਉਹ ਮੁੜ ਫ਼ਸਲਾਂ ਬੀਜਣ ਯੋਗ ਬਣ ਸਕਣ | ਇਸ ਤੋਂ ਬਾਅਦ ਉੱਥੇ ਕਣਕ ਅਤੇ ਹੋਰ ਫ਼ਸਲਾਂ ਦੀ ਬਿਜਾਈ ਕੀਤੀ ਜਾਵੇਗੀ | ਫ਼ਸਲਾਂ ਬੀਜਣ ਦਾ ਕੰਮ ਪੂਰਾ ਹੋਣ ਉਪਰੰਤ ਹੀ ਇਹ ਟਰੈਕਟਰ-ਕਰਾਹ ਕਾਫ਼ਲਾ ਵਾਪਸ ਪਿੰਡਾਂ ਨੂੰ ਮੁੜੇਗਾ | ਭਾਕਿਯੂ ਸਿੱਧੂਪੁਰ ਦੇ ਬਲਾਕ ਪ੍ਰਧਾਨ ਜਸਪਾਲ ਸਿੰਘ ਸਹਿਜੜਾ ਨੇ ਕਿਹਾ ਕਿ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਗਤੀਸ਼ੀਲ ਅਗਵਾਈ ਹੇਠ ਜਥੇਬੰਦੀ ਵਲੋਂ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਜਿੱਥੇ ਸਰਕਾਰਾਂ ਨੂੰ ਕਿਸਾਨਾਂ ਤੇ ਮਜ਼ਦੂਰਾਂ ਦੇ ਨੁਕਸਾਨ ਦੀ ਪੂਰਤੀ ਲਈ ਅੱਗੇ ਆਉਣਾ ਚਾਹੀਦਾ ਸੀ, ਉੱਥੇ ਫ਼ਿਲਮੀ ਕਲਾਕਾਰ, ਗਾਇਕ, ਗੀਤਕਾਰ, ਸਮਾਜ ਸੇਵੀ ਤੇ ਕਿਸਾਨ ਜਥੇਬੰਦੀਆਂ ਹੀ ਲੋਕਾਂ ਦੀ ਬਾਂਹ ਫੜ ਰਹੀਆਂ ਹਨ | ਸੂਬਾ ਸਰਕਾਰ ਦੇ ਵਜ਼ੀਰ, ਵਿਧਾਇਕ, ਆਗੂ ਤਾਂ ਸਿਰਫ਼ ਫੋਕੀ ਬਿਆਨਬਾਜ਼ੀ ਤੱਕ ਹੀ ਸੀਮਤ ਹਨ | ਇਸ ਮੌਕੇ ਕਲੱਬ ਪ੍ਰਧਾਨ ਨਿਰਭੈ ਸਿੰਘ ਪੰਡੋਰੀ, ਸਤਨਾਮ ਸਿੰਘ ਕੁਤਬਾ, ਨਿਰਮਲ ਸਿੰਘ, ਬਲਵਿੰਦਰ ਸਿੰਘ ਕੁਤਬਾ, ਸੁਰਿੰਦਰ ਸਿੰਘ, ਕਾਲਾ ਸਿੰਘ ਬਾਠ, ਚਿੱਤਬੀਰ ਸਿੰਘ ਬਾਠ, ਕੁਲਵਿੰਦਰ ਸਿੰਘ ਪੰਡੋਰੀ, ਹਰਵਿੰਦਰ ਸਿੰਘ ਜੌਹਲ, ਨਾਇਬ ਸਿੰਘ ਪੰਡੋਰੀ, ਹਾਕਮ ਸਿੰਘ ਜੌਹਲ, ਦਰਸ਼ਨ ਸਿੰਘ, ਰਜਿੰਦਰ ਸਿੰਘ ਪੰਡੋਰੀ, ਨੇਕ ਦਰਸ਼ਨ ਸਿੰਘ, ਸੁਖਵਿੰਦਰ ਸਿੰਘ ਖਿਆਲੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਜੇਲ੍ਹ 'ਚੋਂ ਹਵਾਲਾਤੀ ਕੋਲੋਂ ਮੋਬਾਈਲ ਫ਼ੋਨ ਬਰਾਮਦ ਅਗਲੀ ਖ਼ਬਰ ਪਰਾਲੀ ਨੂੰ ਅੱਗ ਨਾ ਲਾਉਣ ਸੰਬੰਧੀ ਜਾਗਰੂਕ ਕਰਨ ਲਈ ਵੈਨਾਂ ਡਿਪਟੀ ਕਮਿਸ਼ਨਰ ਨੇ ਕੀਤੀਆਂ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।